ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਸਹਿਯੋਗ ਨਾਲ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਕੌਮਾਂਤਰੀ ਦਸਤਾਰ ਮੁਕਾਬਲਾ ਕਰਵਾਇਆ ਗਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਕਮੇਟੀ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਕੌਮਾਂਤਰੀ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 10 ਸਾਲ ਤੋਂ ਲੈ ਕੇ 25ਸਾਲ ਤਕ ਦੀ ਉਮਰ ਦੇ ਬੱਚਿਆਂ ਨੇ 100 ਤੋਂ ਵੱਧ ਬੱਚਿਆਂ ਸ਼ਿਰਕਤ ਕੀਤੀ। ਮੁਕਾਬਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੂੰ ਆਨਲਾਈਨ ਦੀ ਸੁਵਿਧਾ ਵੀ ਦਿੱਤੀ ਗਈ ਸੀ। ਜਿਸ ਦੇ ਚੱਲਦੇ ਵੱਡੇ ਪੱਧਰ ਤੇ ਦੇਸ਼ ਭਰ ਤੋਂ ਬੱਚੇ ਇਸ ਨਾਲ ਜੁੜੇ। ਮੁਕਾਬਲੇ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।
ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸਿਧਾਂਤਾ ਨਾਲ ਜੋੜਨਾ ਸਮੇਂ ਦੀ ਮੰਗ ਹੈ। ਦਸਤਾਰ ਕੀ ਹੈ ਅਤੇ ਇਸ ਦਾ ਕੀ ਮਹੱਤਵ ਹੈ ਇਸ ਸਬੰਧੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਅਜੋਕੇ ਦੌਰ ਵਿਚ ਨੌਜਵਾਨ ਪੀੜ੍ਹੀ ਫ਼ੈਸ਼ਨ ਪ੍ਰਸਤ ਹੁੰਦੀ ਜਾ ਰਹੀ ਹੈ ਦਸਤਾਰ/ਪਗੜੀ ਦੀ ਥਾਂ ਟੋਪੀ ਸਜਾ ਕੇ ਮਾਣ ਮਹਿਸੂਸ ਕਰਦੀ ਹੈ। ਇਸ ਲਈ ਸਿੱਖੀ ਸਿਧਾਂਤਾ ਪ੍ਰਤੀ ਡਟ ਕੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਅਣਮੁੱਲੀ ਦਾਤ ਹੈ ਮੁਗਲ ਕਾਲ ਸਮੇਂ ਜਦੋਂ ਦਸਤਾਰ ’ਤੇ ਪਾਬੰਦੀ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਗੁਰੂ ਦਾ ਸਿੱਖ ਸਜਾਇਆ ਅਤੇ ਉਸ ਲਈ ਦਸਤਾਰ ਨੂੰ ਜ਼ਰੂਰੀ ਕੀਤਾ।
ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ। ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਕਿ ਕਿਵੇਂ ਉਨ੍ਹਾਂ ਨੇ ਜ਼ਬਰਨ ਧਰਮ ਪਰਿਵਰਤਨ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਆਪਣੀ ਸ਼ਹਾਦਤ ਦਿੱਤੀ ਪਰ ਇਸਲਾਮ ਕਬੂਲ ਨਹੀਂ ਕੀਤਾ। ਇਸ ਲਈ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਾਨੂੰ ਸਾਰਿਆਂ ਨੂੰ ਮਿਲ ਕੇ ਫ਼ੈਸ਼ਨ ਪ੍ਰਸਤ ਹੋ ਰਹੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਅਤੇ ਇਸ ਵਿਚ ਬੱਚਿਆਂ ਦੇ ਮਾਤਾ-ਪਿਤਾ ਅਹਿਮ ਰੋਲ ਅਦਾ ਕਰ ਸਕਦੇ ਹਨ।