ਮੱਧ ਕਾਲ ਦਾ ਸਮਾਂ ਭਾਰਤ ਵਰਸ਼ ਵਿੱਚ ਭਗਤੀ ਕਾਲ ਵਜੋਂ ਜਾਣਿਆਂ ਜਾਂਦਾ ਹੈ। ਇਸ ਕਾਲ ਵਿੱਚ ਪੈਦਾ ਹੋਏ ਸਿਰਮੌਰ ਭਗਤਾਂ ਵਿਚ, ਰਵਿਦਾਸ ਜੀ ਦਾ ਨਾਮ ਬੜੀ ਸ਼ਰਧਾ ਨਾਲ ਲਿਆ ਜਾਂਦਾ ਹੈ। ਇਹਨਾਂ ਦਾ ਜਨਮ, ਪਿਤਾ ਸ੍ਰੀ ਰਘੂ ਜੀ ਦੇ ਘਰ, ਮਾਤਾ ਧੁਰਬਿਨਿਆ ਜੀ ਦੀ ਕੁੱਖੋਂ, 1398 ਈਸਵੀ ਵਿੱਚ, ਬਨਾਰਸ (ਯੂ.ਪੀ.)ਵਿਖੇ ਹੋਇਆ- ਜਿਸ ਨੂੰ ਉਸ ਸਮੇਂ ਵਾਰਾਨਸੀ ਕਿਹਾ ਜਾਂਦਾ ਸੀ ਤੇ ਜੋ ਹਿੰਦੂਆਂ ਦੇ ਗੜ੍ਹ ਵਜੋਂ ਜਾਣਿਆਂ ਜਾਂਦਾ ਸੀ। ਮਨੂੰ ਸਿਮ੍ਰਤੀ ਅਨੁਸਾਰ, ਉਸ ਸਮੇਂ ਸਾਰਾ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ- ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਬ੍ਰਾਹਮਣ ਆਪਣੇ ਆਪ ਨੂੰ ਉੱਚ ਜਾਤੀ ਦੇ ਅਖਵਾਉਂਦੇ ਸਨ- ਤੇ ਸ਼ੂਦਰਾਂ ਨੂੰ ਨੀਚ ਜਾਤ ਕਰਕੇ ਜਾਣਿਆਂ ਜਾਂਦਾ ਸੀ। ਹਿੰਦੁਸਤਾਨ ਵਿੱਚ ਉਸ ਸਮੇਂ ਇੱਕੋ ਇੱਕ ਯੂਨੀਵਰਸਿਟੀ ਸੀ- ਤੇ ਉਹ ਸੀ ‘ਕਾਂਸ਼ੀ ਯੂਨੀਵਰਸਿਟੀ’ ਬਨਾਰਸ ਵਿੱਚ- ਜਿਸ ਵਿੱਚ ਉੱਚੀ ਵਿਦਿਆ ਹਾਸਲ ਕਰਨ ਦਾ ਹੱਕ, ਕੇਵਲ ਬ੍ਰਾਹਮਣਾਂ ਨੂੰ ਹੀ ਸੀ। ਇਹੀ ਕਾਰਨ ਸੀ ਕਿ ਸੰਸਕ੍ਰਿਤ ਪੜ੍ਹੇ ਹੋਏ ਤੇ ਵਿਦਵਾਨ ਕਹਾਉਣ ਵਾਲੇ ਪੰਡਿਤ ਹੀ, ਵੇਦ ਗ੍ਰੰਥ ਪੜ੍ਹਦੇ ਤੇ ਸੁਣਾਉਂਦੇ। ਊਚ ਨੀਚ ਤੇ ਧਾਰਮਿਕ ਕੱਟੜਤਾ ਦੇ ਇਸ ਮਹੌਲ ਵਿੱਚ ਕਿਸੇ ਦਲਿਤ ਵਲੋਂ ਧਾਰਮਿਕ ਗੱਲ ਕਹੀ ਜਾਣੀ ਤਾਂ ਦੂਰ ਦੀ ਗੱਲ, ਸੁਣਨੀ ਵੀ ਘੋਰ ਅਪਰਾਧ ਮੰਨਿਆਂ ਜਾਂਦਾ ਸੀ। ਸ਼ੂਦਰਾਂ ਨੂੰ ਤਾਂ ਕਿਸੇ ਮੰਦਰ ਜਾਂ ਵਿਦਿਆਲੇ ਦੇ ਨੇੜੇ ਢੁੱਕਣ ਦੀ ਆਗਿਆ ਵੀ ਨਹੀਂ ਸੀ।
ਅਜੇਹੇ ਸਮੇਂ ਭਗਤ ਰਵਿਦਾਸ ਜੀ ਦੇ ਅੰਦਰੋਂ ਸੰਗੀਤਮਈ ਬਾਣੀ, ਇੱਕ ਨਿਰਮਲ ਝਰਨੇ ਦੀ ਤਰ੍ਹਾਂ ਪ੍ਰਗਟ ਹੋਈ ਅਤੇ ਉਹ ਪ੍ਰਮਾਤਮਾ ਦੇ ਦੂਤ ਬਣ ਕੇ ਧਰਤੀ ਤੇ ਪ੍ਰਗਟ ਹੋਏ। ਜਿਸ ਸਮੇਂ ਕਿਸੇ ਨੀਚ ਜਾਤ ਦੇ ਬੱਚੇ ਦੇ, ਕੰਨਾਂ ਨਾਲ ਮੰਤਰ ਸੁਣ ਲੈਣ ਤੇ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ, ਕਿਸੇ ਬੱਚੇ ਦੇ ਮੰਤਰ ਉਚਾਰਣ ਤੇ ਉਸ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ- ਉਸ ਸਮੇਂ ਰਵਿਦਾਸ ਜੀ ਵਲੋਂ ਨਿਧੜਕ ਹੋ ਕੇ ਪ੍ਰਭੂ ਦੀ ਉਸਤਤ ਗਾਉਣੀ, ਇੱਕ ਕ੍ਰਾਂਤੀਕਾਰੀ ਕਦਮ ਸੀ। ਪਰ ਕੁਝ ਵਿਦਵਾਨਾਂ ਦਾ ਮੱਤ ਹੈ ਕਿ ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਨੇ ਭਗਤ ਰਾਮਾਨੰਦ ਜੀ ਪਾਸੋਂ ਧਾਰਮਿਕ ਵਿਦਿਆ ਗ੍ਰਹਿਣ ਕੀਤੀ। ਭਗਤ ਰਾਮਾਨੰਦ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਦਾ ਕਹਿਣਾ ਹੈ ਕਿ ਭਗਤ ਰਾਮਾਨੰਦ ਜੀ ਬ੍ਰਾਮਮਣ ਜਾਤ ਦੇ ਹੋ ਕੇ ਵੀ, ਧਾਰਮਿਕ ਕੱਟੜਤਾ ਤੇ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ ਅਤੇ ਉਹ ਬਨਾਰਸ ਆਉਣ ਵਾਲੇ ਹੋਰ ਭਗਤਾਂ ਨਾਲ ਵੀ ਗਿਆਨ ਗੋਸ਼ਟੀਆਂ ਕਰਦੇ ਸਨ। ਖੈਰ ਕੁਝ ਵੀ ਹੋਵੇ- ਰੂਹਾਨੀ ਪ੍ਰਕਾਸ਼ ਲਈ ਦੁਨਿਆਵੀ ਵਿਦਵਤਾ ਦੀ ਬਹੁਤੀ ਜਰੂਰਤ ਨਹੀਂ ਹੁੰਦੀ। ਕੁਝ ਲੋਕ ਉਹਨਾਂ ਨੂੰ ਗੁਰੂ ਜਾਂ ਸਤਿਗੁਰੂ ਵੀ ਕਹਿੰਦੇ ਹਨ। ਪਰ ਗੁਰਬਾਣੀ ਅਨੁਸਾਰ ਜੋ ਭਗਤ, ਸਾਧੂ, ਸੰਤ, ਗੁਰਮੁੱਖ ਜਨ- ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਨ- ਉਹ ਉਸੇ ਦਾ ਹੀ ਰੂਪ ਹੋ ਜਾਂਦੇ ਹਨ। ਸੋ ਉਹਨਾਂ ਨੂੰ ਕਿਸੇ ਵੀ ਸਤਿਕਾਰਯੋਗ ਸੰਬੋਧਨ ਨਾਲ ਯਾਦ ਕੀਤਾ ਜਾ ਸਕਦਾ ਹੈ- ਪਰ ਅਸਲ ਲੋੜ ਹੈ, ਉਹਨਾਂ ਦੀ ਬਾਣੀ ਤੇ ਅਮਲ ਕਰਨ ਦੀ।
ਰਵਿਦਾਸ ਜੀ ਨਿਮਾਣੇ ਨਿਤਾਣੇ ਲੋਕਾਂ ਲਈ ਮਸੀਹਾ ਬਣ ਕੇ ਆਏ। ਉਹਨਾਂ ਨੇ, ਆਰਥਿਕ ਤੇ ਸਮਾਜਿਕ ਤੌਰ ਤੇ ਪਛੜੇ, ਤੇ ਕਰਮਕਾਂਡਾਂ ਦੇ ਭਾਰ ਹੇਠ ਦੱਬੇ ਹੋਏ ਭਾਰਤੀ ਸਮਾਜ ਵਿੱਚ, ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸਾਹਸ ਪੈਦਾ ਕੀਤਾ। ਉਹਨਾਂ ਨੇ ਆਪਣੀ ਵਿਚਾਰਧਾਰਾ ਰਾਹੀਂ, ਬੁੱਤ ਪੂਜਾ, ਜਾਤ ਪਾਤ ਦਾ ਹੰਕਾਰ ਤੇ ਖੋਖਲੇ ਕਰਮਕਾਂਡਾਂ ਦਾ ਜ਼ੋਰਦਾਰ ਖੰਡਨ ਕੀਤਾ। ਉਹ ਜਨ ਸਧਾਰਨ ਨੂੰ ਨਿਡਰ, ਸੁਖੀ ਤੇ ਸੁਤੰਤਰ ਜੀਵਨ ਜਿਉਣ ਦੇ ਸਮਰੱਥ ਬਣਾ, ‘ਬੇਗਮ ਪੁਰੇ’ ਦੇ ਵਾਸੀ ਦੇਖਣਾ ਚਾਹੁੰਦੇ ਸਨ, ਜਿੱਥੇ ਹਰ ਇਨਸਾਨ ਵਿੱਚ ਪ੍ਰਮਾਤਮਾ ਦੀ ਹੋਂਦ ਜਾਣ ਕੇ, ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਛੇ ਗੁਰੂ ਸਾਹਿਬਾਨ ਦੇ ਨਾਲ ਉਨੱਤੀ ਹੋਰ ਬਾਣੀਕਾਰਾਂ ਦੀ ਬਾਣੀ ਦਰਜ ਹੈ- ਜਿਸ ਵਿੱਚ 15 ਭਗਤ, 11 ਭੱਟ ਤੇ 3 ਗੁਰਸਿੱਖ ਸ਼ਾਮਲ ਹਨ। ਇਸ ਵਿੱਚ ਕਿਸੇ ਦੇ ਧਰਮ-ਜਾਤ ਨੂੰ ਨਹੀਂ ਵਿਚਾਰਿਆ ਗਿਆ, ਸਗੋਂ ਜੋ ਬਾਣੀ ਗੁਰੂੂ ਨਾਨਕ ਦੀ ਵਿਚਾਰਧਾਰਾ ਨਾਲ ਮੇਲ਼ ਖਾਂਦੀ ਸੀ, ਉਸ ਨੂੰ ਦਰਜ ਕੀਤਾ ਗਿਆ। ਸੋ ਹੋਰ ਭਗਤਾਂ ਦੇ ਨਾਲ ਹੀ, ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ, ਜੋ 16 ਰਾਗਾਂ ਵਿੱਚ ਹਨ, ਇਸ ਮਨੁੱਖਤਾ ਦੇ ਰਹਿਬਰ ਮਹਾਨ ਗ੍ਰੰਥ ਵਿੱਚ ਦਰਜ ਹਨ। ਹਰੇਕ ਬਾਣੀਕਾਰ ਦੀ ਬਾਣੀ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਦਾ ਦਰਜਾ ਦੇਣਾ, ਤੇ ਸਤਿਕਾਰ ਵਜੋਂ ਹਰ ਥਾਂ- ‘ਬਾਣੀ ਰਵਿਦਾਸ ਜੀ ਕੀ’ ‘ਬਾਣੀ ਰਵਿਦਾਸ ਜੀਉ ਕੀ’ ‘ਬਾਣੀ ਕਬੀਰ ਜੀਉ ਕੀ’..ਲਿਖਣਾ- ਇਸ ਗੱਲ ਦਾ ਸਬੂਤ ਹੈ ਕਿ ਗੁਰੂ ਸਾਹਿਬਾਂ ਦੇ ਅੰਦਰ ਹਰ ਇੱਕ ਬਾਣੀਕਾਰ ਲਈ ਸਤਿਕਾਰ ਦੀ ਕਿੰਨੀ ਭਾਵਨਾ ਸੀ! ਭਾਵੇਂ ਰਵਿਦਾਸ ਜੀ ਚੌਧਵੀਂ ਸਦੀ ਤੇ ਬਾਬਾ ਫਰੀਦ ਜੀ ਬਾਹਰਵੀਂ ਸਦੀ ਵਿੱਚ ਪੈਦਾ ਹੋਏ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਆਪਣੇ ਤੋਂ ਪਹਿਲੀਆਂ ਸਦੀਆਂ ਦੇ ਸਿਰਮੌਰ ਭਗਤਾਂ ਦੀ ਬਾਣੀ, ਆਪਣੀਆਂ ਉਦਾਸੀਆਂ ਵੇਲੇ ਇਕੱਤਰ ਕਰਨ ਦਾ ਮਹਾਨ ਕਾਰਜ ਕੀਤਾ, ਤਾਂ ਹੀ ਇਹ ਬਾਣੀ ਪੋਥੀਆਂ ਦੀ ਸ਼ਕਲ ਵਿੱਚ ਪੰਜਵੇਂ ਪਾਤਸ਼ਾਹ ਤੱਕ ਅੱਪੜੀ। ਇਤਿਹਾਸਕਾਰਾਂ ਅਨੁਸਾਰ- 1507 ਵਿੱਚ ਗੁਰੂ ਸਾਹਿਬ ਪਹਿਲੀ ਉਦਾਸੀ ਸਮੇਂ ਬਨਾਰਸ ਵਿਖੇ ਰਵਿਦਾਸ ਜੀ ਨੂੰ ਮਿਲੇ ਵੀ ਤੇ ਉਹਨਾਂ ਦੀ ਬਾਣੀ ਵੀ ਪ੍ਰਾਪਤ ਕੀਤੀ, ਜਦ ਕਿ ਰਵਿਦਾਸ ਜੀ ਉਸ ਵੇਲੇ ਬ੍ਰਿਧ ਅਵਸਥਾ ਵਿੱਚ ਸਨ। ਵਿਦਵਾਨ ਖੋਜੀਆਂ ਨੇ ਉਹਨਾਂ ਦੇ ਜੀਵਨ ਬਿਊਰੇ ਵਿੱਚ ਉਹਨਾਂ ਦੀ ਉਮਰ 110 ਸਾਲ ( 1399 ਤੋਂ 1509) ਲਿਖੀ ਹੈ। ਪੰਜਵੇਂ ਪਾਤਸ਼ਾਹ ਨੇ ਰਾਗਾਂ ਅਨੁਸਾਰ ਤਰਤੀਬ ਦੇ ਕੇ, ਹੋਰ ਭਗਤਾਂ ਦੇ ਨਾਲ ਹੀ ਰਵਿਦਾਸ ਜੀ ਦੀ ਬਾਣੀ ਨੂੰ ਵੀ ਇਸ ਨਾਮ ਰੂਪੀ ਜਹਾਜ਼ ਵਿੱਚ ਦਰਜ ਕਰਕੇ, ਉਹਨਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ।
ਰਵਿਦਾਸ ਜੀ ਦੀ ਕੁਲ ਦੇ ਲੋਕ ਚਮੜੇ ਦਾ ਕੰਮ ਕਰਦੇ ਸਨ। ਮਰੇ ਹੋਏ ਪਸ਼ੂਆਂ ਦਾ ਚਮੜਾ ਉਤਾਰਨਾ, ਚਮੜੇ ਦੀਆਂ ਜੁੱਤੀਆਂ ਬਨਾਉਣਾ ਤੇ ਜੁੱਤੀਆਂ ਗੰਢਣਾ ਹੀ, ਇਹਨਾਂ ਦੀ ਕਿਰਤ ਸੀ। ਭਗਤ ਜੀ ਨੇ ਆਪਣੀ ਬਾਣੀ ਵਿੱਚ, ਆਪਣੀ ਜਾਤ ਤੇ ਕਿਰਤ ਨੂੰ ਕਿਤੇ ਵੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਆਪ ਬੜੇ ਮਾਣ ਨਾਲ ਕਹਿ ਰਹੇ ਹਨ-
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਅੰਗ 659)
ਭਾਵ ਮੇਰੀ ਤਾਂ ਜਾਤ, ਕੁੱਲ ਤੇ ਜਨਮ ਸਭ ਕੁੱਝ ਹੀ ਨੀਵਾਂ ਸੀ। ਰਵਿਦਾਸ ਚਮਾਰ ਕਹਿੰਦਾ ਹੈ ਕਿ ਇੱਥੇ ਤਾਂ ਉੱਚੀ ਕੁੱਲ ਵਾਲੇ ਵੀ ਡੁੱਬਦੇ ਜਾ ਰਹੇ ਹਨ, ਤਾਂ ਮੇਰਾ ਕੀ ਬਣਨਾ ਸੀ? ਪਰ ਹੇ ਮੇਰੇ ਰਾਮ! ਹੇ ਮੇਰੇ ਰਾਜਨ! ਮੈਂ ਤਾਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ।
ਇਸੇ ਤਰ੍ਹਾਂ ਇੱਕ ਹੋਰ ਸ਼ਬਦ ਵਿੱਚ ਵੀ ਉਚਾਰਣ ਕਰਦੇ ਹਨ-
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ॥
ਰਾਮ ਗੁਸਈਆ ਜੀਅ ਕੇ ਜੀਵਨਾ॥
ਮੋਹਿ ਨਾ ਬਿਸਾਰਹੁ ਮੈ ਜਨੁ ਤੇਰਾ॥ ਰਹਾਉ॥ (ਅੰਗ 345)
ਭਾਵ ਮੇਰਾ ਜਨਮ, ਮੇਰਾ ਕਰਮ, ਮੇਰੀ ਸੰਗਤ.. ਸਭ ਨੀਵਿਆਂ ਨਾਲ ਹੈ ਤੇ ਮੈਂ ਸੋਚਦਾ ਹਾਂ ਕਿ ਮੇਰਾ ਕੀ ਬਣੇਗਾ? ਪਰ ਹੇ ਮੇਰੀ ਜਿੰਦ ਦੇ ਆਸਰੇ! ਹੇ ਧਰਤੀ ਦੇ ਸਾਈਂ! ਹੇ ਮੇਰੇ ਰਾਮ! ਮੈਂ ਤੇਰਾ ਦਾਸ ਹਾਂ, ਮੈਨੂੰ ਕਦੇ ਨਾ ਵਿਸਾਰੀਂ!
ਉਸ ਸਮੇਂ ਭਾਰਤ ਵਰਸ਼ ਵਿੱਚ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਣ ਕਾਰਨ ਛੂਆ ਛਾਤ ਦਾ ਬੋਲ ਬਾਲਾ ਸੀ ਜਿਸ ਕਾਰਨ ਨੀਵੀਂ ਜਾਤ ਵਾਲੇ ਭਗਤੀ ਨਹੀਂ ਸੀ ਕਰ ਸਕਦੇ। ਪਰ ਰਵਿਦਾਸ ਜੀ ਨੇ ਇਸ ਵਿਚਾਰ ਦਾ ਨਿਧੱੜਕ ਹੋ ਕੇ ਖੰਡਨ ਕੀਤਾ। ਉਹਨਾਂ ਕਿਹਾ ਕਿ- ਹਰ ਇੱਕ ਇਨਸਾਨ ਵਿੱਚ ਪ੍ਰਮਾਤਮਾ ਵੱਸਦਾ ਹੈ ਤੇ ਕਿਸੇ ਵੀ ਜਾਤ ਵਾਲਾ ਪ੍ਰਭੂ ਭਗਤੀ ਕਰਕੇ, ਉਸ ਨਾਲ ਇਕ ਮਿਕ ਹੋ ਕੇ, ਆਪ ਹੀ ਨਹੀਂ ਸਗੋਂ ਆਪਣੀ ਕੁੱਲ ਨੂੰ ਵੀ ਤਾਰ ਸਕਦਾ ਹੈ।
ਬ੍ਰਾਹਮਣਾਂ ਤੇ ਪੁਜਾਰੀਆਂ ਦੁਆਰਾ ਆਰਤੀ ਤੇ ਪੂਜਾ ਲਈ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਸ਼ਾਮਲ ਵਸਤਾਂ ਸਬੰਧੀ, ਰਵਿਦਾਸ ਜੀ ਕਹਿ ਰਹੇ ਹਨ ਕਿ- ਇਹ ਸਭ ਪਹਿਲਾਂ ਹੀ ਜੂਠੀਆਂ ਹੋ ਚੁੱਕੀਆਂ ਹਨ- ਕਿਉਂਕਿ ਦੁੱਧ ਵੱਛੇ ਨੇ, ਚੰਦਨ ਦੀ ਲਕੜੀ ਸੱਪ ਨੇ, ਫੁੱਲ ਭੰਵਰੇ ਨੇ, ਜਲ ਮਛਲੀ ਨੇ..ਜੂਠਾ ਕੀਤਾ ਹੋਇਆ ਹੈ-
ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੁਲੁ ਭਵਰਿ ਜਲੁ ਮੀਨਿ ਬਿਗਾਰਿਓ॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਹੁ॥
ਅਵਰੁ ਨ ਫੂਲੁ ਅਨੂਪ ਨ ਪਾਵਉ॥ ਰਹਾਉ॥ (ਅੰਗ 525)
ਉਹਨਾਂ ਅਨੁਸਾਰ- ਉਸ ਪ੍ਰਭੂ ਦੀ ਪੂਜਾ ਜਾਂ ਆਰਤੀ ਕਰਨ ਲਈ ਇਹਨਾਂ ਦਿਖਾਵੇ ਦੇ ਅਡੰਬਰਾਂ ਦੀ ਲੋੜ ਨਹੀਂ- ਸਗੋਂ ਉਸ ਦੇ ਸੱਚੇ ਨਾਮ ਨਾਲ ਜੁੜਨਾ ਹੀ, ਉਸ ਦੀ ਆਰਤੀ ਤੇ ਭੋਗ ਹੈ।
ਜਦ ਬ੍ਰਾਮਣਵਾਦ ਕਰਮ ਕਾਂਡਾਂ ਤੇ ਮੂਰਤੀ ਪੂਜਾ ਵਿੱਚ ਫਸਿਆ ਹੋਇਆ ਸੀ, ਉਸ ਵੇਲੇ ਰਵਿਦਾਸ ਜੀ ਇੱਕ ਨਿਰਗੁਣ ਸਰੂਪ ਪ੍ਰਭੂ ਦੀ ਭਗਤੀ ਕਰਦੇ। ਪੁਜਾਰੀ ਵਰਗ ਨੇ ਧਰਮ ਨੂੰ ਧੰਧਾ ਬਣਾਇਆ ਹੋਇਆ ਸੀ ਜਦ ਕਿ ਰਵਿਦਾਸ ਜੀ ਨੇ ਧੰਦੇ ਨੂੰ ਧਰਮ ਬਣਾਇਆ। ਉਹਨਾਂ ਨੇ ਆਪਣੀ ਬਾਣੀ ਵਿੱਚ ਆਪਣੀ ਜਾਤ ਤੇ ਕੰਮ ਨੂੰ ਵਡਿਆਈ ਦਿੱਤੀ-
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਅੰਗ 1293)
ਭਾਵ- ਮੇਰੀ ਜਾਤ ਦੇ ਲੋਕ ‘ਚੰਮ’ ਕੁੱਟਣ ਵੱਢਣ ਦਾ ਕੰਮ ਕਰਦੇ ਹਨ ਤੇ ਬਨਾਰਸ ਦੇ ਆਸ ਪਾਸ ਰਹਿੰਦੇ ਹਨ। ਪਰ ਹੇ ਪ੍ਰਭੂ, ਉਸੇ ਕੁਲ ਵਿੱਚ ਜੰਮਿਆਂ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਣ ਵਿੱਚ ਆਇਆ ਹੈ, ਇਸੇ ਲਈ ਹੁਣ ਵੱਡੇ ਵੱਡੇ ਬ੍ਰਾਹਮਣ ਵੀ ਉਸ ਨੂੰ ਨਮਸਕਾਰ ਕਰਦੇ ਹਨ।
ਰਵਿਦਾਸ ਜੀ ਦੇ ਅੰਦਰ ਪ੍ਰਭੂ-ਪ੍ਰੇਮ, ਵੈਰਾਗ ਤੇ ਨਿਮਰਤਾ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹਨਾਂ ਕਿਰਤ ‘ਚੋਂ ਹੀ ਕਰਤੇ ਦੇ ਦਰਸ਼ਨ ਕਰ ਲਏ। ਉਹਨਾਂ ਦੇ ਨਿਮਰਤਾ ਹਲੀਮੀ ਵਾਲੇ ਸੁਭਾਅ ਤੇ ਮਿੱਠੇ ਬਚਨਾਂ ਨੂੰ ਸੁਣ ਕੇ ਲੋਕ ਉਹਨਾਂ ਨੂੰ ‘ਭਗਤ ਜੀ’ ਕਹਿਣ ਲੱਗ ਪਏ। ਇੱਕ ਵਾਰੀ ਕੋਈ ਉੱਚੀ ਕੁੱਲ ਦਾ ਬੰਦਾ ਆਪਣੀ ਜੁੱਤੀ ਗੰਢਾਉਣ ਆਇਆ ਤਾਂ ਕਹਿਣ ਲੱਗਾ- “ਭਾਵੇਂ ਭਗਤ ਕਹਾਉਂਦੇ ਹੋ ਪਰ ਗੰਢਦੇ ਤਾਂ ਚਮੜਾ ਹੀ ਹੋ ਨਾ!”
ਲੇਕਿਨ ਉਹ ਆਪ ਜੀ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਿਆ- “ਤੁਹਾਡੇ ਸਭਨਾਂ ਦੇ ਸਰੀਰ ਚਮੜਾ ਹੀ ਤਾਂ ਹਨ- ਤੁਸੀਂ ਇਹਨਾਂ ਚਮੜੇ ਦੇ ਸਰੀਰਾਂ ਨਾਲ ਰੋਜ਼ ਰੋਜ਼ ਗੰਢਦੇ ਹੋ.. ਫਿਰ ਟੁੱਟ ਜਾਂਦੀ ਹੈ। ਕੋਈ ਪਤਨੀ ਨਾਲ ਗੰਢਦਾ ਹੈ.. ਕੋਈ ਪੁੱਤਰ ਨਾਲ ਗੰਢਦਾ ਹੈ.. ਕੋਈ ਸਕੇ-ਸਬੰਧੀਆਂ ਨਾਲ ਗੰਢਦਾ ਹੈ- ਪਰ ਵਾਰ ਵਾਰ ਇਹ ਗੰਢਾਂ ਟੁੱਟ ਜਾਂਦੀਆਂ ਹਨ.. ਜਦ ਕਿ ਮੈਂ ਤਾਂ ਜੁੱਤੀਆਂ ਗੰਢਦੇ ਹੋਏ ਨੇ, ਉਸ ਸੱਚੇ ਮਾਲਕ ਨਾਲ ਹੀ ਸੱਚੀ ਗੰਢ ਪਾ ਲਈ ਹੈ ਜੋ ਕਦੇ ਟੁੱਟਣੀ ਹੀ ਨਹੀਂ!”
ਇਸੇ ਲਈ ਹੀ ਆਪ ਫੁਰਮਾ ਰਹੇ ਹਨ-
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਿਕ ਕਟਿਕ ਜਲ ਤਰੰਗ ਜੈਸਾ॥ (ਅੰਗ 93)
ਭਾਵ ਹੇ ਪ੍ਰਮਾਤਮਾ! ਤੇਰੇ ਤੇ ਮੇਰੇ ਜਾਂ ਮੇਰੇ ਤੇ ਤੇਰੇ ਵਿੱਚ ਹੁਣ ਕੇਵਲ ਇੰਨਾ ਕੁ ਹੀ ਫਰਕ ਹੈ- ਜਿੰਨਾ ਸੋਨਾ ਤੇ ਸੋਨੇ ਦੇ ਕੜੇ ਵਿੱਚ ਜਾਂ ਪਾਣੀ ਤੇ ਪਾਣੀ ਦੀ ਲਹਿਰ ਵਿੱਚ ਹੁੰਦਾ ਹੈ।
ਉਹਨਾਂ ਦੀ ਬਾਣੀ ਸਾਨੂੰ ਇਹ ਵੀ ਉਪਦੇਸ਼ ਦਿੰਦੀ ਹੈ ਕਿ ਰੱਬ ਨੂੰ ਪਾਉਣ ਲਈ ‘ਹਉਮੈਂ’ ਦਾ ਤਿਆਗ ਕਰਨਾ ਪਏਗਾ-
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥ (ਅੰਗ 657)
ਭਾਵ ਜਿੰਨਾ ਚਿਰ ਮਨੁੱਖੀ ਜੀਵ ਦੇ ਅੰਦਰ ਹਉਮੈਂ ਦਾ ਨਿਵਾਸ ਰਹਿੰਦਾ ਹੈ, ਉੰਨਾਂ ਚਿਰ ਉਸ ਦੇ ਅੰਦਰੋਂ ਪ੍ਰਮਾਤਮਾ ਪ੍ਰਗਟ ਨਹੀਂ ਹੋ ਸਕਦਾ- ਤੇ ਜਦ ਓਹ ਪ੍ਰਤੱਖ ਹੋ ਜਾਂਦਾ ਹੈ ਤਾਂ ‘ਮੈਂ’ ਮੁੱਕ ਜਾਂਦੀ ਹੈ। ਇਸੇ ਵਿਚਾਰ ਦੀ ਪ੍ਰੋੜਤਾ ਭਗਤ ਕਬੀਰ ਜੀ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 339 ਅੰਗ ਤੇ ਕਰ ਰਹੇ ਹਨ।
ਇੱਕ ਹੋਰ ਫੁਰਮਾਨ ਰਾਹੀਂ ਲੋਕਾਈ ਨੂੰ ਪ੍ਰਭੂ ਭਗਤੀ ਦਾ ਉਪਦੇਸ਼ ਦਿੰਦੇ ਹੋਏ, ਕਹਿ ਰਹੇ ਹਨ-
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਰ ਚਮਾਰ॥ (ਅੰਗ 345)
ਜਦ ਕਿ ਗੁਰੂ ਸਾਹਿਬਾਂ ਨੇ ਵੀ ਸੰਸਾਰੀ ਰੰਗ-ਤਮਾਸ਼ਿਆਂ ਦੀ ਤੁਲਨਾ ‘ਕਸੁੰਭ ਦੇ ਰੰਗ’ ਨਾਲ ਭਾਵ ਕੱਚੇ ਰੰਗ ਨਾਲ ਕੀਤੀ ਹੈ ਅਤੇ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਨੂੰ ‘ਮਜੀਠ ਦਾ ਰੰਗ’ ਭਾਵ ਪੱਕਾ ਰੰਗ ਕਿਹਾ ਹੈ।
ਰਵਿਦਾਸ ਜੀ ਦੀ ਬਾਣੀ ਦੀ ਮਹਿਕ ਦੂਰ ਦੂਰ ਤੱਕ ਖਿੰਡ ਗਈ। ਕਿਹਾ ਜਾਂਦਾ ਹੈ ਕਿ ਆਪ ਜੀ ਦੀ ਕੀਰਤੀ ਸੁਣ ਕੇ, ਛਾਲਾਵਾੜ ਦੀ ਰਾਣੀ ਆਪ ਜੀ ਦੀ ਸ਼ਰਧਾਲੂ ਬਣ ਗਈ। ਜਦ ਵਿਦਵਾਨ ਪੰਡਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਣੀ ਨੇ ਇੱਕ ਨੀਚ ਜਾਤ ਵਾਲੇ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਹੈ, ਤਾਂ ਉਹਨਾਂ ਰਾਜੇ ਕੋਲ ਰਵਿਦਾਸ ਦੀਆਂ ਕਈ ਸ਼ਿਕਾਇਤਾਂ ਕੀਤੀਆਂ। ਰਾਜੇ ਨੇ ਉਹਨਾਂ ਨੂੰ ਖੁਸ਼ ਕਰਨ ਲਈ ਇੱਕ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ, ਜਿਸ ਵਿੱਚ ਰਾਜ ਦੇ ਸਾਰੇ ਵਿਦਵਾਨ ਪੰਡਤਾਂ ਨੂੰ ਬੁਲਾਇਆ ਗਿਆ- ਪਰ ਨਾਲ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਰਵਿਦਾਸ ਜੀ ਨੂੰ ਵੀ ਸੱਦਾ ਦੇ ਦਿੱਤਾ। ਕਿਹਾ ਜਾਂਦਾ ਹੈ ਕਿ ਇੱਥੇ ਪਹਿਲਾਂ ਪੰਡਿਤਾਂ ਨਾਲ ਸੁਆਲ ਜੁਆਬ ਹੋਏ। ਇਸ ਤੋਂ ਪਹਿਲਾਂ ਵੀ ਪੁਰੋਹਿਤਾਂ ਦੀਆਂ ਸ਼ਿਕਾਇਤਾਂ ਤੇ ਕਾਂਸ਼ੀ ਨਰੇਸ਼ ਦੇ ਸਾਹਮਣੇ ਵੀ ਰਵਿਦਾਸ ਜੀ ਸੁਆਲਾਂ ਦੇ ਢੁਕਵੇਂ ਉੱਤਰ ਦੇ ਚੁੱਕੇ ਸਨ।
ਇਸ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਜਦ ਪੰਡਤਾਂ ਨੇ ਇਸ ਬ੍ਰਹਮ ਭੋਜ ਤੇ ਰਵਿਦਾਸ ਜੀ ਨੂੰ ਬੈਠੇ ਤੱਕਿਆ ਤਾਂ ਉਹ ਲੋਹੇ ਲਾਖੇ ਹੋ ਕੇ ਕਹਿਣ ਲੱਗੇ, “ਅਸੀਂ ਇਸ ਨੀਚ ਜਾਤ ਵਾਲੇ ਨਾਲ ਭੋਜਨ ਨਹੀਂ ਛਕ ਸਕਦੇ!”
ਰਾਣੀ ਦੀ ਦੁਬਿਧਾ ਦੇਖ, ਰਵਿਦਾਸ ਜੀ ਇਹ ਕਹਿੰਦਿਆਂ ਉੱਠ ਖੜ੍ਹੋਏ- “ਤੁਸੀਂ ਪਹਿਲਾਂ ਇਹਨਾਂ ਨੂੰ ਛਕਾ ਲਵੋ, ਮੈਂ ਬਾਅਦ ਵਿੱਚ ਛਕ ਲਵਾਂਗਾ!”
ਸੋ ਰਾਣੀ ਨੇ ਉਹਨਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾ, ਪੰਡਤਾਂ ਨੂੰ ਭੋਜਨ ਪਰੋਸ ਦਿੱਤਾ। ਪਰ ਜਿਉਂ ਹੀ ਪੰਡਤ ਖਾਣਾ ਖਾਣ ਲੱਗੇ ਤਾਂ ਕੀ ਦੇਖਦੇ ਹਨ ਕਿ ਹਰ ਇੱਕ ਦੇ ਨਾਲ ਰਵਿਦਾਸ ਬੈਠਾ ਭੋਜਨ ਛਕ ਰਿਹਾ ਹੈ। ਇਹ ਕੌਤਕ ਦੇਖ ਕੇ ਉਹ ਦੰਗ ਰਹਿ ਗਏ ਤੇ ਰਵਿਦਾਸ ਦੇ ਚਰਨਾਂ ਤੇ ਢਹਿ ਪਏ ਅਤੇ ਇੱਕ ਮਹਿੰਗਾ ਛਤਰ ਲਿਆ ਕੇ ਰਵਿਦਾਸ ਜੀ ਦੇ ਸਿਰ ਤੇ ਝੁਲਾ ਦਿੱਤਾ। ਇਸ ਕੌਤਕ ਬਾਰੇ ਜਾਣ ਕੇ, ਆਪ ਜੀ ਦੇ ਨੇਤਰਾਂ ਵਿਚੋਂ ਪ੍ਰਭੂ ਦੇ ਵੈਰਾਗ ਵਿੱਚ ਜਲ ਵਹਿ ਤੁਰਿਆ ਤੇ ਆਪ ਪ੍ਰਭੂ-ਪ੍ਰੇਮ ਵਿੱਚ ਭਿੱਜ ਕੇ ਉਚਾਰਣ ਕਰਨ ਲੱਗੇ-
ਐਸੀ ਲਾਲ ਤੁਝ ਬਿਨੁ ਕਉਨੁ ਕਰੇ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਅੰਗ 1106)
ਭਾਵ ਹੇ ਮੇਰੇ ਸੁਹਣੇ ਪ੍ਰਭੂ! ਤੈਥੋਂ ਬਿਨਾ ਅਜਿਹਾ ਕੌਤਕ ਹੋਰ ਕੌਣ ਕਰ ਸਕਦਾ ਹੈ? ਮੇਰਾ ਪ੍ਰਭੂ ਤਾਂ ਗਰੀਬਾਂ ਨੂੰ ਮਾਣ ਦੇ ਕੇ, ਉਹਨਾਂ ਦੇ ਸਿਰ ਤੇ ਵੀ ਰਾਜਿਆਂ ਵਾਲੇ ਛਤਰ ਝੁਲਾ ਦਿੰਦਾ ਹੈ। ਜਿਸ ਦੇ ਛੂਹਣ ਨਾਲ ਸੰਸਾਰ ਦੇ ਲੋਕ ਆਪਣੇ ਆਪ ਨੂੰ ਭਿੱਟਿਆ ਸਮਝਦੇ ਹਨ, ਉਸ ਉਤੇ ਤਾਂ ਪ੍ਰਭੂ ਤੂੰ ਹੀ ਕਿਰਪਾ ਕਰ ਸਕਦਾ ਹੈਂ! ਇਹ ਮੇਰਾ ਗੋਬਿੰਦ ਹੀ ਹੈ ਜੋ ਨੀਚਾਂ ਨੂੰ ਉੱਚੇ ਬਣਾ ਦਿੰਦਾ ਹੈ ਕਿਉਂਕਿ ਉਹ ਕਿਸੇ ਤੋਂ ਡਰਦਾ ਨਹੀਂ।
ਪ੍ਰਭੂ- ਪ੍ਰੀਤ ਵਿੱਚ ਭਿਜੀ ਹੋਈ ਆਤਮਾ ਹੀ ਇਹ ਪੁਕਾਰ ਸਕਦੀ ਹੈ-
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾ੍ਹਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥ (ਅੰਗ 694)
ਜਦ ਰਵਿਦਾਸ ਜੀ ਦੇਸ਼ ਦੇ ਭ੍ਰਮਣ ਤੇ ਨਿਕਲੇ ਤਾਂ ਲੋਕ ਪੁੱਛਣ ਲੱਗੇ- “ਤੁਸੀਂ ਕੌਣ ਹੋ ਤੇ ਕਿਸ ਸ਼ਹਿਰ ਦੇ ਵਾਸੀ ਹੋ?”
ਇਸ ਦੇ ਜਵਾਬ ਵਿੱਚ ਭਗਤ ਜੀ ਨੇ ਕਿਹਾ-
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥ (ਅੰਗ 345)
ਇਹ ਬੇਗਮਪੁਰਾ ਇਸ ਦੁਨੀਆਂ ਦੇ ਨਕਸ਼ੇ ਤੇ ਕਿਤੇ ਵੀ ਸਥਿਤ ਨਹੀਂ ਹੈ। ਇਸ ਵਿੱਚ ਤਾਂ ਭਗਤ ਰਵਿਦਾਸ ਜੀ ਨੇ ਆਪਣੀ ਆਤਮਕ ਅਵਸਥਾ ਦਾ ਜ਼ਿਕਰ ਕੀਤਾ ਹੈ। ਉਹ ਲੋਕਾਂ ਨੂੰ ਜਵਾਬ ਦੇ ਰਹੇ ਹਨ ਕਿ ਜਿਸ ਆਤਮਕ ਅਵਸਥਾ ਰੂਪੀ ਸ਼ਹਿਰ ਵਿੱਚ ਮੈਂ ਵੱਸਦਾ ਹਾਂ, ਉਸ ਦਾ ਨਾਮ ਹੈ- ‘ਬੇ-ਗਮ ਪੁਰਾ’ ਭਾਵ ਉਥੇ ਕੋਈ ਗ਼ਮ ਨਹੀਂ ਹੈ। ਉਸ ਥਾਂ ਤੇ ਨਾ ਹੀ ਕੋਈ ਦੁੱਖ ਹੈ, ਨਾ ਕੋਈ ਚਿੰਤਾ ਹੈ ਤੇ ਨਾ ਹੀ ਕੋਈ ਘਬਰਾਹਟ ਹੈ। ਉਥੇ ਨਾ ਤਾਂ ਇਸ ਦੁਨੀਆਂ ਵਾਲੀ ਕੋਈ ਜਾਇਦਾਦ ਹੈ ਤੇ ਨਾ ਹੀ ਇਸ ਤੇ ਕੋਈ ਟੈਕਸ ਦੇਣਾ ਪੈਂਦਾ ਹੈ। ਉਥੇ ਕੋਈ ਪਾਪ ਨਹੀਂ, ਖਤਰਾ ਨਹੀਂ, ਡਰ ਨਹੀਂ ਤੇ ਗਿਰਾਵਟ ਵੀ ਨਹੀਂ।
ਭਗਤ ਰਵਿਦਾਸ ਜੀ ਦੀ ਸਮੁੱਚੀ ਬਾਣੀ ਤੇ ਜੇ ਵਿਚਾਰ ਕੀਤਾ ਜਾਵੇ ਤਾਂ, ਪਤਾ ਲਗਦਾ ਹੈ ਕਿ- ਉਹ ਰੱਬੀ ਰੰਗ ਵਿੱਚ ਰੰਗੀ ਹੋਈ ਆਤਮਾ ਸਨ- ਜਿਹਨਾਂ ਨੇ ਵਿਸ਼ੇ ਵਿਕਾਰਾਂ ਵਿੱਚ ਫਸੀਆਂ ਹੋਈਆਂ ਜੀਵ-ਆਤਮਾਵਾਂ ਨੂੰ, ਮੂਰਤੀ ਪੂਜਾ ਤੇ ਕਰਮ ਕਾਂਡਾਂ ਦਾ ਖੰਡਨ ਕਰਕੇ, ਇੱਕ ਨਿਰਗੁਣ ਸਰੂਪ ਅਕਾਲ ਪੁਰਖ ਨਾਲ ਜੋੜ, ਸੱਚ ਦਾ ਮਾਰਗ ਦਿਖਾਇਆ। ਆਪਣੇ ਤੋਂ ਪਹਿਲਾਂ ਹੋਏ ਭਗਤਾਂ ਦਾ ਜ਼ਿਕਰ ਕਰਦੇ ਹੋਏ ਵੀ ਉਹ ਕਹਿ ਰਹੇ ਹਨ-
ਨਾਮਦੇਵ ਕਬੀਰੁ ਤਿਲੋਚਨੁ ਸਦਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ। (ਅੰਗ 1106)
ਕਿਉਂਕਿ ਇਹ ਸਾਰੇ ਭਗਤ, ਪ੍ਰਭੂ ਦੀ ਕਿਰਪਾ ਸਦਕਾ, ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਗਏ, ਇਸੇ ਲਈ ਰਵਿਦਾਸ ਕਹਿੰਦਾ ਹੈ ਕਿ- ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁੱਝ ਕਰਨ ਦੇ ਸਮਰੱਥ ਹੈ!
ਅੱਜ ਲੋੜ ਹੈ- ਉਹਨਾਂ ਦੇ ਕਿਰਤੀ ਜੀਵਨ ਤੇ ਉੱਚੀ ਸੁੱਚੀ ਰੱਬੀ ਬਾਣੀ ਤੋਂ ਸੇਧ ਲੈਂਦੇ ਹੋਏ, ਜਾਤ ਪਾਤ ਦੇ ਬੰਧਨ ਤੋੜ ਕੇ, ‘ਹਉਮੈਂ’ ਦਾ ਤਿਆਗ ਕਰ, ਵਿਸ਼ੇ ਵਿਕਾਰ ਤੇ ਕਰਮ ਕਾਂਡਾਂ ਤੋਂ ਕਿਨਾਰਾ ਕਰ, ਉਸ ਅਕਾਲ ਪੁਰਖ ਨਾਲ ਸੱਚੀ ਪ੍ਰੀਤ ਗੰਢਣ ਦਾ ਯਤਨ ਕਈਏ, ਤਾਂ ਕਿ ਸਾਡੀ ਆਤਮਾ ਦੀ, ਪਰਮਾਤਮਾ ਤੋਂ ਪਈ ਹੋਈ ਵਿੱਥ ਵੀ ਕੁੱਝ ਹੱਦ ਤੱਕ ਘਟ ਜਾਵੇ ਤੇ ਅਸੀਂ ਭਗਤ ਰਵਿਦਾਸ ਜੀ ਦੇ ਬਿਆਨੇ ਹੋਏ ‘ਬੇਗਮ ਪੁਰਾ ਸਹਰ’ ਵਾਲੀ ਸਥਿਤੀ ਨੂੰ ਪਹੁੰਚਣ ਦਾ ਯਤਨ ਕਰਦੇ ਹੋਏ, ਲੋਕ ਸੁਖੀਏ ਪ੍ਰਲੋਕ ਸੁਹੇਲੇ ਬਣ ਜਾਈਏ!
ਬੇਗਮ ਪੁਰਾ ਸਹਰ ਕੋ ਨਾਉ॥
This entry was posted in ਲੇਖ.