ਨਵੀਂ ਦਿੱਲੀ – ਦਿੱਲੀ ਦੀ ਸਮੂਹ ਪੰਥਕ ਧਿਰਾਂ ਨੂੰ ਇਕਜੁੱਟ ਕਰਨ ਦੇ ਮਕਸਦ ਨੂੰ ਲੈਕੇ ਅੱਜ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬੇਨਤੀ ਪੱਤਰ ਦਿੱਤਾ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਰਨਾ ਪਾਰਟੀ ਦਫਤਰ ਵਿਖੇ ਆਪਣੇ ਸਾਥੀ ਦਿੱਲੀ ਕਮੇਟੀ ਮੈਂਬਰਾਂ ਨਾਲ ਪੁੱਜੇ ਜੀਕੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਅਧਾਰ ਬਾਦਲ ਪਰਿਵਾਰ ਦੀ ਮਾੜੀਆਂ ਨੀਤੀਆਂ ਤੇ ਪੰਥ ਤੋਂ ਪਹਿਲਾਂ ਪਰਿਵਾਰ ਨੂੰ ਪਹਿਲ ਦੇਣ ਕਰਕੇ ਸਿਮਟ ਗਇਆ ਹੈ। ਜਿਸ ਕਰਕੇ ਸਿੱਖਾਂ ਦੀ ਸਰਕਾਰੇ-ਦਰਬਾਰੇ ਪੁੱਛ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜੋਂ ਕਿ ਭਵਿੱਖ ਵਿੱਚ ਸਿੱਖ ਹਿੱਤਾਂ ਲਈ ਨੁਕਸਾਨਦੇਅ ਸਾਬਿਤ ਹੋ ਸਕਦਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀ ਰਾਜਸਭਾ ਵਿੱਚ ਗੱਲ ਕਰਨ ਦੀ ਰਾਹ ਵੀ ਬੰਦ ਹੋ ਗਈ ਹੈ। ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜਸਭਾ ਵਿੱਚ ਭੇਜਣ ਲਈ ਗੈਰ ਪੰਜਾਬੀ ਤੇ ਪੰਜਾਬ ਦੇ ਹਿੱਤਾਂ ਤੋਂ ਬੇਪਰਵਾਹ ਲੋਕਾਂ ਨੂੰ ਉਮੀਦਵਾਰ ਬਣਾਇਆ ਹੈ। ਇਸ ਲਈ ਪੰਜਾਬ ਤੇ ਸਿੱਖੀ ਦੇ ਉਜਲੇ ਭਵਿੱਖ ਲਈ ਸਾਰੀਆਂ ਪੰਥਕ ਧਿਰਾਂ ਦੇ ਸਿਰ ਜੋੜ ਕੇ ਬੈਠਣ ਦੀ ਲੋੜ ਅੱਜ ਪੰਥਕ ਸਫਿਆਂ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਪੰਥ ਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬੀਤੇ ਦਿਨੀਂ ਜਾਗੋ ਪਾਰਟੀ ਦੇ ਪਰਿਵਾਰ ਵਿੱਚ ਮੇਰੀ ਉਸਾਰੂ ਗੱਲਬਾਤ ਹੋਈ ਹੈ। ਜਿਸ ਵਿੱਚ ਇਹ ਫੈਸਲਾ ਹੋਇਆ ਕਿ ਪੰਥ ਦੀ ਇਕਜੁਟਤਾ ਲਈ ਜਾਗੋ ਪਾਰਟੀ ਇਸ ਮਾਮਲੇ ‘ਤੇ ਪਹਿਲਕਦਮੀ ਕਰੇ।
ਜੀਕੇ ਨੇ ਕਿਹਾ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ 100 ਸਾਲ ਦੇ ਲੰਬੇ ਗੋਰਵਮਈ ਇਤਿਹਾਸ ਦੀ ਵਾਰਸ਼ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਕਾਇਮ ਕਰਨ ਵਾਸਤੇ ਸਾਡੇ ਵਡੇਰਿਆਂ ਨੇ ਲ਼ਹੂ ਡੋਲਿਆ ਹੈ। ਇਸ ਦਾ ਜਨਮ ਉਸ ਜ਼ਾਲਮ ਅੰਗਰੇਜ਼ ਹਕੂਮਤ ਦੇ ਦੌਰਾਨ ਹੋਈਆਂ ਸੀ, ਜਿਸ ਨੇ 1857 ਦਾ ਗ਼ਦਰ ਤੇ ਕਈ ਹੋਰ ਅਜ਼ਾਦੀ ਦੀ ਅਵਾਜ਼ਾਂ ਨੂੰ ਕੁਚਲ ਕੇ ਰੱਖ ਦਿੱਤਾ ਸੀ। ਲੇਕਿਨ ਇਹੀ ਗੋਰੀ ਸਰਕਾਰ ਪੰਥ ਦੇ ਜਜ਼ਬੇ ਅਤੇ ਸ਼ਾਹਦਤਾਂ ਦੇ ਸਾਹਮਣੇ ਗੋਡੇ ਟੇਕ ਗਈ ਸੀ। ਇਥੋਂ ਤੱਕ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਸੀ ਕਿ “ਸਿੱਖੋਂ ਨੇ ਅਜ਼ਾਦੀ ਕੀ ਪਹਿਲੀ ਲੜਾਈ ਜਿੱਤ ਲੀ ਹੈ”। ਜਿਵੇਂ ਕੀ ਸਾਡਾ ਇਤਿਹਾਸ ਰਿਹਾ ਹੈ ਕਿ ਸਿੱਖ ਮਿਸਲਾਂ ਵੀਂ ਵਿਚਾਰਕ ਵਖਰੇਂਵੇਂ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕੌਮੀ ਮਸਲਿਆਂ ‘ਤੇ ਇਕਜੁਟਤਾ ਦਿਖਾਉਂਦੀਆਂ ਸਨ। ਕਿਉਂਕਿ ਪੰਜਾਬ ਦੇ ਕਾਲੇ ਦੌਰ ਦਾ ਅਸਰ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੇ ਨਸਲਕੁਸ਼ੀ ਤੋਂ ਲੈਕੇ ਮਨੁੱਖੀ ਹੱਕਾਂ ਦੇ ਵਿਤਕਰੇ ਦੇ ਰੂਪ ਵਿੱਚ ਆਪਣੇ ਪਿੰਡੇ ‘ਤੇ ਹੰਡਾਇਆ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਪ੍ਰਾਪਤੀ ਲਈ ਪੰਥ ਅੱਜ ਵੀ ਜਦੋਜਹਿਦ ਕਰ ਰਿਹਾ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਦਿੱਲੀ ਦੀ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਂਦਾ ਜਾਵੇ, ਤਾਂਕਿ ਸਿੱਖ ਵਿਚਾਰਧਾਰਾ ਦੀ ਮਜ਼ਬੂਤੀ ਨਾਲ ਪ੍ਰੋੜਤਾ ਕਰਨ ਵਾਲਾ ‘ਦਬਾਅ ਸਮੂਹ’ ਬਣਾ ਕੇ ਸਿੱਖ ਹਿੱਤਾਂ ਦੀ ਸੁਚੱਜੀ ਚੌਕੀਦਾਰੀ ਸੰਭਵ ਹੋ ਸਕੇ। ਵੱਡੀ ਗਿਣਤੀ ਵਿੱਚ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਹਿਤਾਂ ਦੀ ਚੌਕੀਦਾਰੀ ਕਰਨ ਲਈ ਵੀ ਇਹ ਪੰਥਕ ਏਕਤਾ ਲੋੜੀਂਦੀ ਹੈ। ਕੇਂਦਰ ਅਤੇ ਸੂਬਿਆਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਹੋਣ ਦੇ ਕਾਰਣ ਸਭ ਨਾਲ ਸਿੱਖ ਮਾਮਲਿਆਂ ਤੇ ਰਾਫਤਾ ਕਾਇਮ ਕਰਨ ਲਈ ਇਹ ‘ਦਬਾਅ ਸਮੂੰਹ’ ਨਿਰਪੱਖ ਹੋਕੇ ਵਿਚਰੇ, ਉਸ ਲਈ ਸਮੂੰਹ ਪੰਥਕ ਆਗੂਆਂ ਦੀ ਵਿਚਾਰਕ ਏਕਤਾ ਜਰੂਰੀ ਹੈ। ਸਰਨਾ ਨੇ ਜੀਕੇ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦੇ ਹੋਏ ਭਰੋਸਾ ਦਿੱਤਾ ਕਿ ਅਸੀਂ ਨਿੱਜੀ ਮੁਫਾਦਾਂ ਤੋਂ ਪੰਥਕ ਮੁਫਾਦਾਂ ਨੂੰ ਅੱਗੇ ਰੱਖ ਕੇ ਪੰਥ ਦੀ ਏਕਤਾ ਦੇ ਮੁੱਦਈ ਹਾਂ। ਇਸ ਮੌਕੇ ਜੀਕੇ ਦੇ ਨਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਤੇ ਮਹਿੰਦਰ ਸਿੰਘ ਮੌਜੂਦ ਸਨ।