ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਬਜ਼ੀਆਂ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ: ਪਰਮਜੀਤ ਸਿੰਘ ਬਰਾੜ ਨੇ ਪੰਜਾਬ ਦੇ ਸਬਜ਼ੀ ਉਤਪਾਦਕ ਕਿਸਾਨ ਭਰਾਵਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਅਤੇ ਕੋਰੇ ਤੋਂ ਬਚਾਅ ਕੇ ਰੱਖਣ। ਮੌਸਮ ਖੁੱਲਣ ਤੇ ਇਹ ਪਨੀਰੀਆਂ ਖੇਤ ਵਿੱਚ ਲਗਾਈਆਂ ਜਾਣ। ਡਾ: ਬਰਾੜ ਨੇ ਦੱਸਿਆ ਕਿ ਲੋਅ ਟਨਲ ਤਕਨਾਲੋਜੀ ਨਾਲ ਲਾਈਆਂ ਮਿਰਚਾਂ ਨੂੰ ਕੋਰੇ ਤੇ ਠੰਢ ਤੋਂ ਸੁਰੱਖਿਅਤ ਰੱਖਿਆ ਜਾਵੇ। ਇਨ੍ਹਾਂ ਮਿਰਚਾਂ ਨੂੰ ਲੋੜ ਮੁਤਾਬਕ ਪਤਲਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟਮਾਟਰਾਂ ਦੀ ਫ਼ਸਲ ਨੂੰ ਅਜੇ ਦਿਨਾਂ ਦੇ ਖੁੱਲਣ ਤੀਕ ਛੌਰੇ ਹੇਠ ਹੀ ਰੱਖੋ । ਇਨ੍ਹਾਂ ਨੂੰ ਕੋਰੇ ਦੀ ਮਾਰ ਤੋਂ ਬਚਾਉਣ ਲਈ ਹਲਕਾ ਪਾਣੀ ਦਿੰਦੇ ਰਹੋ।
ਡਾ: ਬਰਾੜ ਨੇ ਮਟਰਾਂ ਦੀ ਕਾਸ਼ਤਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਮਟਰਾਂ ਦੀ ਤੁੜਾਈ ਨਾਲੋਂ ਨਾਲ ਕਰਦੇ ਰਹਿਣ ਤਾਂ ਜੋ ਫ਼ਲੀਆਂ ਬੂਟਿਆਂ ਨਾਲ ਨਾ ਪੱਕਣ। ਇਸ ਨਾਲ ਮੰਡੀ ਵਿੱਚ ਘੱਟ ਮੁੱਲ ਮਿਲਦਾ ਹੈ।
ਸ਼ਿਮਲਾ ਮਿਰਚ ਅਤੇ ਮਿਰਚ ਦੀ ਪਨੀਰੀ ਨੂੰ ਠੰਢ ਤੇ ਕੋਰੇ ਤੋਂ ਬਚਾਓ-ਡਾ: ਬਰਾੜ
This entry was posted in ਖੇਤੀਬਾੜੀ.