ਇਸਲਾਮਾਬਾਦ – ਪਾਕਿਸਤਾਨ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਸਰਕਾਰ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫੀ ਉਥਲ-ਪੁੱਥਲ ਮੱਚੀ ਹੋਈ ਹੈ। ਅੋਪੋਜੀਸ਼ਨ ਵੱਲੋਂ ਉਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਤੋੜਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿੱਚ ਇਮਰਾਨ ਖਾਨ ਨੇ ਇਸਲਾਮਾਬਾਦ ਵਿੱਚ ਆਪਣੇ ਸਮੱਰਥਕਾਂ ਦੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਅਤੇ ਆਪਣੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੇ ਵਿਕਾਸ ਦੇ ਲਈ ਸਿਆਸਤ ਵਿੱਚ ਆਏ ਸਨ ਅਤੇ ਸੱਭ ਵੇਖਣਗੇ ਕਿ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੇ ਪਹਿਲਾਂ ਏਨੀ ਗਰੀਬੀ ਘੱਟ ਨਹੀਂ ਕੀਤੀ ਹੋਵੇਗੀ ਜਿੰਨੀ ਕਿ ਅਸਾਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ਼ ਅੋਪੋਜੀਸ਼ਨ ਵੱਲੋਂ ਅਵਿਸ਼ਵਾਸ਼ ਦਾ ਪ੍ਰਸਤਾਵ ਲਿਆਂਦਾ ਗਿਆ ਹੈ, ਜਿਸ ਤੇ ਸੋਮਵਾਰ ਨੂੰ ਵੋਟਿੰਗ ਕਰਵਾਉਣੀ ਤੈਅ ਕੀਤੀ ਗਈ ਹੈ। ਇਸ ਲਈ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਕੁਰਸੀ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਰੈਲੀ ਵਿੱਚ ਹਜ਼ਾਰਾਂ ਦੀ ਸੰਖਿਆ ਵਿਚ ਲੋਕਾਂ ਨੇ ਸਿ਼ਰਕਤ ਕੀਤੀ। ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ਐਮਐਨਏ ਬੁਗਤੀ ਨੇ ਸਰਕਾਰ ਤੋਂ ਅਸਤੀਫ਼ਾ ਦੇ ਕੇ ਵਿਰੋਧੀ ਧਿਰ ਦਾ ਪੱਲਾ ਫੜ ਲਿਆ ਹੈ। ਬੁਗਤੀ ਨੇ ਬਿਲਾਵਲ ਭੁੱਟੋ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਸਤੀਫ਼ੇ ਦਾ ਐਲਾਨ ਕੀਤਾ ਅਤੇ ਪ੍ਰਧਾਨਮੰਤਰੀ ਦੇ ਵਿਰੋਧੀਆਂ ਦਾ ਸਾਥ ਦੇਣ ਦੀ ਵੀ ਗੱਲ ਕੀਤੀ।
ਵਿਰੋਧੀ ਦਲਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 342 ਸੰਸਦ ਮੈਂਬਰਾਂ ਦੀ ਨੈਸ਼ਨਲ ਅਸੈਂਬਲੀ ਵਿੱਚ ਉਨ੍ਹਾਂ ਦੇ ਕੋਲ ਜਰੂਰਤ ਅਨੁਸਾਰ 172 ਸੰਸਦ ਮੈਂਬਰ ਹਨ। ਸਰਕਾਰ ਦੇ 50 ਮੰਤਰੀਆਂ ਦੇ ਲਾਪਤਾ ਹੋਣ ਸਬੰਧੀ ਵੀ ਖ਼ਬਰਾਂ ਚੱਲ ਰਹੀਆਂ ਹਨ। ਕੁਝ ਸੰਸਦ ਮੈਂਬਰਾਂ ਦੇ ਵੀ ਬਾਗੀ ਹੋਣ ਦਾ ਖਦਸ਼ਾ ਹੈ।
ਪ੍ਰਧਾਨਮੰਤਰੀ ਨੇ ਇਮਰਾਨ ਖਾਨ ਨੇ ਆਪਣੇ ਸਮੱਰਥਕਾਂ ਨੂੰ ਕਿਹਾ ਕਿ ਉਹ ਨੈਸ਼ਨਲ ਅਸੈਂਬਲੀ ਨੂੰ ਘੇਰਨ ਅਤੇ ਸੰਸਦਾਂ ਨੂੰ ਅੰਦਰ ਜਾਣ ਤੋਂ ਰੋਕਣ।