ਨਵੀਂ ਦਿੱਲੀ – ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਣ ਲਈ ਅੱਜ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਪਹੁੰਚੇ। ਇਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਕਿਹਾ ਕਿ ਮੈਂ ਵੀ ਕਿਸੇ ਸਮੇਂ ਅਕਾਲੀ ਦਲ ਦਾ ਪ੍ਰਧਾਨ ਰਿਹਾ ਹਾਂ। ਪਰ ਅਕਾਲੀ ਦਲ ਛੱਡਣ ਤੋਂ ਬਾਅਦ ਇਸ ਦਫਤਰ ‘ਤੇ ਮੇਰਾ ਕੋਈ ਹੱਕ ਨਹੀਂ ਰਿਹਾ। ਪਰ ਜਿਸ ਢੰਗ ਨਾਲ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਦਲ ਛੱਡ ਕੇ ਇਸ ਦਫਤਰ ’ਤੇ ਕਬਜ਼ਾ ਕੀਤਾ ਸੀ, ਉਹ ਗਲਤ ਹੈ। ਕਾਲਕਾ ਵੱਲੋਂ ਅਕਾਲੀ ਦਲ ਦਾ ਦਫਤਰ ਕਾਨੂੰਨੀ ਤੌਰ ‘ਤੇ ਵਾਪਸ ਲੈਣ ਦੇ ਦਿੱਤੇ ਗਏ ਬਿਆਨ ‘ਤੇ ਹੈਰਾਨੀ ਪ੍ਰਗਟ ਕਰਦਿਆਂ ਜੀਕੇ ਨੇ ਕਿਹਾ ਕਿ ਅਕਾਲੀ ਦਲ ਦਿੱਲੀ ਚੋਣ ਕਮਿਸ਼ਨ ਕੋਲ ਇੱਕ ਸਿਆਸੀ ਪਾਰਟੀ ਵਜੋਂ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਕੋਲ ਇੱਕ ਧਾਰਮਿਕ ਪਾਰਟੀ ਵਜੋਂ ਇਸੇ ਪਤੇ ‘ਤੇ ਰਜਿਸਟਰਡ ਹੈ। ਜਦੋਂ ਕਿ ਕਾਲਕਾ ਦੀ ਨਵੀਂ ਪਾਰਟੀ ਦਾ ਪਤਾ ਕਾਲਕਾ ਜੀ ਦਾ ਹੈ। ਫਿਰ ਕਾਲਕਾ ਕੋਲ ਕਿਸ ਕਾਨੂੰਨੀ ਆਧਾਰ ‘ਤੇ ਇਸ ਦਫ਼ਤਰ ਦਾ ਅਧਿਕਾਰ ਹੈ?
ਜੀਕੇ ਨੇ ਕਿਹਾ ਕਿ ਕਾਲਕਾ ਸਮੇਤ ਸਮੂਹ ਕਮੇਟੀ ਮੈਂਬਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਜਿੱਤੇ ਹਨ। ਕਾਲਕਾ ਦੀ ਨਵੀਂ ਬਣੀ ਪਾਰਟੀ ਦਾ ਕੋਈ ਵੀ ਮੈਂਬਰ ਚੋਣ ਨਹੀਂ ਜਿੱਤਿਆ ਹੈਂ, ਫਿਰ ਕਾਲਕਾ ਆਪਣੀ ਨਵੀਂ ਪਾਰਟੀ ਨੂੰ ਦਫਤਰ ਕਿਵੇਂ ਅਲਾਟ ਕਰ ਸਕਦੇ ਹਨ ? ਜੀਕੇ ਨੇ ਸਪੱਸ਼ਟ ਕਿਹਾ ਕਿ ਕਾਲਕਾ ਦੀ ਪਾਰਟੀ ਤੋਂ ਪਹਿਲਾਂ ਜਾਗੋ ਪਾਰਟੀ ਨੂੰ ਦਫਤਰ ਅਲਾਟ ਕਰਵਾਉਣ ਦਾ ਅਧਿਕਾਰ ਹੈ, ਕਿਉਂਕਿ ਸਾਡੇ ਕੋਲ 3 ਕਮੇਟੀ ਮੈਂਬਰ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੇਂਦਰੀ ਗੁਰੂ ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪਹਿਲਾਂ ਹੀ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਦਫ਼ਤਰ ਹਨ, ਜਿਨ੍ਹਾਂ ਦਾ ਕੋਈ ਨੁਮਾਇੰਦਾ ਦਿੱਲੀ ਕਮੇਟੀ ਦਾ ਮੈਂਬਰ ਨਹੀਂ ਹੈ। ਇਸ ਮੌਕੇ ਜੀਕੇ ਦੇ ਨਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ ਅਤੇ ਜਾਗੋ ਦੇ ਮੁੱਖ ਆਗੂ ਹਾਜ਼ਰ ਸਨ।