ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ 140 ਪੁਲਿਸ ਸਟੇਸ਼ਨਾਂ ਅਤੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਹੈ। ਇਹਨਾਂ ਬੰਦ ਕੀਤੇ ਸਟੇਸ਼ਨਾਂ ਤੇ ਦਫਤਰਾਂ ਦੀਆਂ ਇਮਾਰਤਾਂ ਨੂੰ ਵੇਚ ਕੇ ਪੁਲਿਸ ਸਕਾਟਲੈਂਡ ਨੇ ਮਿਲੀਅਨਾਂ ਪੌਂਡ ਕਮਾਏ ਹਨ। ਪਰ ਇਹਨਾਂ ਬੰਦ ਕੀਤੇ ਸੇਵਾ ਕੇਂਦਰਾਂ ਬਾਰੇ ਸਕਾਟਿਸ਼ ਪੁਲਿਸ ਫੈਡਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਨੁਕਸਾਨਦਾਇਕ ਪ੍ਰਭਾਵ ਪੈ ਰਿਹਾ ਹੈ। ਸੋਸ਼ਲ ਅਫੇਅਰਜ਼ ਮੈਗਜ਼ੀਨ 1919 ਦੁਆਰਾ ਕੀਤੀ ਖੋਜ ਨੇ ਪਾਇਆ ਕਿ ਕੁੱਝ ਸਟਾਫ਼ ਨੂੰ ਕੌਂਸਲ ਹੈੱਡਕੁਆਰਟਰ ਸਮੇਤ ਸਾਂਝੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਗਿਆ ਸੀ। ਹਾਲਾਂਕਿ, ਬਹੁਤ ਸਾਰੀਆਂ ਇਮਾਰਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਸਕਾਟਲੈਂਡ ਨੇ 2013 ਤੋਂ ਹੁਣ ਤੱਕ ਸੰਪਤੀ ਦੀ ਵਿਕਰੀ ਵਿੱਚ 28 ਮਿਲੀਅਨ ਪੌਂਡ ਤੋਂ ਵੱਧ ਕਮਾਏ ਹਨ। ਇਹ ਪਿਛਲੇ ਸਾਲ ਸਾਹਮਣੇ ਆਇਆ ਸੀ ਕਿ ਪੁਲਿਸ ਸਕਾਟਲੈਂਡ ਨੇ ਆਪਣੀਆਂ 96 ਪੁਰਾਣੀਆਂ ਜਾਇਦਾਦਾਂ ਨੂੰ ਵੇਚ ਕੇ 28.5 ਮਿਲੀਅਨ ਪੌਂਡ ਕਮਾਏ ਸਨ। ਗਲਾਸਗੋ ਦੀ ਪਿਟ ਸਟ੍ਰੀਟ ਵਿੱਚ ਸਾਬਕਾ ਸਟ੍ਰੈਥਕਲਾਈਡ ਪੁਲਿਸ ਹੈੱਡਕੁਆਰਟਰ ਨੇ ਫੋਰਸ ਲਈ 9.8 ਮਿਲੀਅਨ ਪੌਂਡ ਇਕੱਠੇ ਕੀਤੇ ਜਦੋਂ ਕਿ ਚੈਂਬਰਸ ਸਟ੍ਰੀਟ, ਐਡਿਨਬਰਾ ਵਿੱਚ ਸਾਬਕਾ ਪੁਲਿਸ ਸਿਖਲਾਈ ਸਕੂਲ ਨੇ 3.3 ਮਿਲੀਅਨ ਪੌਂਡ ਦੀ ਕਮਾਈ ਕੀਤੀ। ਇਸ ਦੇ ਇਲਾਵਾ ਹੋਰ 26 ਇਮਾਰਤਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਜੋ ਮਾਰਕੀਟ ਵਿੱਚ, ਵਿਕਰੀ ਲਈ ਜਾਂ ਕਮਿਊਨਿਟੀ ਟ੍ਰਾਂਸਫਰ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਸਕਾਟਿਸ਼ ਪੁਲਿਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੈਲਮ ਸਟੀਲ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚੋਂ ਸਟਾਫ ਨੂੰ ਸ਼ਹਿਰੀ ਖੇਤਰਾਂ ਵਿੱਚ ਤਬਦੀਲ ਕਰਨ ਨਾਲ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਦੇ ਵਿਸਵਾਸ਼ ਨੂੰ ਠੇਸ ਪਹੁੰਚੇਗੀ।