ਫ਼ਤਹਿਗੜ੍ਹ ਸਾਹਿਬ – “ਸਭ ਕੌਮਾਂ ਦੇ ਆਪੋ-ਆਪਣੇ ਸ਼ਹੀਦ ਤੇ ਸਖਸ਼ੀਅਤਾਂ ਹੁੰਦੀਆਂ ਹਨ, ਉਸੇ ਤਰ੍ਹਾਂ ਸਿੱਖ ਕੌਮ ਦੇ ਵੀ ਆਪਣੇ ਸ਼ਹੀਦ ਅਤੇ ਸਖਸ਼ੀਅਤਾਂ ਹਨ । ਇਸ ਲਈ ਕਿਸੇ ਹੋਰ ਕੌਮ ਦੇ ਕਿਸੇ ਆਗੂ ਵੱਲੋਂ ਸਾਡੀ ਕੌਮ ਦੇ ਸ਼ਹੀਦਾਂ ਤੇ ਮਹਾਨ ਸਖਸ਼ੀਅਤਾਂ ਪ੍ਰਤੀ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਕਰਨਾ ਜਾਂ ਉਨ੍ਹਾਂ ਦੇ ਫਲੈਕਸ ਬੋਰਡਾਂ, ਝੰਡਿਆਂ, ਫੋਟੋਆਂ ਆਦਿ ਨੂੰ ਆਪਣੇ ਵਹੀਕਲਜ ਉਤੇ ਲਗਾਉਣ ਉਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣ ਜਾਂ ਅਪਮਾਨਜ਼ਨਕ ਸ਼ਬਦਾਵਲੀ ਵਰਤਕੇ ਤੋਹੀਨ ਕਰਨ ਦੀ ਇਜਾਜਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਕਿਸੇ ਵੀ ਆਗੂ ਜਾਂ ਹੁਕਮਰਾਨ ਨੂੰ ਕਤਈ ਨਹੀਂ ਦੇਵੇਗੀ । ਕਿਉਂਕਿ ਇਹ ਫੈਸਲਾ ਸਿੱਖ ਕੌਮ ਦਾ ਆਪਣਾ ਹੈ ਕਿ ਉਨ੍ਹਾਂ ਦੇ ਸ਼ਹੀਦ ਤੇ ਮਹਾਨ ਸਖਸ਼ੀਅਤਾਂ ਕੌਣ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਵੱਲੋਂ ਕੀਤੀ ਗਈ ਉਸ ਭੜਕਾਊ ਬਿਆਨਬਾਜੀ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਨਿਵਾਸੀਆ ਤੇ ਨੌਜ਼ਵਾਨੀ ਨੂੰ ਆਪਣੇ ਹਿਮਾਚਲ ਦੇ ਗੁਰੂਘਰਾਂ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਸਮੇਂ ਆਉਦੇ-ਜਾਂਦੇ ਆਪਣੇ ਵਹੀਕਲਜ ਉਤੇ ਖਾਲਸਾਈ ਝੰਡੇ ਜਾਂ ਆਪਣੇ ਸ਼ਹੀਦਾਂ ਦੇ ਝੰਡੇ ਲਗਾਉਣ ਉਤੇ ਰੋਕ ਲਗਾਉਣ ਸੰਬੰਧੀ ਕਿਹਾ ਹੈ ਉਸਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਦੁੱਖਦਾਇਕ ਅਮਲ ਨੂੰ ਸਿੱਖ ਕੌਮ ਦੀ ਧਾਰਮਿਕ ਆਜਾਦੀ ਉਤੇ ਹਮਲਾ ਕਰਾਰ ਦਿੰਦੇ ਹੋਏ ਇਸਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਮੁਤੱਸਵੀ ਸੋਚ ਵਾਲੀ ਹਿੰਦੂਤਵ ਲੀਡਰਸ਼ਿਪ ਨੂੰ ਆਪਣੇ ਜ਼ਹਿਨ ਵਿਚ ਰੱਖਣਾ ਪਵੇਗਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਉਹ ਮਹਾਨ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 20ਵੀਂ ਸਦੀਂ ਦੇ ਮਹਾਨ ਸਿੱਖ ਦਾ ਖਿਤਾਬ ਦੇ ਕੇ ਨਿਵਾਜਿਆ ਹੋਇਆ ਹੈ ਅਤੇ ਜਿਨ੍ਹਾਂ ਦੀ ਕੱਦਬੁੱਤ ਫੋਟੋ ਸ੍ਰੀ ਦਰਬਾਰ ਸਾਹਿਬ ਸਥਿਤ ਸਿੱਖ ਅਜਾਇਬਘਰ ਵਿਚ ਸੁਸੋਭਿਤ ਕੀਤੀ ਹੋਈ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਕਿਸੇ ਨੂੰ ਵੀ ਅਜਿਹਾ ਹੱਕ ਕਤਈ ਨਹੀਂ ਦੇਵੇਗਾ ਕਿ ਉਹ ਸਾਡੇ ਸ਼ਹੀਦਾਂ ਅਤੇ ਮਹਾਨ ਸਖਸ਼ੀਅਤਾਂ ਦੇ ਝੰਡੇ-ਬੂੰਗੇ ਬੁਲੰਦ ਕਰਨ, ਆਪਣੇ ਵਹੀਕਲਜ ਉਤੇ ਉਨ੍ਹਾਂ ਨੂੰ ਲਗਾਕੇ ਫਖ਼ਰ ਨਾਲ ਸਮੁੱਚੇ ਇੰਡੀਆ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਵਿਚਰਣ ਉਤੇ ਕੋਈ ਸ਼ਕਤੀ ਰੋਕ ਲਗਾਉਣ ਦੀ ਗੁਸਤਾਖੀ ਕਰੇ ।
ਉਨ੍ਹਾਂ ਇਹ ਵੀ ਕਿਹਾ ਕਿ ਇੰਡੀਆ ਦਾ ਵਿਧਾਨ ਜਦੋਂ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਆਪਣੀ ਧਾਰਮਿਕ ਆਜਾਦੀ ਦਾ ਹੱਕ ਪ੍ਰਦਾਨ ਕਰਦਾ ਹੈ ਤਾਂ ਸ੍ਰੀ ਜੈ ਰਾਮ ਠਾਕੁਰ ਵਰਗੇ ਮੁਤੱਸਵੀ ਲੋਕ ਜੋ ਉੱਚ ਅਹੁਦਿਆ ਤੇ ਬਿਰਾਜਮਾਨ ਹਨ, ਤਾਂ ਉਹ ਇਸ ਵਿਧਾਨਿਕ ਮਿਲੀ ਆਜਾਦੀ ਨੂੰ ਕਿਵੇ ਰੋਕ ਸਕਦੇ ਹਨ ? ਫਿਰ ਹਿਮਾਚਲ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸ਼ਾਂ ਦੀ ਪਵਿੱਤਰ ਧਰਤੀ ਦਾ ਹੀ ਉਹ ਹਿੱਸਾ ਹੈ ਜਿਸਨੂੰ ਹੁਕਮਰਾਨਾਂ ਨੇ ਸਾਜ਼ਸੀ ਢੰਗਾਂ ਤੇ ਮੰਦਭਾਵਨਾ ਅਧੀਨ ਪੰਜਾਬ ਤੋ ਵੱਖ ਕਰਕੇ ਬੀਤੇ ਸਮੇਂ ਵਿਚ ਸੂਬਾ ਬਣਾ ਦਿੱਤਾ ਸੀ । ਜਦੋਕਿ ਸੈਕੜਿਆ ਦੀ ਗਿਣਤੀ ਵਿਚ ਸਿੱਖ ਕੌਮ ਦੇ ਧਾਰਮਿਕ ਅਸਥਾਂਨ, ਗੁਰੂਘਰ ਅੱਜ ਵੀ ਹਿਮਾਚਲ ਵਿਚ ਤੇ ਹੋਰਨਾਂ ਸੂਬਿਆਂ ਵਿਚ ਸਥਿਤ ਹਨ । ਸੀ੍ਰ ਜੈ ਰਾਮ ਠਾਕੁਰ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ, ਸੇਵਾ ਕਰਨ ਅਤੇ ਉਥੇ ਆਪਣੀਆ ਧਾਰਮਿਕ ਸਰਗਰਮੀਆ ਕਰਨ ਜਾਂ ਆਪਣੇ ਮਹਾਨ ਸ਼ਹੀਦਾਂ ਅਤੇ ਸਖਸ਼ੀਅਤਾਂ ਦੇ ਝੰਡਿਆ, ਫਲੈਕਸਾਂ ਨੂੰ ਲਗਾਉਣ ਤੋ ਨਹੀ ਰੋਕ ਸਕਦੀ । ਦੂਸਰਾ ਪੰਜਾਬ-ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਇੰਡੀਆ ਨੇ ਜਦੋਂ ਸਾਨੂੰ ਕਾਨੂੰਨੀ ਤੌਰ ਤੇ ਖ਼ਾਲਿਸਤਾਨ, ਸੰਤ-ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਆਪਣੇ ਮਹਾਨ ਸ਼ਹੀਦਾਂ ਦਾ ਜਮਹੂਰੀਅਤ ਢੰਗ ਨਾਲ ਪ੍ਰਚਾਰ, ਪ੍ਰਸਾਰ ਕਰਨ ਅਤੇ ਉਨ੍ਹਾਂ ਦੀਆਂ ਫੋਟੋਆਂ, ਫਲੈਕਸ ਲਗਾਕੇ ਉਨ੍ਹਾਂ ਸਖਸ਼ੀਅਤਾਂ ਵਿਚ ਸਰਧਾ ਪ੍ਰਗਟਾਉਣ ਦੇ ਹੱਕ ਦਿੱਤੇ ਹੋਏ ਹਨ, ਤਾਂ ਅਜਿਹੇ ਹੁਕਮਰਾਨਾਂ ਕੋਲ ਕੀ ਇਖਲਾਕੀ, ਸਮਾਜਿਕ, ਕਾਨੂੰਨੀ ਹੱਕ ਰਹਿ ਜਾਂਦਾ ਹੈ ਕਿ ਉਹ ਮੁਤੱਸਵੀ ਸੋਚ ਅਧੀਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਆਪਣੀਆ ਧਾਰਮਿਕ ਰਹੂ-ਰੀਤੀਆ ਅਨੁਸਾਰ ਆਪਣੀਆ ਭਾਵਨਾਵਾ ਦਾ ਪ੍ਰਗਟਾਵਾਂ ਕਰਨ ਤੋ ਰੋਕ ਸਕੇ । ਉਨ੍ਹਾਂ ਸੀ੍ਰ ਜੈ ਰਾਮ ਠਾਕੁਰ ਮੁੱਖ ਮੰਤਰੀ ਹਿਮਾਚਲ ਤੇ ਉਨ੍ਹਾਂ ਵਰਗੀ ਫਿਰਕੂ ਸੋਚ ਰੱਖਣ ਵਾਲੀ ਹਿੰਦੂਤਵ ਲੀਡਰਸਿਪ ਨੂੰ ਇਹ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਖਾਲਸਾ ਪੰਥ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬ ਦੀ ਇਹ ਗੁੜਤੀ ਹੈ ਕਿ ‘ਭੈ ਕਾਹੂ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’ ਦੇ ਅਨੁਸਾਰ ਨਾ ਤਾਂ ਅਸੀਂ ਕਿਸੇ ਨੂੰ ਡਰਾਉਦੇ ਹਾਂ ਅਤੇ ਨਾ ਹੀ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਤੋ ਕਿਸੇ ਤਰ੍ਹਾਂ ਦਾ ਡਰ-ਭੈ ਰੱਖਦੇ ਹਾਂ । ਇਸ ਲਈ ਅਜਿਹੇ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਅਜਿਹੀਆ ਭੜਕਾਊ ਬਿਆਨਬਾਜੀਆ ਤੋ ਤੋਬਾ ਕਰਕੇ ਇਥੋ ਦੇ ਮਾਹੌਲ ਨੂੰ ਜਮਹੂਰੀਅਤ ਅਤੇ ਅਮਨਮਈ ਰੱਖਣ ਵਿਚ ਬਣਦੀ ਜ਼ਿੰਮੇਵਾਰੀ ਨਿਭਾਉਣ ਨਾ ਕਿ ਇਸ ਮੁਲਕ ਨੂੰ ਆਜਾਦ ਕਰਵਾਉਣ ਵਾਲੀ, ਹਿੰਦੂ ਧੀਆਂ-ਭੈਣਾਂ ਨੂੰ ਜਾਬਰ ਮੁਗਲਾਂ ਤੋਂ ਰੱਖਿਆ ਕਰਨ ਵਾਲੀ ਸਿੱਖ ਕੌਮ ਨੂੰ ਜਲੀਲ ਕਰਨ ਦੀ ਗੁਸਤਾਖੀ ਕਰਨ ।