ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕਮਿਊਨਿਟੀ ਰੇਡੀਉ ‘ਰੇਡੀਉ ਪੰਜਾਬ 90.0’ ਨੇ ਆਪਣੀ ਪਹਿਲੀ ਵਰ੍ਹੇਗੰਢ ਬੜੀ ਧੂਮਧਾਮ ਅਤੇ ਧੂਮ-ਧਾਮ ਨਾਲ ਮਨਾਈ। ਇਸ ਦੌਰਾਨ ਰੇਡੀਉ ਟੀਮ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਾਲ ਭਰ ਤੋਂ ਰੇਡਿਉ ਪੰਜਾਬ ਦੀ ਵੱਲੋਂ ਸਮਾਜਿਕ, ਆਰਥਿਕ, ਸੱਭਿਆਚਾਰਕ, ਵਿਦਿਅਕ, ਸਿਹਤ, ਪਾਣੀ, ਸੈਨੀਟੇਸ਼ਨ ਅਤੇ ਕੁਦਰਤੀ ਆਫ਼ਤਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਤੀ ਲੋਕਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਡਿਉ ਪੰਜਾਬ ਦੀ ਟੀਮ ਵੱਲੋਂ ਐਸ.ਡੀ.ਐਮ ਖਰੜ ਸ੍ਰੀ ਅਵਿਕੇਸ਼ ਗੁਪਤਾ, ਸਿਵਲ ਸਰਜਨ ਮੁਹਾਲੀ ਸ੍ਰੀਮਤੀ ਆਦਰਸ਼ਪਾਲ ਕੌਰ, ਐਮ.ਸੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ, ਐਮ.ਸੀ ਕਾਰਜਸਾਧਕ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ, ਐਸ.ਡੀ.ਓ, ਐਮ.ਸੀ., ਐਸ.ਡੀ.ਓ ਘੜੂੰਆਂ ਸ੍ਰੀ ਹਰਪ੍ਰੀਤ ਸਿੰਘ ਸਮੇਤ ਦਰਜਨ ਤੋਂ ਜ਼ਿਆਦਾ ਪੰਚਾਇਤਾਂ ਦੇ ਸਰਪੰਚਾਂ ਅਤੇ ਡਾਕਟਰਾਂ ਨਾਲ ਲੋਕਾਂ ਦਾ ਸਿੱਧਾ ਰਾਬਤਾ ਕਾਇਮ ਕਰਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੁੱਖ ਭੂਮਿਕਾ ਨਿਭਾਈ ਹੈ।
ਸਵੇਰ ਦੇ ਸ਼ੋਅ ’ਨਵੀ ਸਵਾਰ’ ਦੇ ਮਾਧਿਅਮ ਰਾਹੀਂ ਰੇਡੀਉ ਦੀ ਟੀਮ ਜਿੱਥੇ ਐੱਸ.ਡੀ.ਐੱਮ., ਡੀ.ਸੀ., ਏ.ਡੀ.ਸੀ., ਐੱਮ.ਸੀ. ਕਾਰਜਕਾਰੀ, ਮੋਟੀਵੇਸ਼ਨਲ ਸਪੀਕਰਾਂ ਨੂੰ ਆਮ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ’ਫਿੱਟ ਗੱਲਾਂ, ਹਿੱਟ ਗੀਤ’ ਰਾਹੀਂ ਵੱਖ-ਵੱਖ ਸਿਹਤ ਮਾਹਿਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਕੇ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਫੈਲਾ ਰਹੀ ਹੈ। ਇਸ ਤੋਂ ਇਲਾਵਾ, ਰੇਡੀਓ ਪੰਜਾਬ ‘ਸੀਯੂ ਦੀ ਗੇੜੀ, ’ਸੀਯੂ ਦਾ ਮਾਈਕ’, ਮਾਨਸਿਕ ਸਿਹਤ ’ਤੇ ਆਧਾਰਿਤ ਪ੍ਰੋਗਰਾਮ ‘ਦਿਲ ਦੀਆਂ ਗੱਲਾਂ, ਪਿੰਡ ਦੀਆਂ ਗੱਲਾ ਅਤੇ ’ਯਾਦਾਂ ਦੇ ਕਲਾਸਰੂਮ’ ਵਰਗੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਮਾਜ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ।
ਰੇਡੀਓ ਪੰਜਾਬ ਨੇ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਇਲਾਵਾ, ਮਹਿਲਾ ਸਸ਼ਕਤੀਕਰਨ, ਸਿਹਤ, ਸੜਕ ਸੁਰੱਖਿਆ ਮੁਹਿੰਮ, ਕੋਵਿਡ-ਟੀਕਾਕਰਨ ਅਤੇ ਸਾਇੰਸ ਐਂਡ ਇਨੋਵੇਸ਼ਨ ਖੇਤਰਾਂ ’ਚ ਜਾਗਰੂਕਤਾ ਮੁਹਿੰਮਾਂ ਵਿੱਢੀਆਂ ਹਨ। ਰੇਡੀਓ ਟੀਮ ਵੱਲੋਂ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਸਰਪੰਚ ਤੇ ਹੋਰ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਸੂਬੇ ਦੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕਮਿਊਨਿਟੀ ਰੇਡੀਓ ਕਰੋਨਾ ਮਹਾਂਮਾਰੀ ਦੀ ਲਾਗ ਤੋਂ ਲੈ ਕੇ ਅਫਵਾਹਾਂ ਤੋਂ ਸੁਚੇਤ ਰਹਿਣ ਤੋਂ ਲੈ ਕੇ ਸੜਕ ਦੁਰਘਟਨਾ, ਸਿੱਖਿਆ, ਸਿਹਤ ਸਬੰਧੀ ਜਾਗਰੂਕਤਾ ਤੱਕ ਹਰ ਖੇਤਰ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਥਾਨਕ ਸਮੱਸਿਆਵਾਂ ਅਤੇ ਹਿੱਤਾਂ ਨੂੰ ਮੁੱਖ ਰੱਖਦਿਆਂ ਰੇਡੀਓ ਪੰਜਾਬ 90.0 ਦੇ ਖੇਤਰੀ ਪੱਧਰ ਦੇ ਪ੍ਰਸਾਰਣ ਰਾਹੀਂ ਸਥਾਨਕ ਪੱਧਰ ’ਤੇ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਡੀਓ ਹਮੇਸ਼ਾ ਹੀ ਆਮ ਲੋਕਾਂ ਤੱਕ ਪਹੁੰਚ ਕਰਨ ਦਾ ਅਹਿਮ ਜ਼ਰੀਆ ਰਿਹਾ ਹੈ ਅਤੇ ਰੇਡੀਓ ਪੰਜਾਬ ਲੋਕਾਂ ਵਿਚ ਫੈਲੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਭਖਦੇ ਮਸਲਿਆਂ ’ਤੇ ਚਰਚਾ ਕਰਕੇ ਸਮਾਜ ਦੇ ਹਿੱਤ ਵਿਚ ਕੰਮ ਕਰਨ ਲਈ ਸ਼ਲਾਘਾਯੋਗ ਉਪਰਾਲੇ ਕਰ ਰਿਹਾ ਹੈ।