ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਐਤਵਾਰ ਨੂੰ ਤਿਲਕ ਨਗਰ ਇਲਾਕੇ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਬਲਾਤਕਾਰ ਦਾ ਸ਼ਿਕਾਰ ਹੋਈ ਬਜੁਰਗ ਸਿੱਖ ਔਰਤ ਲਈ ਹਮਦਰਦੀ ਨਾ ਪ੍ਰਗਟਾਉਣ ’ਤੇ ਤਿੱਖੀ ਆਲੋਚਨਾ ਕੀਤੀ ਹੈ। ਪੀੜ੍ਹਤ ਬਜੁਰਗ ਮਹਿਲਾ (65 ਸਾਲ) ਆਪਣੀ ਧੀ ਨਾਲ ਰਹਿੰਦੀ ਹੈ ਜੋ ਘਟਨਾ ਦੇ ਸਮੇਂ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਰਿਸ਼ਤੇਦਾਰਾਂ ਅਨੁਸਾਰ ਜਦੋਂ ਧੀ ਘਰ ਵਾਪਸ ਆਈ ਤਾਂ ਪੀੜਤਾ ਦੇ ਕੱਪੜੇ ਫਟੇ ਹੋਏ ਸਨ ਅਤੇ ਪੀੜਤਾ ਖੂਨ ਨਾਲ ਲੱਥਪੱਥ ਸਨ। ਪੁਲਿਸ ਨੇ ਔਰਤ ਦੀ ਬੇਟੀ ਨੂੰ ਬਲਾਤਕਾਰ ਦੀ ਬਜਾਏ ਚੋਰੀ ਦਾ ਮਾਮਲਾ ਦਰਜ ਕਰਨ ਲਈ ਕਿਹਾ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਕਾਰਵਾਈ ਵਿੱਚ ਦੇਰੀ ਕੀਤੀ ਅਤੇ 60 ਘੰਟੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਬਲਾਤਕਾਰ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਹਲਕੇ ਦੇ ਨਗਰ ਕੌਂਸਲਰ, ਵਿਧਾਇਕ, ਮੁੱਖ ਮੰਤਰੀ ਆਮ ਆਦਮੀ ਪਾਰਟੀ ਤੋਂ ਹਨ ਅਤੇ ਇਹ ਲੋਕ ਆਮ ਆਦਮੀ ਦੇ ਹਿਤੈਸ਼ੀ ਹੋਣ ਦਾ ਦਾਅਵਾ ਤਾਂ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਔਰਤਾਂ ਵਿਰੁੱਧ ਅਜਿਹਿਆਂ ਘਟਨਾਵਾਂ ਪ੍ਰਤੀ ਅਸੰਵੇਦਨਸ਼ੀਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਕੇਜਰੀਵਾਲ ਕਿੰਨੇ ਗੰਭੀਰ ਹਨ।
ਸ. ਕਾਲਕਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਅਤੇ ਉਹ ਇਸ ਮਾਮਲੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ ਹਨ ਜਦੋਂ ਕਿ ਇਸ ਮਾਮਲੇ ਪ੍ਰਤੀ ਸੰਵੇਦਨਸ਼ੀਲ ਹੋਣਾ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕੇਜਰੀਵਾਲ ਆਮ ਜਨਤਾ ਨੂੰ ਮੂਰਖ ਬਣਾ ਕੇ ਪੰਜਾਬ ਚੋਣਾਂ ਵਿੱਚ ਆਪਣਾ ਦਿੱਲੀ ਮਾਡਲ ਵੇਚ ਰਿਹਾ ਹੈ ਕਿ ਦਿੱਲੀ ਵਿੱਚ ਔਰਤਾਂ ਸੁਰੱਖਿਅਤ ਹਨ ਅਤੇ ਤਰੱਕੀ ਕਰ ਰਹੀਆਂ ਹਨ ਜਦਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਹੁਣ ਤਕ ਨਾ ਤਾਂ ਪਰਿਵਾਰ ਕੋਲ ਗਏ ਹਨ ਅਤੇ ਨਾ ਹੀ ਸੰਵੇਦਨਾ ਦਾ ਇੱਕ ਸ਼ਬਦ ਬੋਲਿਆ ਹੈ।
70 ਘੰਟੇ ਬੀਤ ਜਾਣ ਮਗਰੋਂ ਵੀ ਇਸ ਮੁੱਦੇ ’ਤੇ ਕੋਈ ਹਮਦਰਦੀ ਨਹੀਂ ਪ੍ਰਗਟਾਈ ਗਈ। ਉਸ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫਰਜ਼ੀ ਹੈ।
ਸ. ਕਾਹਲੋਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਦਿੱਲੀ ਵਿੱਚ ਸਿੱਖ ਬੀਬੀਆਂ ਨਾਲ ਅਜਿਹੀ ਘਟਨਾ ਵਾਪਰੀ ਹੈ, ਪਿੱਛੇ ਜਿਹੇ ਇੱਕ ਹੋਰ ਸਿੱਖ ਔਰਤ ਨਾਲ ਦਿੱਲੀ ਦੇ ਕਸਤੂਰਬਾ ਨਗਰ ਦੀ ਸੜਕ ’ਤੇ ਜਬਰ ਜਨਾਹ, ਤਸ਼ੱਦਦ ਤੇ ਦਿੱਲੀ ਦੀਆਂ ਗਲੀਆਂ ’ਚ ਪਰੇਡ ਕੀਤੀ ਗਈ ਸੀ ਤੇ ਕੇਜਰੀਵਾਲ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਪਰਿਵਾਰ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ। ਕਸਤੂਰਬਾ ਨਗਰ ਬਲਾਤਕਾਰ ਕਾਂਡ ਵਿੱਚ ਐਫਆਈਆਰ ਦਰਜ ਕਰਵਾਉਣ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਿੱਖ ਜਥੇਬੰਦੀਆਂ ਨੂੰ ਆਪਣੇ ਪੱਧਰ ’ਤੇ ਸੰਘਰਸ਼ ਕਰਨਾ ਪਿਆ। ਕਾਹਲੋਂ ਨੇ ਅੱਗੇ ਕਿਹਾ ਕਿ ਸਿੱਖਾਂ ਨੂੰ ਕੇਜਰੀਵਾਲ ਤੋਂ ਕੋਈ ਇਨਾਸਫ਼ ਦੀ ਕੋਈ ਆਸ ਨਹੀਂ।