ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਅੱਜ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲਿਆਂ ਦੀ ਤਿਆਰੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਹੋਣ ਵਾਲੇ ਕਿਸਾਨ ਮੇਲਿਆਂ ਦਾ ਕੇਂਦਰਬਿੰਦੂ ਖੇਤੀ ਆਮਦਨ ਵਧਾਉਣ ਅਤੇ ਵਾਤਾਵਰਨ ਦੀ ਸੰਭਾਲ ਹੋਵੇਗਾ। ਪੰਜਾਬ ਵਿੱਚ ਪੰਜ ਥਾਵਾਂ ਤੇ ਲੱਗਣ ਵਾਲੇ ਕਿਸਾਨ ਮੇਲਿਆ ਦਾ ਆਰੰਭ ਅੱਠ ਮਾਰਚ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਨਾਭਾ ਰੋਡ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਹੋਣ ਵਾਲੇ ਕਿਸਾਨ ਮੇਲੇ ਤੋਂ ਕੀਤਾ ਜਾਵੇਗਾ ਜਦ ਕਿ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ 11 ਮਾਰਚ ਨੂੰ, ਬਠਿੰਡਾ ਵਿਖੇ 14 ਮਾਰਚ ਨੂੰ, ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 17-18 ਮਾਰਚ ਨੂੰ ਅਤੇ ਆਖਰੀ ਕਿਸਾਨ ਮੇਲਾ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ 22 ਮਾਰਚ ਨੂੰ ਕਰਵਾਇਆ ਜਾਵੇਗਾ।
ਡਾ: ਗਿੱਲ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਮੇਲਿਆਂ ਲਈ ਵੱਖ-ਵੱਖ ਕੰਮਾਂ ਕਾਰਾਂ ਲਈ ਮਾਹਿਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਇਹ ਯਤਨ ਕੀਤਾ ਜਾਵੇਗਾ ਕਿ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਕਿਸਾਨ ਮੇਲਿਆਂ ਵਿੱਚ ਵਧੇ ਤਾਂ ਜੋ ਖੇਤੀ ਵਿਕਾਸ ਦੇ ਨਾਲ ਖੁਸ਼ਹਾਲੀ ਦਾ ਰਿਸ਼ਤਾ ਪੱਕਾ ਪਕੇਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਮਾਸਕ ਪੱਤਰ ‘ਚੰਗੀ ਖੇਤੀ’ ਦੇ ਜੀਵਨ ਮੈਂਬਰ ਵਧਾਉਣ ਵੱਲ ਵਿਸੇਸ਼ ਧਿਆਨ ਦਿੱਤਾ ਜਾਵੇਗਾ ਅਤੇ ਹੋਰ ਖੇਤੀਬਾੜੀ ਸਾਹਿਤ ਦੀ ਵਿਕਰੀ ਲਈ ਸਾਰੇ ਕਿਸਾਨ ਮੇਲਿਆਂ ਤੇ ਹੀ ਵਿਸ਼ੇਸ਼ ਸਟਾਲ ਲਗਾਏ ਜਾਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਪਰ ਨਿਰਦੇਸ਼ਕ ਖੋਜ ਡਾ: ਅਸ਼ੋਕ ਧਵਨ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਹੋਮ ਸਾਇੰਸ ਕਾਲਜ ਦੀ ਕੋਆਰਡੀਨੇਟਰ ਖੋਜ ਅਤੇ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸਾਂਘਾ ਤੋਂ ਇਲਾਵਾ ਡਾਇਰੈਕਟੋਰੇਟ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮੁਖੀ ਵੀ ਹਾਜ਼ਰ ਸਨ। ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਨੇ ਆਏ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦਾ ਧੰਨਵਾਦ ਕੀਤਾ।