ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰਜਾਬੀ ਕਵੀ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣ ਗਏ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਤੇ ਅਹੁਦੇਦਾਰਾਂ ਦੀਆਂ ਦੋ-ਸਾਲਾ (2022-2024) ਚੋਣ 30 ਜਨਵਰੀ, 2022 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਹੋਣ ਵਾਲੀ ਚੋਣ ਲਈ 25 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਸੀਨੀਅਰ ਮੀਤ ਪ੍ਰਧਾਨ ਦੇ ਇੱਕ ਅਹੁਦੇ ਲਈ ਡਾ. ਸੁਰਜੀਤ ਸਿੰਘ ਅਤੇ ਡਾ. ਸ਼ਿਆਮ ਸੁੰਦਰ ਦੀਪਤੀ, ਪੰਜ ਮੀਤ ਪ੍ਰਧਾਨਾਂ ਵਿਚੋਂ ਪੰਜਾਬੋਂ ਬਾਹਰ ਦੇ ਇਕੱਲੇ ਉਮੀਦਵਾਰ ਹੋਣ ਕਰਕੇ ਡਾ. ਹਰਵਿੰਦਰ ਸਿੰਘ ਸਿਰਸਾ ਬਿਨ੍ਹਾਂ ਮੁਕਾਬਲਾ ਮੀਤ ਪ੍ਰਧਾਨ ਬਣ ਗਏ ਹਨ। ਡਾ. ਗੁਰਮੀਤ ਕੱਲਰਮਾਜਰੀ, ਸ੍ਰੀ ਸੁਖਦਰਸ਼ਨ ਗਰਗ, ਸ੍ਰੀ ਭਗਵੰਤ ਰਸੂਲਪੁਰੀ, ਸ. ਸਹਿਜਪ੍ਰੀਤ ਸਿੰਘ ਮਾਂਗਟ, ਸ੍ਰੀ ਤ੍ਰੈਲੋਚਨ ਲੋਚੀ, ਸ੍ਰੀਮਤੀ ਸਿਮਰਤ ਸੁਮੈਰਾ, ਡਾ. ਭਗਵੰਤ ਸਿੰਘ ਸੱਤ ਮੈਂਬਰਾਂ ਵਿਚੋਂ ਚਾਰ ਮੀਤ ਪ੍ਰਧਾਨ ਚੁਣੇ ਜਾਣੇ ਹਨ। ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਰਇਕਬਾਲ ਸਿੰਘ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੇ ਨਾਮ ਸ਼ਾਮਲ ਹਨ। ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਚੁਣੇ ਜਾਣੇ ਹਨ ਜਿਨ੍ਹਾਂ ਵਿਚ ਦੋ ਇਸਤਰੀ ਮੈਂਬਰਾਂ ਵਿਚ ਸ੍ਰੀਮਤੀ ਇੰਦਰਾ ਵਿਰਕ ਅਤੇ ਸ੍ਰੀਮਤੀ ਪਰਮਜੀਤ ਕੌਰ ਮਹਿਕ ਬਿਨ੍ਹਾਂ ਮੁਕਾਬਲਾ ਜੇਤੂ ਹਨ। ਇੱਕ ਮੈਂਬਰ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਸ. ਬਲਜੀਤ ਸਿੰਘ ਰੈਣਾਂ ਅਤੇ ਬਾਕੀ ਭਾਰਤ ਵਿਚੋਂ ਸ੍ਰੀ ਅਸ਼ੋਕ ਵਸ਼ਿਸ਼ਠ ਬਿਨ੍ਹਾਂ ਮੁਕਾਬਲਾ ਜੇਤੂ ਹਨ, ਜਦ ਕਿ ਗਿਆਰਾਂ ਮੈਂਬਰ ਹੋਰ ਚੁਣੇ ਜਾਣੇ ਹਨ ਜਿਨ੍ਹਾਂ ਵਿਚ ਸ੍ਰੀ ਹਰਦੀਪ ਢਿੱਲੋਂ, ਸ੍ਰੀ ਜਸਵੀਰ ਝੱਜ, ਸ. ਕਰਮ ਸਿੰਘ ਜ਼ਖ਼ਮੀ, ਸ੍ਰੀ ਹਰਬੰਸ ਮਾਲਵਾ, ਸ. ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਸ੍ਰੀ ਕੇ. ਸਾਧੂ ਸਿੰਘ, ਸ. ਰੋਜ਼ੀ ਸਿੰਘ, ਸ. ਬਲਵਿੰਦਰ ਸਿੰਘ, ਸ. ਗੁਰਸੇਵਕ ਸਿੰਘ ਢਿੱਲੋਂ, ਸ. ਬਲਦੇਵ ਸਿੰਘ ਝੱਜ ਅਤੇ ਸ. ਪਰਮਜੀਤ ਸਿੰਘ ਮਾਨ ਸਮੇਤ ਬਾਰਾਂ ਮੈਂਬਰ ਚੋਣ ਮੈਦਾਨ ਵਿਚ ਹਨ। ਸਮਾਂ ਸੀਮਾ ਤੋਂ ਬਾਅਦ ਕੋਈ ਉਮੀਦਵਾਰ ਆਪਣਾ ਨਾਮ ਵਾਪਿਸ ਨਹੀਂ ਲੈ ਸਕੇਗਾ ਅਤੇ ਸਭ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਵਿਚੋਂ ਗੁਜ਼ਰਨਾ ਪਵੇਗਾ ਅਤੇ ਇਸ ਤੋਂ ਬਾਅਦ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕੇਗਾ।
ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਹੀ ਚੋਣ ਕਰਵਾਈ ਜਾਵੇਗੀ। ਉਨ੍ਹਾਂ ਅਕਾਡਮੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਵਾਲੇ ਦਿਨ ਵੈਕਸੀਨੇਸ਼ਨ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਇਸ ਸਮੇਂ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸੈਨੇਟਾਈਜ਼ਰ ਵਰਤਣਾ ਲਾਜ਼ਮੀ ਹੋਵੇਗਾ। ਉਮੀਦ ਕਰਦੇ ਹਾਂ ਕਿ ਚੋਣ ਵਾਲੇ ਦਿਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਮੈਂਬਰ ਕੋਵਿਡ ਨਿਯਮਾਂ ਦੀ ਪਾਲਣਾ ਕਰਕੇ ਪੂਰਨ ਸਹਿਯੋਗ ਦੇਣਗੇ। ਚੋਣ ਗੁਪਤ ਵੋਟਾਂ ਰਾਹੀਂ ਐਤਵਾਰ 30 ਜਨਵਰੀ, 2022 ਨੂੰ ਸਵੇਰੇ 08 ਵਜੇ ਤੋਂ ਬਾਅਦ ਦੁਪਹਿਰ 04 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ।