ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਅਪਰਾਧਿਕ ਗਰੋਹਾਂ ਦੇ ਮੈਂਬਰ ਜੇਲ੍ਹ ਵਿੱਚ ਆਈਫੋਨ ਦੀ ਤਸਕਰੀ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ 3,000 ਪੌਂਡ ਤੱਕ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਰਕਮ ਸਟਾਫ ਦੀ ਲਗਭਗ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਹੈ ਅਤੇ ਕੁੱਝ ਸੈਕਿੰਡ-ਹੈਂਡ ਡਿਵਾਈਸਾਂ ਦੀ ਕੀਮਤ ਦਾ 30 ਗੁਣਾ ਹੈ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਦਰ ਇੱਕ ਅਧਿਕਾਰੀ ਦੀ ਮੁੱਢਲੀ ਤਨਖਾਹ ਪ੍ਰਤੀ ਸਾਲ ਲਗਭਗ 22,000 ਪੌਂਡ ਹੈ। ਇਸ ਸਬੰਧੀ ਗੈਂਗਸਟਰਾਂ ਦਾ ਸੋਚਣਾ ਹੈ ਕਿ ਇਹ ਕੀਮਤ ਜੇਲ੍ਹ ਸਟਾਫ ਨੂੰ ਜੋਖਮ ਲੈਣ ਲਈ ਵਧੇਰੇ ਕਮਜ਼ੋਰ ਬਣਾ ਦੇਵੇਗੀ। ਇਹ ਖੁਲਾਸਾ ਜੇਲ੍ਹਾਂ ਵਿੱਚੋਂ ਦਰਜਨਾਂ ਆਈਫੋਨ ਬਰਾਮਦ ਕੀਤੇ ਜਾਣ ਤੋਂ ਬਾਅਦ ਹੋਇਆ ਹੈ। ਜਿਸ ਵਿੱਚ ਬਹੁਤ ਸਾਰੇ ਕੈਦੀ ਸ਼ਾਮਲ ਹਨ। ਜੇਲ੍ਹ ਸਟਾਫ ਅਨੁਸਾਰ ਮੌਜੂਦਾ ਸਮੇਂ ਵਧ ਰਹੀਆਂ ਕੀਮਤਾਂ ਕੁੱਝ ਸਟਾਫ ਮੈਂਬਰਾਂ ਨੂੰ ਇਸ ਜੋਖਮ ਨੂੰ ਲੈਣ ਲਈ ਮਜ਼ਬੂਰ ਕਰਨਗੀਆਂ। ਕੋਵਿਡ ਮਹਾਂਮਾਰੀ ਦੌਰਾਨ ਸਕਾਟਲੈਂਡ ਵਿੱਚ ਕੈਦੀਆਂ ਤੋਂ ਲਗਭਗ 2000 ਮੋਬਾਈਲ ਫੋਨ ਜ਼ਬਤ ਕੀਤੇ ਗਏ ਸਨ ਅਤੇ ਲਗਭਗ 7600 ਟੈਂਪਰ-ਪਰੂਫ ਫੋਨ ਕੈਦੀਆਂ ਨੂੰ ਮੁਲਾਕਾਤਾਂ ਦੀ ਥਾਂ ਲੈਣ ਲਈ ਦਿੱਤੇ ਗਏ ਸਨ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਕੜੇ ਦੱਸਦੇ ਹਨ ਕਿ ਮਈ 2020 ਤੋਂ ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ 1899 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਜਿਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਬਿਨਾਂ ਫੋਨ ਜੇਲ੍ਹਾਂ ਅੰਦਰ ਹਰਗਿਜ ਨਹੀਂ ਜਾ ਸਕਦੇ। ਇਹ ਵੀ ਸਪੱਸ਼ਟ ਹੈ ਕਿ ਅਜਿਹੇ ਮੱਕੜਜਾਲ ਵਿੱਚ ਫਸੇ ਕਰਮਚਾਰੀ ਰਿਸ਼ਵਤ ਲੈ ਕੇ ਹੀ ਅਜਿਹੇ ਕਾਰੇ ਨੂੰ ਅੰਜਾਮ ਦਿੰਦੇ ਹੋਣਗੇ।
ਸਕਾਟਲੈਂਡ : ਜੇਲ੍ਹਾਂ ‘ਚ ਫੋਨਾਂ ਦੀ ਤਸਕਰੀ ਲਈ ਜੇਲ੍ਹ ਸਟਾਫ ਨੂੰ ਹੋ ਰਹੀ ਹੈ ਰਿਸ਼ਵਤ ਦੀ ਪੇਸ਼ਕਸ਼
This entry was posted in ਅੰਤਰਰਾਸ਼ਟਰੀ.