ਕਿਸ ਉੱਤੇ ਵਿਸ਼ਵਾਸ ਧਰੇ।
ਵਿੱਚ ਮੁਸੀਬਤ ਹੋਣ ਪਰੇ।
ਖੋਟੇ ਨਿਕਲਣ ਦਿੱਸਦੇ ਖਰੇ।
ਰੱਬ ਹੀ ਦੇਵੇ ਆਣ ਘਰੇ।
ਨਿਤਾਣਿਆਂ ਤਾਈਂ ਤਾਣ।
ਵੈਣ ਅਜਾਈਂ ਜਾਣ।
ਜਿਹੜੇ ਖਿੱਸੇ ਮਾਇਆ ਛਣਕੇ।
ਚੋਰਾਂ ਦੇ ਕੰਨੀਂ ਛਣਕੇ।
ਭੈੜੇ ਖੋਹੰਦੇ ਸਾਧੂ ਬਣਕੇ।
ਤੋੜਨ ਮਾਲ਼ਾ, ਰੋੜ੍ਹਨ ਮਣਕੇ।
ਰੋਂਦਿਆਂ ਤਾਈਂ ਰੁਆਣ।
ਵੈਣ ਅਜਾਈਂ ਜਾਣ।
ਦੁੱਖਾਂ ਨਾਲ਼ ਆਪੂੰ ਲੜ।
ਆਪੇ ਕੋਈ ਘਾੜਤ ਘੜ।
ਬਾਣੀ ਬੋਲ, ਸੁਣ, ਪੜ੍ਹ।
ਇੱਕ ਸਹਾਰਾ ਉਸਦਾ ਫੜ।
ਆਪੇ ਲਾਈਂ ਤਾਣ।
ਵੈਣ ਅਜਾਈਂ ਜਾਣ।
ਕੋਈ ਵਿਰਲੇ ਮੱਲ੍ਹਮ ਲਾਉਂਦੇ।
ਲੋਕੀਂ ਦੁਖਦੀ ਥਾਂ ਦੁਖਾਉਂਦੇ।
ਦੁਖੀਆ ਰੋਵੇ ਭੈੜੇ ਗਾਉਂਦੇ।
ਵੇਖ ਹਸਦੇ ਦਰਦ ਪੁਚਾਉਂਦੇ।
ਨ’ ਤਰਸ ਕਦਾਈਂ ਖਾਣ।
ਵੈਣ ਅਜਾਈਂ ਜਾਣ।
ਦੁੱਖਾਂ ਦਾ ਹਿਸਾਬ ਨਹੀਂ।
ਕਿਸੇ ਕੋਲ਼ ਜੁਆਬ ਨਹੀਂ।
ਅੱਥਰੂਆਂ ਦਾ ਲਾਭ ਨਹੀਂ।
ਪ੍ਰਭੂ-ਦੁਆ ਖਰਾਬ ਨਹੀਂ।
ਅਪਣਾ ਸਾਂਈਂ ਪਛਾਣ।
ਵੈਣ ਅਜਾਈਂ ਜਾਣ।
ਹਸਦੇ ਮੁਖੜੇ ਚੰਗੇ ਲੱਗਦੇ।
ਬੁਲ੍ਹੀਆਂ ਤੇ ਸੰਗੀਤ ਫੱਬਦੇ।
ਹਸਦਿਆਂ ਸੰਗੀ ਸਾਥੀ ਲੱਭਦੇ।
ਧੰਨਵਾਦ ਹੀ ਕਰੀਏ ਸਭਦੇ।
ਰੱਬਾ ਬਚਾਈਂ ਮਾਣ।
ਵੈਣ ਅਜਾਈਂ ਜਾਣ।