ਚੰਡੀਗਡ਼੍ਹ, (ਉਮੇਸ਼ ਜੋਸ਼ੀ) -: ਸੀਟੂ ਦੀ ਕੁੱਲ ਹਿੰਦ ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗਡ਼੍ਹ ਵਿਖੇ ਮਿਤੀ 22 ਤੋਂ 24 ਅਪਰੈਲ 2022 ਦੀ ਤੈਅ ਹੋਈ ਹੈ। ਮੀਟਿੰਗ ਦੀ ਕਾਮਯਾਬੀ ਲਈ ਸਾਰੀਆਂ ਸੀਟੂ ਇਕਾਈਆਂ ਅਤੇ ਭਰਾਤਰੀ ਕਰਮਚਾਰੀ ਯੂਨੀਅਨਾਂ ਵਲੋਂ ਜੋਰ-ਸ਼ੋਰ ਨਾਲ ਤਿਆਰੀ ਅਤੇ ਫੰਡ ਉਗਰਾਹੀ ਦੇ ਕੰਮ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸੀਟੂ ਅਤੇ ਸੀਟੂ ਸਮਰਥਕਾਂ ਵਿੱਚ ਭਰਪੂਰ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਜਾਣਕਾਰੀ ਅੱਜ ਇਥੇ ਸੀਟੂ ਦੇ ਪ੍ਰਮੁੱਖ ਆਗੂਆਂ, ਸਵਾਗਤੀ ਕਮੇਟੀ ਦੀ ਚੇਅਰਪਰਸਨ ਕਾਮਰੇਡ ਊਸ਼ਾ ਰਾਣੀ, ਸੀਟੂ ਦੀੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌਡ਼ੀ, ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਅਤੇ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਪਰੈਸ ਨੂੰ ਜਾਰੀ ਬਿਆਨ ਰਾਹੀਂ ਦਿੱਤੀ। ਸੀਟੂ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਲਈ ਦੇਸ਼ ਦੇ 29 ਰਾਜਾਂ ਅਤੇ ਯੂਨੀਅਨ ਟੈਰੀਟਰੀਜ਼ ਵਿਚੋਂ ਚੁਣੇ ਹੋਏ 150 ਮੈਂਬਰ ਅਤੇ 35 ਅਹੁਦੇਦਾਰਾਂ ਚੋਂ ਇਲਾਵਾ ਦੇਸ਼ ਦੀਆਂ ਕਿੱਤੇਵਾਰ ਆਲ ਇੰਡੀਆ ਫੈਡਰੇਸ਼ਨਾਂ ਦੇ ਦਰਸ਼ਕ ਆਗੂ ਵੀ ਭਾਗ ਲੈਣਗੇ। ਇਨ੍ਹਾਂ ਤੋਂ ਇਲਾਵਾ ਟਰਾਂਸਪੋਰਟ, ਖਾਣਾ, ਪ੍ਰੈਸ ਅਤੇ ਰਿਹਾਇਸ ਦਾ ਪ੍ਰਬੰਧ 30 ਤੋਂ ਵੱਧ ਵਾਲੰਟੀਅਰ ਵੀ ਇੰਤਜਾਮ ਅਤੇ ਪ੍ਰਬੰਧਕੀ ਕੰਮਾਂ ਨੂੰ ਸਿਰੇ ਚਾਡ਼ਨ ਲਈ ਭਾਗ ਲੈਣਗੇ। ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਚੰਦਰ ਸ਼ੇਖਰ ਅਨੁਸਾਰ ਇਹ ਮੀਟਿੰਗ ਚੰਡੀਗਡ਼੍ਹ ਦੇ ਸੈਕਟਰ-29, ਮਸ਼ਹੂਰ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜਦ ਕਿ ਆਗੂਆਂ ਦੇ ਠਹਿਰਣ ਦਾ ਇੰਤਜਾਮ ਚੰਡੀਗਡ਼੍ਹ ਦੀਆਂ ਵੱਖੋ ਵੱਖ ਥਾਵਾਂ ਉੱਤੇ ਕੀਤਾ ਗਿਆ ਹੈ। ਉਨ੍ਹਾਂ ਮੁਤਾਬਿਕ ਇਸ ਮੀਟਿੰਗ ਵਿੱਚ ਸੀਟੂ ਦੇ ਅਹੁਦੇਦਾਰਾਂ ਜਾਂ ਵਰਕਿੰਗ ਕਮੇਟੀ ਮੈਂਬਰਾਂ ਵਜੋਂ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਕੇਰਲਾ ਦੇ ਕਈ ਸਾਬਕਾ ਮੰਤਰੀ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੇਰਲਾ ਸਰਕਾਰ ਦੇ ਮੌਜੂਦਾ ਮੰਤਰੀ ਅਤੇ ਵਿਧਾਇਕ ਵੀ ਸ਼ਾਮਿਲ ਹੋਣਗੇ।
ਕਾਮਰੇਡ ਚੰਦਰ ਸ਼ੇਖਰ ਨੇ ਮੀਟਿੰਗ ਦੇ ਏਜੰਡੇ ਦੇ ਪ੍ਰਮੁੱਖ ਬਿੰਦੂਆਂ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਪਿਛਲੇ ਸਮੇਂ ਵਿੱਚ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ ਪਬਲਿਕ ਸੈਕਟਰ ਦੀ ਰਾਖੀ ਲਈ ਅਤੇ ਕਿਰਤੀ ਜਮਾਤ ਦੇ ਦਹਾਕਿਆਂ ਦੇ ਕਰਡ਼ੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਜਿੱਤੇ ਹੱਕਾਂ ਦੀ ਖਾਤਰ ਲਡ਼ੇ ਗਏ ਸੰਘਰਸ਼ਾਂ, 28-29 ਮਾਰਚ ਦੀ ਦੇਸ਼ ਪੱਧਰੀ ਇਤਿਹਾਸਕ ਹਡ਼ਤਾਲ ਦਾ ਲੇਖਾ ਜੋਖਾ ਕੀਤਾ ਜਾਵੇਗਾ। ਸੀਟੂ ਅਤੇ ਹੋਰਨਾਂ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਇਕ ਸਾਲ ਤੋਂ ਵਧੇਰੇ ਲੰਮੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਪਾਏ ਵਡਮੁੱਲੇ ਯੋਗਦਾਨ ਕਾਰਣ ਬਣੀ ਮਜ਼ਦੂਰ-ਕਿਸਾਨ ਏਕਤਾ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕਰਕੇ ਅੱਗੇ ਲਈ ਇਸ ਨੂੰ ਵਧੇਰੇ ਮਜ਼ਬੂਤ ਕਰਨ ਦੇ ਫੈਸਲੇ ਕੀਤੇ ਜਾਣਗੇ।
ਸੀਟੂ ਆਗੂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਪਾਸ ਕੀਤੇ 4 ਲੇਬਰ ਕੋਡ ਰੱਦ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਸਾਰੇ ਸਕੀਮ ਵਰਕਰਾਂ ਅਤੇ ਠੇਕੇਦਾਰੀ ਤੇ ਆਉਟਸੋਰਸ ਕਾਮਿਆਂ ਨੂੰ ਰੈਗੂਲਰ ਵਰਕਰ ਬਣਾਉਣ, ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਰੈਗੂਲਰ ਭਰਤੀ ਕਰਾਉਣ, ਹਰ ਵਰਕਰ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਆਦਿ ਮੁੱਦਿਆਂ ਲਈ ਦੇਸ਼ ਪੱਧਰੀ ਆਜ਼ਾਦ ਅਤੇ ਸਾਂਝੇ ਸੰਘਰਸ਼ਾਂ ਦੀ ਰੂਪ ਰੇਖਾ ਘਡ਼ੀ ਜਾਵੇਗੀ। ਭਾਜਪਾ ਦੀਆਂ ਭਰਾ ਮਾਰੂ ਨੀਤੀਆਂ ਦੇ ਪਾਜ਼ ਉਧੇਡ਼ਨ ਲਈ ਅਤੇ ਮਜ਼ਦੂਰ-ਕਿਸਾਨ, ਖੇਤ ਮਜ਼ਦੂਰਾਂ, ਬੇਰੁਜ਼ਗਾਰ, ਨੌਜਵਾਨਾਂ, ਇਸਤਰੀਆਂ ਤੇ ਹਰ ਪੱਖੋਂ ਵੰਚਿਤ ਲੋਕਾਂ ਦੇ ਏਕੇ ਅਤੇ ਸਾਂਝੀ ਲਡ਼ਾਕੂ ਸ਼ਕਤੀ ਨੂੰ ਬਲਵਾਨ ਬਣਾਉਣ ਲਈ ਠੋਸ ਸਾਂਝੀ ਪਹੁੰਚ ਅਖਤਿਆਰ ਕਰਨ ਅਤੇ ਭਾਜਪਾ ਦੀਆਂ ਪਾਡ਼ਨ ਵਾਲੀਆਂ ਸਾਜਸ਼ਾਂ ਨੂੰ ਨੰਗਾ ਕਰਨ ਅਤੇ ਹਰਾਉਣ ਲਈ ਪੈਂਤਡ਼ੇ ਤੈਅ ਕੀਤੇ ਜਾਣਗੇ। ਸੀਟੂ ਆਗੂਆਂ ਨੇ ਪੰਜਾਬ ਅਤੇ ਚੰਡੀਗਡ਼੍ਹ ਦੀ ਕਿਰਤੀ ਜਮਾਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੀਟਿੰਗ ਦੀ ਸਫਲਤਾ ਲਈ ਤਨ-ਮਨ-ਧਨ ਤੋਂ ਸਹਿਯੋਗ ਕਰਨ।