ਇਸਲਾਮਾਬਾਦ – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਡਿਪਟੀ ਸਪੀਕਰ ਨੇ ਇਮਰਾਨ ਖਾਨ ਦੇ ਖਿਲਾਫ਼ ਅਵਿਸ਼ਵਾਸ਼ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ ਹੈ। ਡਿਪਟੀ ਸਪੀਕਰ ਨੇ ਵਿਦੇਸ਼ੀ ਸਾਜਿਸ਼ ਦਾ ਆਰੋਪ ਲਗਾ ਕੇ ਇਸ ਅਵਿਸ਼ਵਾਸ਼ ਦੇ ਪ੍ਰਸਤਾਵ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਇਸ ਅਵਿਸ਼ਵਾਸ਼ ਨੂੰ ਗੈਰ-ਸੰਵਿਧਾਨਿਕ ਦੱਸਿਆ ਹੈ। ਪ੍ਰਸਤਾਵ ਖਾਰਿਜ਼ ਹੋਣ ਦੇ ਬਾਅਦ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਸੰਸਦ ਨੂੰ ਵੀ 25 ਅਪਰੈਲ ਤੱਕ ਸਥਗਿਤ ਕਰ ਦਿੱਤਾ ਗਿਆ ਹੈ।
ਇਮਰਾਨ ਖਾਨ ਨੇ ਆਪਣੀ ਕੈਬਨਿਟ ਭੰਗ ਕਰ ਦਿੱਤੀ ਹੈ ਅਤੇ ਉਹ ਹੁਣ ਕਾਰਜਕਾਰੀ ਪ੍ਰਧਾਨਮੰਤਰੀ ਦੇ ਤੌਰ ਤੇ ਜਿੰਮੇਵਾਰੀ ਨਿਭਾਉਣਗੇ। ਪਾਕਿਸਤਾਨ ਦੇ ਕਾਨੂੰਨ ਮੰਤਰੀ ਫਵਾਦ ਹੁਸੈਨ ਨੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਦਲਾਂ ਤੇ ਵਾਰ ਕਰਦੇ ਹੋਏ ਕਿਹਾ ਕਿ ਅਵਿਸ਼ਵਾਸ਼ ਪ੍ਰਸਤਾਵ ਆਮ ਤੌਰ ਤੇ ਇੱਕ ਲੋਕਤੰਤਰਿਕ ਅਧਿਕਾਰ ਹੈ। ਸੰਵਿਧਾਨ ਦੀ ਧਾਰਾ 95 ਦੇ ਤਹਿਤ ਅਵਿਸ਼ਵਾਸ਼ ਪ੍ਰਸਤਾਵ ਦਾਖਿਲ ਕੀਤਾ ਹੈ, ਪਰ ਬਦਕਿਸਮਤੀ ਨਾਲ ਇਹ ਇੱਕ ਵਿਦੇਸ਼ੀ ਸਰਕਾਰ ਦੁਆਰਾ ਸਤਾ ਬਦਲਣ ਦੇ ਲਈ ਕੀਤੀ ਗਈ ਸਾਜਿਸ਼ ਹੈ। ਫਵਾਦ ਦਾ ਭਾਸ਼ਣ ਸਮਾਪਤ ਹੁੰਦੇ ਹੀ ਡਿਪਟੀ ਸਪੀਕਰ ਨੇ ਅਵਿਸ਼ਵਾਸ਼ ਪ੍ਰਸਤਾਵ ਨੂੰ ਖਾਰਿਜ਼ ਕਰ ਦਿੱਤਾ।
ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਅਤੇ ਮੌਜੂਦਾ ਸਥਿਤੀ ਵਿੱਚ ਪੀਐਮ ਅਹੁਦੇ ਦੇ ਉਮੀਦਵਾਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁੱਖੀ ਸ਼ਾਹਬਾਜ਼ ਸ਼ਰੀਫ਼ ਨੇ ਇਮਰਾਨ ਖਾਨ ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਇਮਰਾਨ ਖਾਨ ਨੇ ਲੋਕਤੰਤਰ ਨਾਲ ਗਦਾਰੀ ਕੀਤੀ ਹੈ।
ਪਾਕਿਸਤਾਨ ਦਾ ਸੁਪਰੀਮ ਕੋਰਟ ਵੀ ਹਰਕਤ ਵਿੱਚ ਆ ਗਿਆ ਹੈ। ਅੋਪੋਜੀਸ਼ਨ ਦੀ ਸ਼ਿਕਾਇਤ ਦੇ ਤੁਰੰਤ ਬਾਅਦ ਸੁਪਰੀਮ ਕੋਰਟ ਨੇ ਸਪੈਸ਼ਲ ਬੈਂਚ ਦਾ ਗਠਨ ਕਰ ਦਿੱਤਾ ਹੈ, ਜੋ ਕਿ ਇਸ ਮਾਮਲੇ ਦੀ ਸੁਣਵਾਈ ਕਰੇਗਾ।
ਪਾਕਿਸਤਾਨ ਦੀ ਸੈਨਾ ਨੇ ਮੌਜੂਦਾ ਸਿਆਸੀ ਹਲਚੱਲ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਹਾਲ ਦੀ ਘੜੀ ਇਸ ਸਬੰਧੀ ਕੋਈ ਵੀ ਐਕਸ਼ਨ ਨਹੀਂ ਲਿਆ।