ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਲਾ ਮੁਹੱਲਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਏ ਗਏ।
ਮੁੱਖ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤਾ ਗਿਆ ਜਿਥੇ ਸੰਗਤਾਂ ਨੇ ਵੱਡੀ ਣਿਤੀ ਵਿਚ ਨਤਮਸਤਕ ਹੋ ਕੇ ਹਾਜ਼ਰੀਆਂ ਭਰੀਆਂ। ਇਥੇ ਮੁੱਖ ਸਮਾਗਮ ਨੁੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹੋਲਾ ਮੁਹੱਲਾ ਸਿੱਖਾਂ ਦੀ ਚੜਦੀਕਲਾ ਅਤੇ ਸੂਰਬੀਰਤਾ ਦਾ ਪ੍ਰਤੀਕ ਹੈ ਜੋ ਸਿੱਖ ਕੌਮ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਦੀ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜਿਥੇ ਸਾਰੀ ਭਾਰਤ ਭਰ ਵਿਚ ਲੋਕ ਹੋਲੀ ਦਾ ਤਿਓਹਾਰ ਮਨਾਉਦੇ ਹਨ, ਉਥੇ ਹੀ ਸਿੱਖ ਹੋਲਾ ਮੁਹੱਲਾ ਮਨਾਉਦੇ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਕੀਤੀ ਬਖਸ਼ਿਸ਼ ਸਦਕਾ ਇਸ ਦਿਨ ਗੁਰੂ ਦੀਆਂ ਲਾਡੀਆਂ ਫੌਜਾਂ ਜੰਗੀ ਜੌਹਰ ਵਿਖਾਉਦੀਆਂ ਹਨ ਤੇ ਗਤਕਾ ਖੇਡਿਆ ਜਾਂਦਾ ਹੈ ਤੇ ਹੋਰ ਸਿੱਖ ਮਾਰਸ਼ਲ ਆਰਟ ਵੀ ਇਸ ਦਿਨ ਦੁਨੀਆਂ ਨੁੰ ਵੇਖਣ ਨੁੰ ਮਿਲਦੀ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਇਹ ਰੰਗਾਂ ਦਾ ਤਿਓਹਾਰ ਹਰ ਵਿਅਕਤੀ ਦੇ ਜੀਵਨ ਵਿਚ ਨਵੇਂ ਰੰਗ ਤੇ ਉਮੰਗ ਲੈ ਕੇ ਆਉਦਾ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਹੋਲਾ ਮੁਹੱਲਾ ਸਹੀ ਤਰੀਕੇ ਤਾਂ ਹੀ ਮਨਾ ਸਕਦੇ ਹਾਂ ਜੇਕਰ ਅਸੀਂ ਗੁਰੂ ਸਾਹਿਬ ਦੇ ਹੁਕਮ ਮੰਨੀਏ, ਉਸਦੀ ਰਜ਼ਾ ਵਿਚ ਰਹੀਏ ਅਤੇ ਗੁਰਬਾਣੀ ਦੇ ਲੜ ਲੱਗ ਕੇ ਸੰਗਤਾਂ ਦੀ ਸੇਵਾ ਕਰੀਏ, ਲੋੜਵੰਦਾਂ ਦੀ ਬਾਂਹ ਫੜੀਏ ਤੇ ਮਨੁੱਖਤਾ ਵਾਸਤੇ ਹਰ ਉਹ ਕਾਰਜ ਕਰੀਏ ਜਿਸਦੀ ਮਨੁੱਖਤਾ ਨੁੰ ਜ਼ਰੂਰਤ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜਿਸ ਤਰੀਕੇ ਹੁਣ ਕੋਰੋਨਾ ਮਹਾਮਾਰੀ ਖਤਮ ਹੋ ਰਹੀ ਹੈ, ਉਹ ਦੁਨੀਆਂ ਲਈ ਬਹੁਤ ਚੰਗਾ ਸੰਕੇਤ ਹੈ ਪਰ ਦੋ ਸਾਲਾਂ ਦੀ ਇਸ ਮਹਾਂਮਾਰੀ ਦੌਰਾਨ ਸਿੱਖਾਂ ਨੇ ਦੁਨੀਆਂ ਭਰ ਨੁੰ ਵਿਖਾ ਦਿੱਤਾ ਹੈ ਕਿ ਗੁਰੂ ਸਾਹਿਬਾਨ ਦੇ ਦਰਸਾਏ ਰਾਹ ਚੱਲਦਿਆਂ ਅਸੀਂ ਕਿਵੇਂ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਰਾਹ ਚੱਲ ਕੇ ਅਸੀਂ ਸਹੀ ਤਰੀਕੇ ਹੋਲਾ ਮੁਹੱਲਾ ਮਨਾ ਸਕਦੇ ਹਾਂ।
ਇਹਨਾਂ ਸਮਾਗਮਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।