ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸਯੁੰਕਤ ਕਿਸਾਨ ਮੋਰਚਾ 9 ਦਸੰਬਰ ਦੇ ਭਾਰਤ ਸਰਕਾਰ ਦੇ ਭਰੋਸੇ ਪੱਤਰ ਵਿੱਚ ਜ਼ਿਕਰ ਕੀਤੇ ਗਏ ਕਮੇਟੀ ਦੇ ਗਠਨ ਬਾਰੇ ਸਰਕਾਰ ਨਾਲ ਆਪਣੀ ਹਾਲੀਆ ਗੱਲਬਾਤ ਬਾਰੇ ਜਾਣਕਾਰੀ ਨੂੰ ਜਨਤਕ ਕਰਨਾ ਚਾਹੁੰਦਾ ਹੈ।
ਕਿਸਾਨ ਨੇਤਾ ਡਾ: ਦਰਸ਼ਨ ਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ ‘ਕੱਕਾਜੀ’, ਯੁੱਧਵੀਰ ਸਿੰਘ, ਯੋਗਿੰਦਰ ਯਾਦਵ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਦਸੰਬਰ ਮਹੀਨੇ ਤੋਂ ਸਰਕਾਰ ਨੇ ਇਸ ਕਮੇਟੀ ਦੇ ਗਠਨ ਲਈ ਕੋਈ ਕਦਮ ਨਹੀਂ ਚੁੱਕਿਆ। ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿੱਚ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ। ਫਿਰ ਸਰਕਾਰ ਨੇ ਆਪਣੀ ਗੈਰ-ਸਰਗਰਮੀ ਤੋਂ ਪਾਸਾ ਵੱਟਣ ਲਈ ਚੋਣ ਜ਼ਾਬਤੇ ਦਾ ਬਹਾਨਾ ਦਿੱਤਾ, ਹਾਲਾਂਕਿ ਚੋਣ ਜ਼ਾਬਤਾ ਅਜਿਹੇ ਪਹਿਲਾਂ ਤੋਂ ਐਲਾਨੇ ਫੈਸਲੇ ਨੂੰ ਲਾਗੂ ਕਰਨ ‘ਤੇ ਰੋਕ ਨਹੀਂ ਲਗਾਉਂਦਾ।
ਅਖੀਰ ਵਿੱਚ, 22 ਮਾਰਚ ਨੂੰ ਸਯੁੰਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਯੁੱਧਵੀਰ ਸਿੰਘ ਨੂੰ ਖੇਤੀਬਾੜੀ ਸਕੱਤਰ ਸ੍ਰੀ ਸੰਜੇ ਅਗਰਵਾਲ ਦਾ ਫੋਨ ਆਇਆ, ਜਿਸ ਵਿੱਚ ਭਾਰਤ ਸਰਕਾਰ ਦੁਆਰਾ ਗਠਿਤ ਕਮੇਟੀ ਲਈ ਸਯੁੰਕਤ ਕਿਸਾਨ ਮੋਰਚੇ ਤੋਂ ਦੋ-ਤੋਂ ਤਿੰਨ ਨਾਵਾਂ ਦਾ ਸੱਦਾ ਦਿੱਤਾ ਗਿਆ।
ਹਾਲਾਂਕਿ, ਮੁੱਖ-ਜ਼ੁਬਾਨੀ ਗੱਲਬਾਤ ਕਮੇਟੀ ਬਾਰੇ ਮਹੱਤਵਪੂਰਨ ਵੇਰਵਿਆਂ ਦਾ ਜਿਕਰ: ਇਸਦੇ ਮੈਂਬਰ, ਇਸਦੇ ਕੰਮਕਾਜ, ਇਸਦੇ ਸੰਦਰਭ ਦੀਆਂ ਸ਼ਰਤਾਂ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਸਪੱਸ਼ਟ ਕਰਨ ਵਿੱਚ ਅਸਫਲ ਰਹੀ।
ਸੰਯੁਕਤ ਕਿਸਾਨ ਮੋਰਚੇ ਨੇ ਸ਼੍ਰੀ ਸੰਜੇ ਅਗਰਵਾਲ ਨੂੰ ਆਪਣੀ ਈਮੇਲ ਰਾਹੀਂ 24 ਮਾਰਚ ਨੂੰ (25 ਮਾਰਚ ਨੂੰ 12:08 ਪਮ ਵੱਜੇ ਭੇਜੀ ਗਈ) ਹੇਠਾਂ ਲਿੱਖੇ ਸਵਾਲਾਂ ਤੇ ਸਪਸ਼ਟੀਕਰਨ ਦੇਣ ਲਈ ਬੇਨਤੀ ਕੀਤੀ:
1. ਇਸ ਕਮੇਟੀ ਦੀ ਠੌ੍ਰ (ਸੰਦਰਭ ਦੀਆਂ ਸ਼ਰਤਾਂ) ਕੀ ਹੋਣਗੀਆਂ?
2. ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਇਸ ਕਮੇਟੀ ਵਿੱਚ ਹੋਰ ਕਿਹੜੀਆਂ ਜਥੇਬੰਦੀਆਂ ਅਤੇ ਵਿਅਕਤੀ ਸ਼ਾਮਲ ਹੋਣਗੇ?
3. ਕਮੇਟੀ ਦਾ ਪ੍ਰਧਾਨ ਕੌਣ ਹੋਵੇਗਾ ਅਤੇ ਇਸ ਦਾ ਕੰਮਕਾਜ ਕੀ ਹੋਵੇਗਾ?
4. ਕਮੇਟੀ ਨੂੰ ਆਪਣੀ ਰਿਪੋਰਟ ਜਮਾਂ ਕਰਨ ਲਈ ਕਿੰਨਾ ਸਮਾਂ ਮਿਲੇਗਾ?
5. ਕੀ ਕਮੇਟੀ ਦੀ ਸਿਫਾਰਿਸ਼ ਸਰਕਾਰ ‘ਤੇ ਕਾਨੂੰਨੀ ਤੌਰ ਤੇ ਪਾਬੰਦ ਹੋਵੇਗੀ?
ਇਹ ਪੱਤਰ 30 ਮਾਰਚ ਨੂੰ ਮੁੜ ਫਿਰ ਭੇਜਿਆ ਗਿਆ ਸੀ, ਪਰ ਅੱਜ ਤੱਕ ਕੋਈ ਜਵਾਬ ਨਹੀਂ ਆਇਆ।
ਸੰਯੁਕਤ ਕਿਸਾਨ ਮੋਰਚਾ ਉਮੀਦ ਕਰਦਾ ਹੈ ਕਿ ਕਮੇਟੀ ਸਪੱਸ਼ਟ ਅਤੇ ਸਹਿਮਤੀ ਵਾਲੀਆਂ ਸ਼ਰਤਾਂ ‘ਤੇ ਬਣਾਈ ਜਾਵੇਗੀ, ਇਸਲਈ ਕਿਸਾਨ ਮੋਰਚਾ ਕਮੇਟੀ ਦੇ ਵੇਰਵਿਆਂ ‘ਤੇ ਸਪੱਸ਼ਟੀਕਰਨ ਦੀ ਮੰਗ ਕਰਦਾ ਹੈ। ਜਦੋਂ ਤੱਕ ਅਸੀਂ ਇਸ ਕਮੇਟੀ ਦੀ ਪ੍ਰਕਿਰਤੀ ਅਤੇ ਏਜੰਡੇ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ, ਉਦੋਂ ਤੱਕ ਅਜਿਹੀ ਕਿਸੇ ਵੀ ਕਮੇਟੀ ਵਿੱਚ ਹਿੱਸਾ ਲੈਣਾ ਮੁਨਾਸਿਬ ਨਹੀਂ ਹੋਵੇਗਾ।