ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਨੀਸ ਤੂਫਾਨ ਨੇ ਯੂਕੇ ਭਰ ਵਿੱਚ ਤਬਾਹੀ ਮਚਾਉਦਿਆਂ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਤੂਫ਼ਾਨ ਦੀ ਵਜ੍ਹਾ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਬੰਦ ਹੋਈ ਹੈ। ਯੂਕੇ ਵਿੱਚ ਆਉਣ ਵਾਲੇ ਸਭ ਤੋਂ ਭੈੜੇ ਤੂਫਾਨਾਂ ਵਿੱਚ ਸ਼ਾਮਲ ਇਸ ਤੂਫ਼ਾਨ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਵੀ ਹੋਈ। ਬਿਜਲੀ ਕੰਪਨੀਆਂ ਦੁਆਰਾ ਸ਼ੁੱਕਰਵਾਰ ਰਾਤ ਤੱਕ ਦਿੱਤੀ ਜਾਣਕਾਰੀ ਅਨੁਸਾਰ ਉੱਤਰੀ ਪਾਵਰ ਵਿੱਚ 6,000, ਪੱਛਮੀ ਪਾਵਰ ਵਿੱਚ 112,000, ਉੱਤਰੀ ਪੱਛਮੀ ਵਿੱਚ 260, ਯੂਕੇ ਪਾਵਰ ਨੈਟਵਰਕ ਵਿੱਚ 156,000 ਅਤੇ ਸਕਾਟਿਸ਼ ਅਤੇ ਦੱਖਣੀ ਨੈਟਵਰਕ ਵਿੱਚ 120,000 ਘਰਾਂ ਦੀ ਬਿਜਲੀ ਪ੍ਰਭਾਵਿਤ ਹੋਈ। ਇਸਦੇ ਨਾਲ ਹੀ ਰੇਲ ਸੇਵਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਤੂਫ਼ਾਨ ਕਾਰਨ ਉੱਡਦੇ ਮਲਬੇ ਕਾਰਨ ਟਰੇਨ ਨੈੱਟਵਰਕ ਵਿੱਚ ਵਿਘਨ ਪਿਆ, ਜਦੋਂਕਿ ਇਮਾਰਤਾਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਰਾਜਧਾਨੀ ਵਿੱਚ 60 ਮੀਲ ਪ੍ਰਤੀ ਘੰਟਾ ਤੇਜ਼ ਤੂਫਾਨ ਦੁਆਰਾ ਲੰਡਨ ਦੇ ਪ੍ਰਤੀਕ ੌ2 ਅਰੇਨਾ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉੱਤਰੀ ਲੰਡਨ ਦੇ ਹਰਿੰਗੇ ਵਿੱਚ ਇੱਕ ਕਾਰ ਉੱਤੇ ਦਰੱਖਤ ਡਿੱਗਣ ਕਾਰਨ 30 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ। ਇਹ ਯੂਨੀਸ ਨਾਲ ਸਬੰਧਤ ਇੰਗਲੈਂਡ ਵਿੱਚ ਪਹਿਲੀ ਪੁਸ਼ਟੀ ਕੀਤੀ ਮੌਤ ਸੀ। ਇਸਦੇ ਇਲਾਵਾ ਨੈਦਰਟਨ, ਮਰਸੀਸਾਈਡ ਵਿੱਚ ਇੱਕ 50 ਸਾਲਾ ਵਿਅਕਤੀ ਦੀ ਮੌਤ ਹੋਈ ਅਤੇ ਓਲਡ ਓਡੀਹਾਮ ਰੋਡ ‘ਤੇ ਇੱਕ ਮਰਸੀਡੀਜ਼-ਬੈਂਜ਼ ਸਪ੍ਰਿੰਟਰ ਪਿਕ-ਅਪ ਦੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਐਲਟਨ, ਹੈਂਪਸ਼ਾਇਰ ਵਿੱਚ 20 ਸਾਲਾਂ ਦੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਦੱਖਣੀ ਲੰਡਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਵੱਖਰੀਆਂ ਘਟਨਾਵਾਂ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਦੋ ਵਿਅਕਤੀ ਹਸਪਤਾਲ ਵਿੱਚ ਦਾਖਲ ਸਨ।
ਯੂਕੇ: ਯੂਨੀਸ ਤੂਫਾਨ ਨੇ ਮਚਾਈ ਭਾਰੀ ਤਬਾਹੀ, ਹਜ਼ਾਰਾਂ ਘਰਾਂ ਬਿਜਲੀ ਤੋਂ ਸੱਖਣੇ, 4 ਦੀ ਮੌਤ
This entry was posted in ਅੰਤਰਰਾਸ਼ਟਰੀ.