ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਲਗਾਤਾਰ ਹੋ ਰਹੀ ਦੇਰੀ ‘ਤੇ ਆਪਣੀ ਪ੍ਰਕਿਰਿਆ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਸਾਰੇ 46 ਵਾਰਡਾਂ ਦੀਆਂ ਆਮ ਚੋਣਾਂ ਮੁੱੜ੍ਹ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਸਿਆ ਕਿ ਦਿੱਲੀ ਗੁਰੂਦੁਆਰਾ ਕਮੇਟੀ ਦੀਆਂ ਬੀਤੇ ਅਗਸਤ 2021 ‘ਚ ਹੋਈਆਂ ਆਮ ਚੋਣਾਂ ‘ਚ ਤਕਰੀਬਨ 37 ਫੀਸਦੀ ਸਿੱਖ ਵੋਟਰਾਂ ਨੇ ਸ਼ਿਰਕਤ ਕੀਤੀ ਸੀ ਜਿਸ ‘ਚ 1 ਜਨਵਰੀ 2021 ਨੂੰ 18 ਸਾਲ ਦੀ ਉਮਰ ਪ੍ਰਾਪਤ ਕਰ ਚੁੱਕੇ ਵੋਟਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪਰੰਤੂ ਸਾਲ 2021 ਦੇ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਕਮੇਟੀ ਦੇ ਜਨਰਲ ਹਾਉਸ ਦਾ ਗਠਨ ਨਹੀ ਹੋ ਸਕਿਆ ਹੈ, ਇਥੋਂ ਤੱਕ ਕਿ ਨਵੇ ਚੁਣੇ ਮੈਂਬਰਾਂ ਨੂੰ ਹੁੱਣ ਤੱਕ ਸੰਹੁ ਵੀ ਨਹੀ ਚੁਕਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦਕਿ ਕਮੇਟੀ ਦੇ ਜਨਰਲ ਹਾਉਸ ਦਾ ਗਠਨ ਹੁਣ ਸਾਲ 2022 ‘ਚ ਹੋਣਾਂ ਹੈ ਇਸ ਲਈ ਇਸ ਨਵੇਂ ਜਨਰਲ ਹਾਉਸ ਦੇ ਮੈਂਬਰਾਂ ਨੂੰ ਚੁੱਣਨ ਲਈ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪ੍ਰਾਪਤ ਕਰ ਚੁੱਕੇ ਨੋਜਵਾਨਾਂ ਨੂੰ ਵੀ ਹਿੱਸਾ ਲੈਣ ਦੀ ਇਜਾਜਤ ਹੋਣੀ ਚਾਹੀਦੀ ਹੈ । ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਸ ਲਈ ਦਿੱਲੀ ਗੁਰਦੁਆਰਾ ਕਮੇਟੀ ਦੀ ਆਮ ਚੋਣਾਂ ਮੁੱੜ੍ਹ ਤੋਂ ਹੋਣੀਆਂ ਲਾਜਮੀ ਹਨ, ਜਿਸ ‘ਚ ਹਰ ਉਮੀਦਵਾਰ ਵਲੋਂ ਨਾਮਜਦਗੀ ਦਾਖਿਲ ਕਰਨ ਤੋਂ ਪਹਿਲਾਂ ਉਸ ਦਾ ਗੁਰਮੁਖੀ ਭਾਸ਼ਾ ਦਾ ਟੈਸਟ ਲਿਆ ਜਾਵੇ ‘ਤੇ ਕੇਵਲ ਉਸ ਟੈਸਟ ‘ਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਨਾਮਜਦਗੀ ਪੱਤਰ ਦਾਖਿਲ ਕਰਨ ਦੀ ਇਜਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਮੋਜੂਦਾ ਦਰਜਨਾਂ ਲੰਬਿਤ ਚੋਣ ਪਟੀਸ਼ਨਾਂ ਤੋਂ ਨਿਜਾਤ ਮਿਲ ਸਕਦੀ ਹੈ।
ਸ. ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਬੀਤੇ 5 ਮਹੀਨੇ ਤੋਂ ਸਰਕਾਰ ਵਲੋਂ ਦਿੱਲੀ ਕਮੇਟੀ ਦੀ ਕੋ-ਆਪਸ਼ਨ ਪ੍ਰਕਿਰਿਆਂ ਪੂਰੀ ਨਹੀ ਕੀਤੀ ਜਾ ਰਹੀ ਹੈ ਕਿਉਂਕਿ ਸਿੰਘ ਸਭਾ ਗੁਰਦੁਆਰਿਆਂ ਦੇ ਪਹਿਲੇ ਪ੍ਰਧਾਨ ਦੀ ਨਾਮਜਦਗੀ ਦਾ ਵਿਵਾਦ ਦਿੱਲੀ ਹਾਈ ਕੋਰਟ ‘ਚ ਚੱਲ ਰਿਹਾ ਹੈ ਜਦਕਿ ਸਿੰਘ ਸਭਾ ਦੇ ਦੂਜੇ ਪ੍ਰਧਾਨ ਦੀ ਲਾਟਰੀ ਬੀਤੇ 5 ਜਨਵਰੀ 2022 ਨੂੰ ਕੱਢਣ ਤੋਂ ਉਪਰੰਤ ਮੁੱੜ੍ਹ ਵਿਵਾਦ ਹੋਣ ਕਾਰਨ ਹੁੱਣ ਤੱਕ ਸਰਕਾਰ ਵਲੋਂ ਇਸ ਸਬੰਧ ‘ਚ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸਿੰਘ ਸਭਾ ਪ੍ਰਧਾਨ ਦੀ ਨਵੀ ਲਾਟਰੀ ਕੱਢਣ ਲਈ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਮੁੱੜ੍ਹ ਕੋ-ਆਪਸ਼ਨ ਦੀ ਮੀਟਿੰਗ ਸੱਦੇ ਜਾਣ ਦੀ ਪੂਰੀ ਸੰਭਾਵਨਾ ਹੈ, ਜਿਸ ਨਾਲ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਨਿਕਟ ਭਵਿਖ ‘ਚ ਹੋਣ ਦੇ ਕੋਈ ਆਸਾਰ ਨਜਰ ਨਹੀ ਆਉਂਦੇ ਹਨ।