ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਪਕੜ ‘ਚ ਲਿਆ ਤਾਂ ਰੋਜ਼ਾਨਾ ਮੌਤਾਂ ਦੀਆਂ ਖਬਰਾਂ ਤ੍ਰਾਹ ਕੱਢੀ ਰੱਖਦੀਆਂ ਸਨ। ਇਉਂ ਪ੍ਰਤੀਤ ਹੁੰਦਾ ਸੀ ਕਿ ਆਖਰ ਇਹ ਮੌਤਾਂ ਦੀ ਖੇਡ ਰੁਕੇਗੀ ਕਦੋਂ? ਕੋਰੋਨਾ ਦੇ ਦੌਰ ਨੇ ਬਹੁਤ ਸਾਰੇ ਘਰ ਤਬਾਹ ਕੀਤੇ। ਦੇਸ਼ਾਂ ਦੀ ਆਰਥਿਕਤਾ ਡਾਵਾਂਡੋਲ ਕੀਤੀ, ਉੱਥੇ ਚਲਾਕ ਦਿਮਾਗ ਆਪਣੇ ਉਦਯੋਗਾਂ ਜਰੀਏ ਚੰਗੀ ਖਾਸੀ ਕਮਾਈ ਵੀ ਕਰ ਗਏ। ਉਹ ਦੇਸ਼ ਰੋਜ਼ਾਨਾ ਵਰਤੋਂ ਵਿੱਚ ਵਰਤੇ ਜਾਣ ਵਾਲੇ ਸਾਵਧਾਨੀ ਵਾਲੇ ਉਤਪਾਦਾਂ ਦਾ ਉਤਪਾਦਨ ਵਧਾ ਕੇ ਆਪਣੀ ਆਰਥਿਕਤਾ ਨੂੰ ਪੈਰਾਂ ਸਿਰ ਵੀ ਕਰ ਗਏ। ਕੋਰੋਨਾ ਨੇ ਸਕਾਟਲੈਂਡ ਵਿੱਚ ਆਪਣਾ ਕਹਿਰ ਬਰਕਰਾਰ ਰੱਖਿਆ ਤਾਂ ਪੰਜਾਬੀ ਭਾਈਚਾਰੇ ਦੀਆਂ ਕੁੱਝ ਅਨਮੋਲ ਸ਼ਖਸ਼ੀਅਤਾਂ ਵੀ ਸਾਥੋਂ ਸਦਾ ਲਈ ਗੁਆਚ ਗਈਆਂ। ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੂੰ ਇਸ ਕਦਰ ਖੋਰਾ ਲੱਗਿਆ ਕਿ ਸੈਲਾਨੀਆਂ ਦੀ ਆਮਦ ਵਿੱਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਜਿਸ ਦੇ ਸਿੱਟੇ ਵਜੋਂ ਹਵਾਈ ਅੱਡਿਆਂ ‘ਤੇ ਹਜ਼ਾਰਾਂ ਨੌਕਰੀਆਂ ਖਤਮ ਹੋ ਗਈਆਂ। ਹੁਣ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ ਪਾਬੰਦੀਆਂ ਨੂੰ ਇੱਕ ਇੱਕ ਕਰਕੇ ਹਟਾਏ ਜਾਣ ਦਾ ਅਮਲ ਸ਼ੁਰੂ ਹੋ ਗਿਆ ਹੈ। ਜਿਸ ਤਹਿਤ 17 ਜਨਵਰੀ ਤੋਂ ਖੁੱਲ੍ਹੇ ਮੈਦਾਨਾਂ ‘ਚ ਹੁੰਦੇ ਵੱਡੇ ਸਮਾਗਮਾਂ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਐਲਾਨ ਅਨੁਸਾਰ 24 ਜਨਵਰੀ ਨੂੰ ਇਨਡੋਰ ਸਮਾਗਮਾਂ ਵਿੱਚੋਂ ਟੇਬਲ ਸਰਵਿਸ ਦੀ ਪਾਬੰਦੀ ਵੀ ਹਟਾ ਦਿੱਤੀ ਜਾਵੇਗੀ ਅਤੇ ਨਾਈਟ ਕਲੱਬ ਵੀ ਮੁੜ ਖੁੱਲ੍ਹ ਜਾਣਗੇ। ਜਿਕਰਯੋਗ ਹੈ ਕਿ ਓਮੀਕਰੋਨ ਵੇਰੀਐਂਟ ਦੀ ਦਹਿਸ਼ਤ ਤੋਂ ਬਾਅਦ 26 ਦਸੰਬਰ ਨੂੰ ਇਨਡੋਰ ਸਮਾਗਮਾਂ ‘ਚ ਖੜ੍ਹਨ ਵਾਲਿਆਂ ਲਈ 100 ਅਤੇ ਬੈਠਣ ਵਾਲਿਆਂ ਲਈ 200 ਦੀ ਸੀਮਾਂ ਮਿਥੀ ਗਈ ਸੀ। ਇਸੇ ਤਰ੍ਹਾਂ ਆਊਟਡੋਰ ਲਈ 500 ਵਿਅਕਤੀਆਂ ਦੇ ਇਕੱਠ ਦੀ ਸੀਮਾਂ ਸੀ। ਹੁਣ 17 ਜਨਵਰੀ ਤੋਂ ਇਹ ਪਾਬੰਦੀਆਂ ਹਟ ਚੁੱਕੀਆਂ ਹਨ। ਹਾਲ ਦੀ ਘੜੀ ਸਕਾਟਲੈਂਡ ਸਰਕਾਰ ਵੱਲੋਂ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਪਾਬੰਦੀਆਂ ਵਿੱਚ ਕੁੱਝ ਨਿਰਮਾਈ ਵੀ ਕੀਤੀ ਗਈ ਹੈ।
ਜਿਸ ਦੇ ਚਲਦਿਆਂ ਲੋਕਾਂ ਨੂੰ ਘਰਾਂ ਵਿੱਚ 3 ਪਰਿਵਾਰਾਂ ਤੋਂ ਵਧੇਰੇ ਇਕੱਠੇ ਨਾਂ ਹੋਣ ਦੀ ਸਲਾਹ ਦਿੱਤੀ ਗਈ ਹੈ। ਕਾਰੋਬਾਰਾਂ ਨੂੰ ਕਾਨੂੰਨੀ ਤੌਰ ‘ਤੇ ਹਦਾਇਤ ਹੈ ਕਿ ਉਹ ਸਰੀਰਕ ਦੂਰੀ ਅਤੇ ਸਕਰੀਨਾਂ ਵਗੈਰਾ ਵਰਤਣ ਨੂੰ ਯਕੀਨੀ ਬਨਾਉਣ। ਵਰਕ ਫਰੌਮ ਹੋਮ ਸੰਬੰਧੀ ਕਾਰੋਬਾਰੀ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ਤੋਂ ਹੀ ਕੰਮ ਕਰਵਾਉਣ ਨੂੰ ਪਹਿਲ ਦੇਣ। ਜੇਕਰ ਹਾਲਾਤ ਬਦਲਦੇ ਹਨ ਤਾਂ ਨਵੇਂ ਨਿਯਮ 1 ਫਰਵਰੀ ਤੋਂ ਸ਼ੁਰੂ ਹੋਣਗੇ। ਬਾਲਗਾਂ, 12 ਸਾਲ ਜਾਂ ਵੱਧ ਉਮਰ ਦੇ ਬੱਚਿਆਂ ਲਈ ਇਨਡੋਰ, ਦੁਕਾਨਾਂ, ਰੈਸਟੋਰੈਂਟ ਜਾਂ ਜਨਤਕ ਸਫਰ ਵੇਲੇ ਮਾਸਕ ਪਹਿਨਣਾ ਜਰੂਰੀ ਰਹੇਗਾ। ਰੀਟੇਲ ਤੇ ਹੋਰ ਸੈਕਟਰਾਂ ਵਿੱਚ ਗਾਹਕਾਂ ਦੀ ਭੀੜ ਤੋਂ ਬਚਣ ਅਤੇ ਸਰੀਰਕ ਦੂਰੀ ਦੇ ਨਿਯਮ ਲਾਗੂ ਰਹਿਣਗੇ। ਨਾਲ ਹੀ ਹਸਪਤਾਲਾਂ, ਡਾਕਟਰਾਂ ਦੀਆਂ ਸਰਜਰੀਆਂ ਅਤੇ ਡੈਂਟਿਸਟ ਸਰਜਰੀਆਂ ਵਿੱਚ 2 ਮੀਟਰ ਦੂਰੀ ਦਾ ਨਿਯਮ ਲਾਗੂ ਰਹੇਗਾ। ਨਿਕੋਲਾ ਸਟਰਜਨ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਖੁੱਲ੍ਹੇ ਰੱਖਣਾ ਉਹਨਾਂ ਦੀ ਪਹਿਲ ਹੈ, ਜਿਸ ਕਰਕੇ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ 1ਮੀਟਰ ਦੂਰੀ ਅਤੇ ਮਾਸਕ ਸੰਬੰਧੀ ਨਿਯਮਾਂ ਦੀ ਪਾਲਣਾ ਕਰਦੇ ਰਹਿਣਗੇ।