ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਹਫਤੇ ਲਈ ਖੇਤੀਬਾੜੀ ਸਿਖਲਾਈ ਪ੍ਰਾਪਤ ਕਰਨ ਆਈ ਫਿਲਪਾਈਨ ਦੇ ਸ਼ਹਿਰ ਟੋਲੇਡੋ ਸਿਟੀ ਦੇ ਖੇਤੀਬਾੜੀ ਅਧਿਕਾਰੀ ਲੂਸੀਲਾ ਟਾਮਰੌਂਗ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਇਸ ਯੂਨੀਵਰਸਿਟੀ ਵਿੱਚ ਆਉਣਾ ਉਸ ਲਈ ਕਿਸੇ ਪਵਿੱਤਰ ਸਥਾਨ ਦੀ ਜ਼ਿਆਰਤ ਵਾਂਗ ਹੈ। ਸ਼੍ਰੀਮਤੀ ਟਾਮਾਰੌਂਗ ਨੇ ਆਖਿਆ ਕਿ ਯੂਨੀਵਰਸਿਟੀ ਪਿਛਲੇ ਛੇ ਦਹਾਕਿਆਂ ਤੋਂ ਸਿਰਫ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਖੇਤੀ ਅਰਥਚਾਰੇ ਨੂੰ ਅਗਵਾਈ ਦੇ ਰਹੀ ਹੈ ਅਤੇ ਭਵਿੱਖ ਵਿੱਚ ਵੀ ਸਮੁੱਚੀ ਮਨੁੱਖਤਾ ਨੂੰ ਇਸਤੋਂ ਵੱਡੀਆਂ ਆਸਾਂ ਹਨ। ਸ਼੍ਰੀਮਤੀ ਟਾਮਾਰੌਂਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਨ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਡੇਅਰੀਵਾਲ ਵਿਖੇ ਖੁੰਬਾਂ ਦੀ ਕਾਸ਼ਤ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਦੋਰਾਹਾ ਸਥਿਤ ਕਸ਼ਮੀਰ ਅਪੈਰੀਜ਼ ਦਾ ਵੀ ਦੌਰਾ ਕੀਤਾ। ਉਸ ਨੇ ਆਖਿਆ ਕਿ ਸਮੁੱਚੇ ਪੰਜਾਬ ਦੇ ਕਿਸਾਨ ਇਸ ਯੂਨੀਵਰਸਿਟੀ ਨੂੰ ਮੱਕੇ ਵਾਂਗ ਪੂਜਦੇ ਹਨ ਅਤੇ ਇਹ ਸੰਸਥਾ ਇਸ ਕਾਬਲ ਵੀ ਹੈ।
ਯੂਨੀਵਰਸਿਟੀ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸ਼੍ਰੀਮਤੀ ਟਾਮਾਰੌਂਗ ਦਾ ਸੁਆਗਤ ਕਰਦਿਆਂ ਆਖਿਆ ਕਿ ਵਿਸ਼ਵ ਭਰ ਵਿਚੋਂ ਬਹੁਤ ਸਾਰੇ ਵਿਗਿਆਨੀ ਕਿਸਾਨ ਅਤੇ ਸਿਖਿਆਰਥੀ ਇਥੇ ਅਕਸਰ ਆਉਂਦੇ ਹਨ ਅਤੇ ਚੰਗੀ ਸਿਖਲਾਈ ਹਾਸਿਲ ਕਰਕੇ ਆਪੋ ਆਪਣੇ ਵਤਨਾਂ ਵਿੱਚ ਇਸ ਯੂਨੀਵਰਸਿਟੀ ਦੀ ਸੋਭਾ ਵਧਾਉਂਦੇ ਹਨ। ਉਨ੍ਹਾਂ ਨੂੰ ਮਾਣ ਹੈ ਕਿ ਇਸ ਮਹਾਨ ਸੰਸਥਾ ਨੂੰ ਸ਼੍ਰੀਮਤੀ ਟਾਮਾਰੌਂਗ ਨੇ ਆਪਣੀ ਸਿਖਲਾਈ ਲਈ ਚੁਣਿਆ ਅਤੇ ਉਹ ਇਥੋਂ ਤਸੱਲੀ ਨਾਲ ਪਰਤ ਰਹੀ ਹੈ। ਸ਼੍ਰੀਮਤੀ ਟਾਮਾਰੌਂਗ ਨੂੰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦਾ ਸੈੱਟ ਵੀ ਭੇਟ ਕੀਤਾ ਗਿਆ। ਸ਼੍ਰੀਮਤੀ ਟਾਮਾਰੌਂਗ ਨੇ ਆਪਣੇ ਸ਼ਹਿਰ ਦੇ ਮੇਅਰ ਵੱਲੋਂ ਭੇਜੇ ਸਨਮਾਨ ਚਿੰਨ੍ਹ ਡਾ: ਮਨਜੀਤ ਸਿੰਘ ਕੰਗ ਨੂੰ ਭਂੇਟ ਕੀਤੇ। ਇਸ ਮੌਕੇ ਡਾ: ਜਗਤਾਰ ਸਿੰਘ ਧੀਮਾਨ, ਡਾ: ਨਿਰਮਲ ਜੌੜਾ ਅਤੇ ਡਾ: ਹ ਸ ਬਾਜਵਾ ਵੀ ਹਾਜ਼ਰ ਸਨ।