ਅੰਮ੍ਰਿਤਸਰ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਇਹ ਸੁਫਨਾ ਹੈ ਕਿ ਪੁਲਿਸ ਅਤੇ ਜਨਤਾ ਵਿਚਕਾਰ ਦੂਰੀ ਨੂੰ ਸਮਾਪਤ ਕੀਤਾ ਜਾਵੇ। ਪੰਜਾਬ ਪੁਲਿਸ ਇਸ ਨੂੰ ਪੂਰਾ ਕਰਨ ਲਈ ਪਹਿਲ ਦੇ ਅਧਾਰ ਤੇ ਆਪਣੀ ਪੂਰੀ ਕੋਸਿਸ਼ ਕਰ ਰਹੀ ਹੈ। ਇਨ੍ਹਾਂ ਯਤਨਾਂ ਕਰਕੇ ਪੰਜਾਬ ਪੁਲਿਸ ਦੇ ਡੀਜੀਪੀ ਪਰਮਦੀਪ ਸਿੰਘ ਗਿੱਲ ਨੇ ਸੀਮਾ ਤੇ ਪੈਂਦੇ ਪੁਲਿਸ ਜਿਲ੍ਹਿਆਂ ਗੁਰਦਾਸਪੁਰ, ਬਟਾਲਾ, ਤਰਨਤਾਰਨ, ਅੰਮ੍ਰਿਤਸਰ ਸ਼ਹਿਰ ਅਤੇ ਅੰਮ੍ਰਿਤਸਰ ਪੇਂਡੂ ਪੁਲਿਸ ਵਲੋਂ ਪਿੱਛਲੇ ਕੁਝ ਅਰਸੇ ਦੌਰਾਨ ਚੋਰੀ ਅਤੇ ਲੁੱਟ ਦਾ ਬਰਾਮਦ ਕੀਤਾ ਗਿਆ ਸਮਾਨ ਉਨ੍ਹਾਂ ਦੇ ਵਾਰਿਸਾਂ ਨੂੰ ਸੌਂਪਿਆ ਗਿਆ।
ਡੀਜੀਪੀ ਗਿੱਲ ਨੇ ਇਸ ਮੌਕੇ ਤੇ ਕਿਹਾ ਕਿ ਉਪ ਮੁੱਖਮੰਤਰੀ ਬਾਦਲ ਦਾ ਇਹ ਸੁਫਨਾ ਹੈ ਕਿ ਪੁਲਿਸ ਅਤੇ ਆਮ ਜਨਤਾ ਵਿਚਕਾਰ ਦੂਰੀਆਂ ਨੂੰ ਘੱਟ ਕੀਤਾ ਜਾਵੇ। ਲੋਕ ਨਿਡਰ ਹੋ ਕੇ ਰਿਪੋਰਟ ਲਿਖਵਾ ਸਕਣ ਅਤੇ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਝਿਜਕਣ ਨਾਂ। ਇਸ ਤੇ ਅਮਲ ਕਰਨ ਲਈ ਪੰਜਾਬ ਪੁਲਿਸ ਨੇ ਕਈ ਯੌਜਨਾਵਾਂ ਤਿਆਰ ਕੀਤੀਆਂ ਹਨ। ਲੋਕਾਂ ਨੂੰ ਪੂਰਾ ਸਹਿਯੋਗ ਦੇਣ ਲਈ ਕਈ ਕਮਿਊਨਟੀ ਸੈਂਟਰ ਵੀ ਤਿਆਰ ਕੀਤੇ ਗਏ ਹਨ। ਪੁਲਿਸ ਨੇ ਤਿੰਨ ਕਰੋੜ 20 ਲੱਖ 34 ਹਜ਼ਾਰ 655 ਰੁਪੈ ਦਾ ਸਮਾਨ ਉਨ੍ਹਾਂ ਦੇ ਵਾਰਿਸਾਂ ਨੂੰ ਸੌਂਪਿਆ। ਜਿਸ ਵਿੱਚ 31ਕਾਰਾਂ, 153 ਸਕੂਟਰ, 15ਟਰੱਕਅਤੇ ਬੱਸਾਂ, 21 ਟਰੈਕਟਰ ਟਰਾਲੀਆਂ, ਤਿੰਨ ਬੰਦੂਕਾਂ, 110 ਗਰਾਮ ਸੋਨੇ ਦੇ ਗਹਿਣੇ, ਇੱਕ ਲੱਖ 22 ਹਜ਼ਾਰ ਨਕਦ, 11 ਕੰਪਿਊਟਰ ਅਤੇ 768 ਬੋਰੀਆਂ ਬਾਸਮਤੀ ਚਾਵਲ ਸ਼ਾਮਿਲ ਹਨ।