ਨਵੀਂ ਦਿੱਲੀ, (ਪਰਮਿੰਦਰਪਾਲ ਸਿੰਘ) – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਮੋਤੀ ਨਗਰ ਵਿਖੇ ਸੜਕ ਦਾ ਨਾਮ “ਗੁਰੂ ਤੇਗ ਬਹਾਦਰ ਮਾਰਗ” ਰੱਖਿਆ ਗਿਆ। 10 ਬਲਾਕ ਤੋਂ 13 ਬਲਾਕ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਮੋਤੀ ਨਗਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਥਾਨਕ ਨਗਰ ਕੌਂਸਲਰ ਵਿਪਿਨ ਮਲਹੋਤਰਾ ਦੇ ਯਤਨਾਂ ਸਦਕਾ ਮੁਕੰਮਲ ਕੀਤਾ ਗਿਆ। ਇਸ ਲਈ ਵਿਪਿਨ ਮਲਹੋਤਰਾ ਦਾ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ। ਉਪਰੰਤ ਨਾਮਕਰਣ ਪੱਥਰ ਦੀ ਘੁੰਡ ਚੁਕਾਈ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਅਰਦਾਸ ਦੇ ਅੰਤ ਵਿੱਚ ਸੰਗਤਾਂ ਨੇ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਾਏ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੋਤੀ ਨਗਰ ਦੀ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਫਨ ਸਿਨੇਮਾ ਹੋ ਕੇ ਨਜਫਗੜ੍ਹ ਰੋਡ ਤੋਂ ਮੋਤੀ ਨਗਰ ਨੂੰ ਆਉਣ ਵਾਲੇ ਪ੍ਰਵੇਸ਼ ਦੁਆਰ ਦਾ ਨਾਂ “ਗੁਰੂ ਗੋਬਿੰਦ ਸਿੰਘ ਦੁਆਰ’ ਰੱਖਣ ਦੀ ਮੰਗ ਕੀਤੀ ਗਈ ਸੀ, ਜੋ ਕਿ ਅਜੇ ਤੱਕ ਪੈਂਡਿੰਗ ਹੈ, ਇਸ ਲਈ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਮੌਕੇ ਆਏ ਸਾਰੇ ਮਹਿਮਾਨਾਂ ਅਤੇ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸੁਭਾਸ਼ ਸਚਦੇਵਾ, ਸਾਬਕਾ ਨਿਗਮ ਕੌਂਸਲਰ ਭਾਰਤ ਭੂਸ਼ਣ ਮਦਾਨ ਨੇ ਗੁਰਦੁਆਰਾ ਸਾਹਿਬ ਵਿੱਚ ਮਾਮੂਲੀ ਫੀਸ ਦੇ ਬਦਲੇ ਚੱਲ ਰਹੀਆਂ ਸਿਹਤ ਸਹੂਲਤਾਂ ਦੀ ਸ਼ਲਾਘਾ ਕਰਦੇ ਹੋਏ ਸਿੱਖ ਸੰਗਤ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਮਲਕਿੰਦਰ ਸਿੰਘ, ਭਾਈ ਬੀਬਾ ਸਿੰਘ ਖ਼ਾਲਸਾ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਸਾਹਨੀ, ਮੈਨੇਜਰ ਡਾ: ਪਰਮਿੰਦਰ ਪਾਲ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ, ਗੁਰਦੁਆਰਾ ਬੀ ਬਲਾਕ ਸੁਦਰਸ਼ਨ ਪਾਰਕ ਦੇ ਪ੍ਰਧਾਨ ਮਹਿੰਦਰ ਸਿੰਘ, ਗੁਰਦੁਆਰਾ ਐੱਫ਼ ਬਲਾਕ ਸੁਦਰਸ਼ਨ ਪਾਰਕ ਦੇ ਪ੍ਰਧਾਨ ਇਕਬਾਲ ਸਿੰਘ, ਗੁਰਦੁਆਰਾ ਸਤ ਭਾਈ ਗੋਲਾ ਜੀ ਦੇ ਮੁਖੀ ਅਮਰਜੀਤ ਸਿੰਘ ਅਤੇ ਗੁਰਦੁਆਰਾ ਮੋਤੀ ਨਗਰ ਤੋਂ ਸਤਨਾਮ ਸਿੰਘ, ਜਸਪਾਲ ਸਿੰਘ ਅਤੇ ਨਰਿੰਦਰ ਸਿੰਘ ਆਦਿਕ ਹਾਜ਼ਰ ਸਨ।