ਬਲਾਚੌਰ, ( ਉਮੇਸ਼ ਜੋਸ਼ੀ )ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਹੁਣ ਪਾਰਟੀ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀਪੀਆਈ (ਐੱਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਵੱਲੋਂ ਰਾਜ ਸਭਾ ਲਈ ਗ਼ੈਰ ਪੰਜਾਬੀਆਂ ਨੂੰ ਭੇਜਿਆ ਗਿਆ ਤਾਂ ਇਹ ਰਾਜ ਨਾਲ ਧੋਖਾ ਹੋਵੇਗਾ।
ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਸਥਾਪਤ ਕੀਤੀ ਹੈ। ਹੁਣ ਇਸ ਪਾਰਟੀ ਦੀ ਹਾਈਕਮਾਂਡ ਨੂੰ ਚਾਹੀਦਾ ਹੈ ਉਹ ਕਿ ਪੰਜਾਬ ਸਰਕਾਰ ਅਤੇ ਵਿਧਾਇਕਾਂ ਨੂੰ ਪੂਰੀ ਆਜ਼ਾਦੀ ਤੇ ਮਰਜ਼ੀ ਨਾਲ ਕੰਮ ਕਰਨ ਦੀ ਖੁੱਲ੍ਹ ਦੇਵੇ। ਲੋਕ ਚੋਣਾਂ ਤੋਂ ਪਹਿਲਾਂ ਹੀ ਇਹ ਖਦਸ਼ਾ ਜ਼ਾਹਰ ਕਰ ਰਹੇ ਸਨ ਕਿ ਭਗਵੰਤ ਮਾਨ ਤੋਂ ਮੋਹਰ ਬਣਾ ਕੇ ਕੰਮ ਲਿਆ ਜਾਵੇਗਾ ਜਦ ਕਿ ਸਮੁੱਚਾ ਕੰਟਰੋਲ ਦਿੱਲੀ ਵਾਲਿਆਂ ਕੋਲ ਹੋਵੇਗਾ। ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕੈਬਨਿਟ ਮੰਤਰੀਆਂ ਦੀ ਚੋਣ ਅਤੇ ਹੁਣ ਰਾਜ ਸਭਾ ਲਈ ਪੰਜਾਬ ਤੋਂ ਬਾਹਰ ਦੇ ਉਮੀਦਵਾਰ ਬਣਾਉਣ ਨਾਲ ਇਹ ਖਦਸ਼ਾ ਸੱਚ ਵਿੱਚ ਬਦਲਦਾ ਵਿਖਾਈ ਦਿੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪੰਜ ਰਾਜ ਸਭਾ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਨਰੇਸ਼ ਗੁਜਰਾਲ, ਸ਼ਮਸ਼ੇਰ ਸਿੰਘ ਦੁਲੋ ਤੇ ਸ਼ਵੇਤ ਮਲਿਕ ਦਾ ਰਾਜ ਸਭਾ ਮੈਂਬਰੀ ਦਾ ਸਮਾਂ ਪੂਰਾ ਹੋਣ ਕਾਰਨ 31 ਮਾਰਚ ਨੂੰ ਇਹਨਾਂ ਸੀਟਾਂ ਲਈ ਚੋਣ ਹੋ ਰਹੀ ਹੈ। ਜਦ ਕਿ ਦੋ ਮੈਂਬਰਾਂ ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੂੰਦਡ਼ ਦਾ ਰਾਜ ਸਭਾ ਮੈਂਬਰੀ ਦਾ ਸਮਾਂ ਜੁਲਾਈ ਵਿੱਚ ਪੂਰਾ ਹੋਵੇਗਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣ ਜਾਣ ਨਾਲ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਪੰਜੋਂ ਹੀ ਮੈਂਬਰ ਇਸ ਪਾਰਟੀ ਦੇ ਬਣ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਸੰਦੀਪ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ, ਅਸ਼ੋਕ ਮਿੱਤਲ ਤੇ ਸੰਜੀਵ ਅਰੋਡ਼ਾ ਦਾ ਨਾਂ ਐਲਾਨਿਆ ਗਿਆ ਹੈ। ਇਹਨਾਂ ਨਾਵਾਂ ਵਿੱਚ ਤਿੰਨ ਗ਼ੈਰ ਪੰਜਾਬੀ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਗ਼ੈਰ ਪੰਜਾਬੀਆਂ ਨੂੰ ਰਾਜ ਸਭਾ ਵਿੱਚ ਭੇਜਣਾ ਪੰਜਾਬ ਰਾਜ ਨਾਲ ਧੋਖਾਦੇਹੀ ਅਤੇ ਵੋਟਰਾਂ ਨਾਲ ਬੇਵਿਸ਼ਵਾਸੀ ਹੋਵੇਗੀ। ਲੋਕਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਸੂਬੇ ਨੂੰ ਵੇਚਿਆ ਨਹੀਂ ਗਿਆ। ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ ਅਤੇ ਰਾਜ ਸਭਾ ਮੈਂਬਰ ਪੰਜਾਬ ਵਿੱਚੋਂ ਹੀ ਭੇਜੇ ਜਾਣ। ਅਜਿਹਾ ਨਾ ਕਰਨ ‘ਤੇ ਪੰਜਾਬ ਦੇ ਲੋਕਾਂ ਦਾ ਇਸ ਨਵੀਂ ਸਰਕਾਰ ਤੋਂ ਭਰੋਸਾ ਟੁੱਟ ਜਾਵੇਗਾ।ਕਾਮਰੇਡ ਸੇਖੋਂ ਨੇ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਰਾਜ ਸਭਾ ਲਈ ਆਪਣਾ ਉਮੀਦਵਾਰ ਜ਼ਰੂਰ ਖਡ਼੍ਹਾ ਕਰੇ ਤਾਂ ਜੋ ਉਹ ਇਸ ਚੋਣ ਪ੍ਰਕਿਰਿਆ ਵਿੱਚ ਮੁਕਾਬਲੇ ਵਿੱਚ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਿਸੇ ਲਿਖਾਰੀ ਜਾਂ ਕਿਸੇ ਵਿਦਵਾਨ ਆਦਿ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ।