ਨਵੀਂ ਦਿੱਲੀ- ਦੇਸ਼ਭਰ ਵਿੱਚ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਭਾਰਤ ਪੂਰਾ ਗਣਤੰਤਰ ਬਣਿਆ ਸੀ। ਇਸ ਮੌਕੇ ਤੇ ਦੇਸ਼ ਦੀ ਆਣ ਅਤੇ ਸ਼ਾਨ ਦਾ ਪੂਰਾ ਪ੍ਰਦਰਸ਼ਨ ਕੀਤਾ ਗਿਆ। ਰਾਜਪੱਥ ਤੇ ਦੇਸ਼ ਦੀਆਂ ਤਿੰਨਾਂ ਸੇਨਾਵਾਂ ਨੇ ਪਰੇਡ ਵਿੱਚ ਹਿੱਸਾ ਲੈ ਕੇ ਆਪਣੀ ਤਾਕਤ ਦਾ ਜੋਰਦਾਰ ਪ੍ਰਦਰਸ਼ਨ ਕੀਤਾ।
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਸ ਸਮੇਂ ਤਿਰੰਗਾ ਲਹਿਰਾਇਆ ਅਤੇ ਉਨ੍ਹਾ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਸਮੇਂ ਰਾਸ਼ਟਰਪਤੀ ਨੇ ਮੇਜਰ ਲੈਸ਼ਰਾਮ ਜਯੋਤਿਨ ਸਿੰਘ ਨੂੰ ਸ਼ਹੀਦ ਹੋਣ ਤੋਂ ਬਾਅਦ ਅਸ਼ੋਕ ਚਕਰ ਨਾਲ ਸਨਮਾਨਿਤ ਕੀਤਾ। ਲੈਸ਼ਰਾਮ ਨੇ ਆਪਣੀ ਜਾਨ ਤੇ ਖੇਡ ਕੇ ਪੰਜ ਲੋਕਾਂ ਨੂੰ ਬਚਾਇਆ ਸੀ। ਉਹ ਪਹਿਲੇ ਡਾਕਟਰ ਹਨ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਇਹ ਸੱਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ।
ਗਣਤੰਤਰ ਦਿਵਸ ਮੌਕੇ ਪੂਰੀ ਦਿੱਲੀ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। 35,000 ਦੇ ਕਰੀਬ ਜਵਾਨ ਦਿੱਲੀ ਦੇ ਚੱਪੇ-ਚੱਪੇ ਤੇ ਤੈਨਾਤ ਨਿਗਰਾਨੀ ਕਰ ਰਹੇ ਸਨ। ਯੂਏਵੀ ਰਾਹੀਂ ਅਸਮਾਨ ਤੋਂ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਸੱੰਭ ਤੋਂ ਪਹਿਲਾਂ ਰੱਖਿਆਮੰਤਰੀ ਐਂਟਨੀ ਨੇ ਇੰਡੀਆ ਗੇਟ ਤੇ ਬਣੇ ਅਮਰ ਜਵਾਨ ਜੋਤੀ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ। ਫਿਰ ਪ੍ਰਧਾਮੰਤਰੀ ਮਨਮੋਹਨ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਫਿਰ ਰਾਜਪੱਥ ਤੇ ਬਣੇ ਸਲਾਮੀ ਮੰਚ ਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਪਹੁੰਚੇ। ਇਸ ਸਮੇਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਸ਼ੀਲੋ ਯੂਧੋਯੋਨੋ ਵੀ ਮੌਜੂਦ ਸਨ।