ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਪੰਜ ਰੋਜ਼ਾ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੇਟਲਿਫ਼ਟਿੰਗ ਅਤੇ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ (ਲੜਕੇ) ਦਾ ਸ਼ਾਨਦਾਰ ਆਗ਼ਾਜ਼ ਹੋਇਆ। ਪੰਜ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੀਆਂ 170 ਯੂਨੀਵਰਸਿਟੀਆਂ ਦੇ 1050 ਤੋਂ ਵੱਧ ਖਿਡਾਰੀ ਵੱਖ-ਵੱਖ ਭਾਰ ਵਰਗਾਂ ਅਧੀਨ ਵੇਟ ਲ਼ਿਫਟਿੰਗ ਅਤੇ ਬੈਸਟ ਫ਼ਿਜ਼ੀਕ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਰਹੇ ਹਨ। ਚੈਂਪੀਅਨਸ਼ਿਪ ਦੌਰਾਨ ਵੇਟ ਲਿਫ਼ਟਿੰਗ ਵਿੱਚ 700 ਅਤੇ ਬੈਸਟ ਫ਼ਿਜ਼ੀਕ ਵਿੱਚ 350 ਤੋਂ ਵੱਧ ਐਥਲੀਟ ਭਾਗ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਵੇਟ ਲਿਫ਼ਟਿੰਗ ਵਿੱਚ 55, 61, 67, 73, 81, 89, 96, 102, 109 ਅਤੇ 109+ ਕਿਲੋਗ੍ਰਾਮ ਵਰਗਾਂ ਤਹਿਤ ਮੁਕਾਬਲੇ ਖੇਡੇ ਜਾਣਗੇ ਜਦਕਿ ਬੈਸਟ ਫ਼ਿਜ਼ੀਕ ਵਿੱਚ 60, 65, 70, 75, 80, 85, 90 ਅਤੇ 109+ ਕਿਲੋਗ੍ਰਾਮ ਵਰਗਾਂ ਤਹਿਤ ਮੁਕਾਬਲੇ ਲੜੇ ਜਾਣਗੇ। ਇਹ ਮੁਕਾਬਲੇ ਡਾਇਰੈਕਟਰ ਕੰਪੀਟੀਸ਼ਨ ਸ੍ਰੀ ਪਾਲ ਸਿੰਘ ਸੰਧੂ, ਡਾਇਰੈਕਟਰ ਕੰਪੀਟੀਸ਼ਨ ਕੇ.ਡੀ.ਐਸ ਨਾਗਰਾ, ਦਰੋਣਾਚਾਰੀਆ ਐਵਾਰਡੀ ਹੰਸਾ ਸ਼ਰਮਾ ਸਮੇਤ 300 ਦੇ ਕਰੀਬ ਰੈਫ਼ਰੀਆਂ ਅਤੇ ਜੱਜਾਂ ਦੀ ਨਿਗਰਾਨੀ ਅਧੀਨ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਵੇਟਲਿਫ਼ਟਿੰਗ ਦੇ ਹਰ ਭਾਰ ਵਰਗ ਅਧੀਨ ਪਹਿਲੀਆਂ 8 ਪੁਜੀਸ਼ਨਾਂ ’ਤੇ ਰਹਿਣ ਵਾਲੇ ਖਿਡਾਰੀ ਆਗਾਮੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2021-22 ਲਈ ਨਾਮਜ਼ਦ ਹੋਣਗੇ।
ਪਹਿਲੇ ਦਿਨ ਦੇ ਬੈਸਟ ਫ਼ਿਜ਼ੀਕ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਪਾਲ ਸਿੰਘ ਸੰਧੂ ਨੇ ਦੱਸਿਆ ਕਿ 60 ਕਿਲੋਗ੍ਰਾਮ ਭਾਰ ਵਰਗ ਅਧੀਨ ਹੋਏ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਆਪਣੀ ਫਿਟਨੈਸ ਦਾ ਸਬੂਤ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿੱਚ ਡਾਵੰਗਰੀ ਯੂਨੀਵਰਸਿਟੀ ਕਰਨਾਟਕਾ ਦੇ ਮੰਜੂਨਾਥ ਡੀ ਨੇ ਪਹਿਲਾ, ਮੰਗਲੌਰ ਯੂਨੀਵਰਸਿਟੀ ਕਰਨਾਟਕਾ ਦੇ ਅਬੀਲਾਸ਼ ਨੇ ਦੂਜਾ ਸਥਾਨ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਲੋਕੇਸ਼ ਕੋਹਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 65 ਕਿਲੋਗ੍ਰਾਮ ਭਾਰ ਵਰਗ ਅਧੀਨ ਹੋਏ ਮੁਕਾਬਲਿਆਂ ’ਚ ਮੰਗਲੌਰ ਯੂਨੀਵਰਸਿਟੀ ਕਰਨਾਟਕਾ ਦੇ ਬੀ. ਸ਼ਰਥ ਸੇਰੂਗਰ ਨੇ ਪਹਿਲਾ ਸਥਾਨ, ਥਿਰੂਵੱਲੂਵਰ ਯੂਨੀਵਰਸਿਟੀ ਤਾਮਿਲਨਾਡੂ ਦੇ ਆਰ. ਰਮੇਸ਼ ਕਾਨਨ ਨੇ ਦੂਜਾ ਜਦਕਿ ਕੁਵੈਂਪੂ ਯੂਨੀਵਰਸਿਟੀ ਦੇ ਲੋਕੇਸ਼ ਪਾਟੇਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 70 ਕਿਲੋਗ੍ਰਾਮ ਭਾਰ ਵਰਗ ਅਧੀਨ ਹੋਏ ਮੁਕਾਬਲਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਜਤਿੰਦਰ ਨੇ ਪਹਿਲਾ, ਸ਼ਿਵਾਜੀ ਯੂਨੀਵਰਸਿਟੀ ਮਹਾਂਰਾਸ਼ਟਰ ਦੇ ਵੀ ਰੁਸ਼ੀਕੇਸ਼ ਏ ਨੇ ਦੂਜਾ ਜਦਕਿ ਐਮ.ਜੀ.ਯੂ ਕੁਟਾਯਾਮ ਯੂਨੀਵਰਸਿਟੀ ਕੇਰਲਾ ਦੇ ਸ਼ਾਮਜ਼ਿਥ ਈ.ਐਸ ਨੇ ਤੀਜਾ ਸਥਾਨ ਹਾਸਲ ਕੀਤਾ।
ਵੇਟਲਿਫ਼ਟਿੰਗ ਅਧੀਨ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੰਪੀਟੀਸ਼ਨ ਡਾਇਰੈਕਟਰ ਸ਼੍ਰੀ ਕੇ.ਡੀ.ਐਸ ਨਾਗਰ ਨੇ ਦੱਸਿਆ ਕਿ 55 ਕਿਲੋਗ੍ਰਾਮ ਵਰਗ ਮੁਕਾਬਲਿਆਂ ਵੱਖ-ਵੱਖ 45 ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਸਨੈਚ, ਕਲੀਨ ਐਂਡ ਜਰਕ ਸ੍ਰੇਣੀ ਤਹਿਤ ਖਿਡਾਰੀਆਂ ਨੂੰ ਵੱਧ ਤੋਂ ਵੱਧ ਭਾਰ ਚੁੱਕਣ ਲਈ ਤਿੰਨ-ਤਿੰਨ ਮੌਕੇ ਪ੍ਰਦਾਨ ਕੀਤੇ ਗਏ।ਜਿਸ ਵਿੱਚ ਰਵੀਸ਼ੰਕਰ ਸ਼ੁਕਲਾ ਯੂਨੀਵਰਸਿਟੀ ਛੱਤੀਸ਼ਗੜ੍ਹ ਦੇ ਵਿਜੈ ਕੁਮਾਰ ਨੇ ਸਨੈਚ ਵਿੱਚ 95 ਅਤੇ ਕਲੀਨ ਐਂਡ ਜਰਕ ਵਿੱਚ 133 ਕਿਲੋਗ੍ਰਾਮ (ਕੁੱਲ 228) ਭਾਰ ਚੁੱਕ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ ਅਤੇ ਇਸੇ ਤਰ੍ਹਾਂ ਕੇ.ਬੀ.ਸੀ.ਐਨ.ਐਮ ਯੂਨੀਵਰਸਿਟੀ ਜਲਗਾਓਂ ਦੇ ਮਹਾਜਨ ਉਦੈ ਅਨਿਲ ਨੇ ਸਨੈਚ ’ਚ 101 ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋਗ੍ਰਾਮ (ਕੁੱਲ 227 ਕਿਲੋਗਗਾਮ) ਭਾਰ ਚੁੱਕਦਿਆਂ ਦੂਜੇ ਸਥਾਨ ’ਤੇ ਕਬਜ਼ਾ ਕੀਤਾ।ਇਸੇ ਤਰ੍ਹਾਂ ਥਿਰੂਵੱਲੂਵਰ ਯੂਨੀਵਰਸਿਟੀ ਤਾਮਿਲਨਾਡੂ ਦੇ ਲੋਕੇਸ਼ ਕੇ.ਆਰ ਨੇ ਸਨੈਚ ’ਚ 101 ਅਤੇ ਕਲੀਨ ਐਂਡ ਜਰਕ ਵਿੱਚ 125 ਕਿਲੋਗ੍ਰਾਮ (ਕੁੱਲ 226 ਕਿਲੋਗ੍ਰਾਮ) ਭਾਰ ਚੁੱਕਦਿਆਂ ਦੂਜੇ ਸਥਾਨ ’ਤੇ ਕਬਜ਼ਾ ਕੀਤਾ।