ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ।
ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਜਿਸ ਦੌਰਾਨ ਰਾਗੀ ਜੱਥਿਆਂ ਨੇ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੇ ਇਹਨਾਂ ਸਮਾਗਮਾਂ ਵਿਚ ਪੂਰੇ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲਿਆ। ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ।
ਇਸ ਸਮਾਗਮ ਨੁੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਖਾਲਸਾ ਪੰਥ ਦੁਨੀਆਂ ਦਾ ਸਿਰਫ ਇਕਲੌਤਾ ਪੰਥ ਹੈ ਜੋ ਆਪਣਾ ਜਨਮ ਦਿਹਾੜਾ ਮਨਾਉਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜ ਕੇ ਨਿਆਰੇ ਖਾਲਸਾ ਪੰਥ ਖਾਲਸਾ ਦੀ ਸਿਰਜਣਾ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਧਰਮ ਦੀ ਪ੍ਰਫੁੱਲਤਾ ਵਾਸਤੇ ਕੰਮ ਕਰ ਰਹੀ ਹੈ ਪਰ ਬਹੁਤ ਅਫਸੋਸ ਹੈ ਕਿ ਪੰਜਾਬ ਵਿਚ ਇਸਾਈ ਧਰਮ ਦੇ ਹੱਕ ਵਿਚ ਧਰਮ ਪਰਿਵਰਤਨ ਲਹਿਰ ਚਲ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਘਰ ਘਰ ਸਿੱਖੀ ਦੀ ਲਹਿਰ ਚਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਸਾਰੀ ਸੰਗਤ ਨਾਲ ਮਿਲ ਕੇ ਇਹ ਲਹਿਰ ਚਲਾਏਗੀ ਅਤੇ ਬੱਚਿਆਂ ਨੁੰ ਸਿੱਖੀ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਵਾਸਤੇ ਅਸੀਂ ਹਰ ਇਲਾਕੇ ਵਿਚ ਜਾ ਕੇ ਅੰਮ੍ਰਿਤ ਸੰਚਾਰ ਮੁਹਿੰਮ ਚਲਾਵਾਂਗੇ ਤੇ ਇਸ ਵਾਸਤੇ ਸਿੰਘ ਸਭਾਵਾਂ ਦਾ ਸਹਿਯੋਗ ਵੀ ਲਵਾਂਗੇ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਆਪਣੇ ਇਤਿਹਾਸ ਨੁੰ ਅਜੋਕੀ ਪੀੜੀ ਤੋਂ ਜਾਣੂ ਕਰਵਾਉਣ ਲਈ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਦੱਸਿਆ ਕਿ ਹਾਲ ਹੀ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਵਿਚ ਲਘੂ ਫਿਲਮਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜੀ ਨੁੰ ਸਿੱਖ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਤਿਆਰ ਹੋਣ ਵਾਲੀਆਂ ਫਿਲਮਾਂ ਅੰਗਰੇਜ਼ੀ, ਸਪੈਨਿਸ਼, ਫਰੈਂਚ ਸਮੇਤ ਹੋਰ ਭਾਸ਼ਾਵਾਂ ਵਿਚ ਫਿਲਮਾਂ ਤਿਆਰ ਕੀਤੀਆਂ ਜਾਣਗੀਆਂ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਮੈਡੀਕਲ ਸਹੂਲਤਾਂ ਦੇਣ ਦੇ ਮਾਮਲੇ ਵਿਚ ਵੀ ਪਿੱਛੇ ਨਹੀਂ ਹਟੇਗੀ ਤੇ ਅਸੀਂ ਬਾਲਾ ਪ੍ਰੀਤਮ ਦਵਾਖਾਨੇ ਖੋਲੇ, ਮੁਫਤ ਟੈਸਟਾਂ ਵਾਲੀਆਂ ਲੈਬਾਰਟਰੀਆਂ ਖੋਲੀਆਂ ਤੇ ਹੁਣ ਹੋਰ ਨਵੀਂਆਂ ਮਸ਼ੀਨਾਂ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਆ ਗਈਆਂ ਹਨ ਜਿਸ ਨਾਲ ਸੰਗਤਾਂ ਨੁੰ ਹੋਰ ਸਹੂਲਤਾਂ ਮਿਲਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਵਿਚ ਓ ਪੀ ਡੀ ਸਹੂਲਤ ਵੀ ਜਲਦੀ ਸ਼ੁਰੂ ਹੋਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਮੌਜੂਦਾ ਟੀਮ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਹਿਸਾਬ ਕਿਤਾਬ ਨੁੰ ਹੋਰ ਪਾਰਦਰਸ਼ਤੀ ਬਣਾਇਆ ਗਿਆ ਹੈ ਤੇ ਖਾਤੇ ਆਡਿਟ ਕਰਵਾਉਣ ਦਾ ਉਪਰਾਲਾ ਕੀਤਾ। ਉਹਨਾਂ ਕਿਹਾ ਕਿ ਅਸੀਂ ਹਰ ਕੰਮ ਪਾਰਦਰਸ਼ਤਾ ਨਾਲ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਹਮੇਸ਼ਾ ਸਿੱਖਾਂ ਦੀ ਚੜਦੀਕਲਾ ਲਈ ਕੰਮ ਕਰਾਂਗੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦੇਸ਼ ਦੀ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਸਲਾਹ ਮਸ਼ਵਰਾ ਕਰ ਕੇ 20 ਅਤੇ 21 ਅਪ੍ਰੈਲ ਦਾ ਪ੍ਰੋਗਰਾਮ ਲਾਲ ਕਿਲੇ ’ਤੇ ਰੱਖਿਆ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ ਲਾਮਿਸਾਲ ਪ੍ਰੋਗਰਾਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦਾ ਸਵਾਗਤ ਕਰਦੇ ਹਾਂ ਤੇ ਕੇਂਦਰ ਸਰਕਾਰ ਨੁੰ ਹਰ ਤਰਾਂ ਦਾ ਸਹਿਯੋਗ ਦਿਆਂਗੇ।
ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਫਿਰ ਤੋਂ ਯਤਨ ਕਰਾਂਗੇ ਕਿ ਦਿੱਲੀ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਜਿਹੜਾ ਰਸਤਾ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਚੁਰਾਹੇ ’ਤੇ ਬੰਦ ਕੀਤਾ ਗਿਆ ਹੈ, ਉਹ ਮੁੜ ਖੋਲ੍ਹਿਆ ਜਾ ਸਕੇ।
ਅੱਜ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਅੰਮ੍ਰਿਤ ਸੰਚਾਰ ਲਹਿਰ ਚਲਾਈ ਗਈ ਜਿਸ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਖੰਡੇ ਦਾ ਪਾਹੁਲ ਛੱਕ ਕੇ ਗੁਰੂ ਦੇ ਸਿੰਘ ਬਣੇ।
ਇਹਨਾਂ ਸਮਾਗਮਾਂ ਵਿਚ ਬਾਬਾ ਬਚਨ ਸਿੰਘ, ਬਾਬਾ ਸੁਰਿੰਦਰ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਤੇ ਹੋਰ ਅਹੁਦੇਦਾਰ, ਮੈਂਬਰ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।