ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਪੰਜਾਬ ਦੀ ਸਰਕਾਰ ਚੁਣੀ ਹੈ ਜਿਸ ਦੀ ਵੱਡੀ ਜਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦਾ ਯਤਨ ਕਰਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਇਕ ਲਿਖਤੀ ਪ੍ਰੈਸ ਬਿਆਨ ਰਾਹੀ ਕਿਹਾ ਕਿ ਲੰਮੇ ਸਮੇਂ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਅਤੇ ਮੋਜੂਦਾ ਭਾਜਪਾ ਸਰਕਾਰ ਪੰਜਾਬ ਦੇ ਹਿੱਤਾਂ ਨਾਲ ਵਿਸ਼ਵਾਸ਼ਘਾਤ ਕਰਦੀ ਆ ਰਹੀ ਹੈ।ਪੰਜਾਬੀਆਂ ਨੇ ਪਿਛਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦੀ ਅਗਵਾਈ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਿਆਂ ਲਹੂ ਬੀਟਵੀਆਂ ਜੰਗਾਂ ਮੋਰਚਿਆਂ ਦੇ ਰੂਪ ਵਿੱਚ ਲੜੀਆਂ ਹਨ। ਅੱਜ ਜਦੋਂ ਪੰਜਾਬ ਦੀ ਨੁੰਮਾਇਦਗੀ ਕਰਨ ਲਈ ਰਾਜ ਸਭਾ ਦੀਆਂ ਖਾਲੀ ਪਈਆਂ ਸੀਟਾਂ ਉਤੇ ਪੰਜਾਬ ਦੇ ਨੁੰਮਾਇਦੇ ਭੇਜਣੇ ਹਨ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ, ਕਿਸਾਨੀ ਹਿੱਤਾਂ ਸਮੇਤ ਪੰਜਾਬ ਦੇ ਸਾਰੇ ਮਸਲਿਆਂ ਦੀ ਪਹਿਰੇਦਾਰੀ ਕਰਨ ਵਾਲੇ ਸੁਹਿਰਦ ਨੁੰਮਾਇਦੇ ਭੇਜਣੇ ਚਾਹੀਦੇ ਹਨ।ਸ੍ਰ. ਹਰਭਜਨ ਸਿੰਘ ਮਾਨ ਨਿਰਸੰਦੇਹ ਇਕ ਅੱਛਾ ਖਿਡਾਰੀ ਹੈ ਜਿਸ ਨੇ ਦੁਨੀਆਂ ਭਰ ਵਿੱਚ ਪੰਜਾਬ ਦਾ ਅਤੇ ਭਾਰਤ ਦਾ ਨਾਮ ਉੱਚਾ ਕੀਤਾ ਹੈ ਪਰ ਉਸਨੂੰ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਗਏ ਧੱਕਿਆਂ ਦੀ ਦਾਸਤਾਨ ਦੀ ਕਹਾਣੀ ਬਾਰੇ ਕੋਈ ਜਾਣਕਾਰੀ ਨਹੀ ਹੈ ਅਤੇ ਨਾ ਹੀ ਉਸਨੇ ਪੰਜਾਬ ਦੇ ਹਿੱਤਾਂ ਲਈ ਕੋਈ ਜੱਦੋ-ਜਹਿਦ ਕੀਤੀ ਹੈ।ਕਿਸੇ ਧਨਾਢ ਵਪਾਰੀ ਤੋਂ ਪੈਸੇ ਲੈ ਕੇ ਰਾਜ ਸਭਾ ਵਿੱਚ ਭੇਜਣਾ ਵੀ ਪੰਜਾਬ ਨਾਲ ਵਿਸ਼ਵਾਸਘਾਤ ਹੀ ਹੋਵੇਗਾ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਦੇ ਐਮ.ਐਲ.ਏਜ਼ ਰਾਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਰਾਜ ਸਭਾ ਵਿੱਚ ਭੇਜਣਾ ਪੰਜਾਬ ਨਾਲ ਨੰਗੀ ਚਿੱਟੀ ਗਦਾਰੀ ਹੀ ਹੋਵੇਗੀ। ਪੰਜਾਬੀਆਂ ਦਾ ਇਹ ਖਦਸਾ ਸੱਚ ਸਾਬਤ ਹੋਵੇਗਾ ਕਿ ਆਮ ਆਦਮੀ ਪਾਰਟੀ ਪੰਜਾਬ ਹਿਤੈਸ਼ੀ ਪਾਰਟੀ ਨਹੀਂ ਹੈ। ਸ੍ਰ. ਪੰਜੋਲੀ ਨੇ ਕਿਹਾ ਕਿ ਅੱਜ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹ ਕੇ ਉਹਨਾਂ ਦੀ ਹੋਂਦ ਹਸਤੀ ਮਿਟਾਂਉਣਾ ਚਾਹੁੰਦੀ ਹੈ ਅਤੇ ਕੇਂਦਰ ਦੀ ਸ਼ਕਤੀ ਦਾ ਵਿਕੇਂਦਰੀ ਕਰਨ ਦੀ ਬਜਾਇ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਤਾਂ ਇਸ ਗੱਲ ਦੀ ਹੋਰ ਵੀ ਵੱਧ ਜਰੂਰਤ ਪੈਂ ਜਾਂਦੀ ਹੈ ਕਿ ਪੰਜਾਬ ਦੇ ਹਿੱਤਾਂ ਦੀ ਸਮਝ ਰੱਖਣ ਵਾਲਾ ਅਤੇ ਪੰਜਾਬ ਦੇ ਹਿੱਤਾਂ ਲਈ ਸਿਦਕ ਉਤੇ ਪਹਿਰਾ ਦੇਣ ਵਾਲੇ ਨੂੰਮਾਇਦੇ ਭੇਜਣੇ ਚਾਹੀਦੇ ਹਨ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਾਰਟੀ ਵਿਚੋਂ ਹੀ ਮਿਹਨਤੀ, ਇਮਾਨਦਾਰ, ਅਤੇ ਜੁਝਾਰੂ ਸੋਚ ਵਾਲੇ ਗਰੀਬ ਵਰਕਰਾਂ ਨੂੰ ਰਾਜ ਸਭਾ ਵਿੱਚ ਬਤੌਰ ਪੰਜਾਬ ਦੇ ਨੂੰਮਾਇਦੇ ਭੇਜ਼ ਕੇ ਆਪਣੀ ਪਾਰਟੀ ਦਾ ਅਤੇ ਪੰਜਾਬ ਦਾ ਨਾਮ ਉਚਾ ਕਰਨ ਦਾ ਯਤਨ ਕਰਨ।