ਦਿੱਲੀ -: ਬੀਤੇ ਦਿੱਨੀ ਭਾਰਤ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ ਨੂੰ ਸਰਕਾਰੀ ਪੱਧਰ ‘ਤੇ ਮਨਾਉਣ ਦਾ ਐਲਾਨ ਇਕ ਸ਼ਲਾਘਾਯੋਗ ਕਦਮ ਹੈ। ਇਸ ਸਬੰਧ ‘ਚ ਹੋ ਰਹੀ ਕਿੰਤੂ-ਪ੍ਰੰਤੂ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਭਾਰਤ ਸਰਕਾਰ ਨੇ ਦਿੱਲੀ ਦੇ ਲਾਲ ਕਿਲਾ ਮੈਦਾਨ ‘ਚ ਆਗਾਮੀ 20 ‘ਤੇ 21 ਅਪ੍ਰੈਲ 2022 ਨੂੰ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ਲਈ ਸਰਕਾਰੀ ਪੱਧਰ ‘ਤੇ ਵੱਡੇ ਪ੍ਰੋਗਰਾਮ ਉਲੀਕੇ ਹਨ, ਇਸ ਲਈ ਇਸ ਪ੍ਰੋਗਰਾਮ ‘ਤੇ ਹੋਣ ਵਾਲੇ ਸਾਰੇ ਖਰਚਿਆਂ ਦਾ ਭੁਗਤਾਨ ਵੀ ਸਰਕਾਰ ਵਲੋਂ ਕੀਤਾ ਜਾਣਾ ਨਿਰਧਾਰਤ ਹੈ। ਉਨ੍ਹਾਂ ਦਸਿਆ ਕਿ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸਬੰਧ ‘ਚ ਟੈਂਟਾਂ ‘ਤੇ ਹੋਰਨਾਂ ਸਬੰਧਿਤ ਇੰਤਜਾਮ ਕਰਨ ਲਈ ਟੈਂਡਰ ਕੱਢਣ ਦੀ ਕਵਾਇਤ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਕਾਸ਼ ਪੁਰਬ ਮਨਾਉਣ ਦਾ ਖਰਚਾ ਸਰਕਾਰ ਵਲੋਂ ਨਹੀਂ ਬਲਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕੀਤਾ ਜਾਣਾ ਹੈ। ਸ. ਇੰਦਰ ਮੋਹਨ ਸਿੰਘ ਨੇ ਕਮੇਟੀ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਇਸ ਸ਼ਤਾਬਦੀ ਸਮਾਗਮ ਦਾ ਸਾਰਾ ਖਰਚਾ ਦਿੱਲੀ ਕਮੇਟੀ ਵਲੋਂ ਕੀਤਾ ਜਾਣਾ ਹੈ ਤਾਂ ਇਸ ਪ੍ਰੋਗਰਾਮ ‘ਤੇ ਸਰਕਾਰੀ ਮੋਹਰ ਕਿਉਂ ਲਗਾਈ ਜਾ ਰਹੀ ਹੈ ? ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਇਸ ਕਾਰਗੁਜਾਰੀ ਨਾਲ ਸਰਕਾਰ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ‘ਚ ਸਿੱਧੇ ਤੋਰ ‘ਤੇ ਸਿਆਸੀ ਪ੍ਰਭਾਵ ਹੋਣ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ ਹੈ।
ਸ. ਇੰਦਰ ਮੋਹਨ ਸਿੰਘ ਨੇ ਕਮੇਟੀ ਪ੍ਰਬੰਧਕਾਂ ਵਲੌਂ ਇਸ ਸਬੰਧ ‘ਚ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾ ਦਾ ਖੁਲਾਸਾ ਕਰਦਿਆਂ ਦਸਿਆ ਕਿ ਇਸ ਸਮਾਗਮ ਲਈ ਵੱਡੇ ਪੱਧਰ ‘ਤੇ ਟੈਂਟ ਲਗਾਉਣ ਲਈ ਜਾਰੀ ਟੈਂਡਰ ਜਮਾ ਕਰਵਾਉਣ ਦੀ ਆਖਿਰੀ ਤਾਰੀਖ 16 ਅਪੈ੍ਰਲ ਮਿੱਥੀ ਗਈ ਸੀ ਪਰੰਤੂ ਮਿਲੀ ਜਾਣਕਾਰੀ ਮੁਤਾਬਿਕ ਕਮੇਟੀ ਪ੍ਰਬੰਧਕਾਂ ਦੇ ਇਕ ਚਹੇਤੇ ਟੈਂਟ ਹਾਉਸ ਵਲੋਂ ਟੈਂਡਰ ਖੁੱਲਣ ਤੋਂ ਪਹਿਲਾਂ ਹੀ ਟੈਂਟ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਟੈਂਡਰ ਕੱਢਣ ਦੀ ਪ੍ਰਕਿਆ ਕੇਵਲ ਕਾਗਜੀ ਕਾਰਵਾਈ ‘ਤੇ ਅਖਾਂ ‘ਚ ਘੱਟਾ ਪਾਉਣ ਵਾਲੀ ਹੋ ਸਕਦੀ ਹੈ। ਉਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਇਸ ਸਬੰਧ ‘ਚ ਆਪਣੀ ਸਥਿਤੀ ਜਨਤਕ ਕਰਨ ਦੀ ਅਪੀਲ ਕੀਤੀ ਹੈ ਤਾਂਕਿ ਸੰਗਤਾਂ ਦੇ ਮਨਾਂ ‘ਚ ਚੱਲ ਰਹੀ ਸ਼ੰਕਾ ਨੂੰ ਦੂਰ ਕੀਤਾ ਜਾ ਸਕੇ।