ਚੰਡੀਗਡ਼੍ਹ, (ਉਮੇਸ਼ ਜੋਸ਼ੀ)-: ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਖ਼ਤ ਲਿਖਦੇ ਹੋਏ ਕਿਹਾ ਹੈ ਕਿ ਆਪ ਦੀ ਸਰਕਾਰ ਵਲੋਂ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਦੇਸ਼ ਦੀ ਆਜ਼ਾਦੀ ’ਚ ਪਾਏ ਯੋਗਦਾਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਲੋਕਾਂ ਅਤੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਗਿਆ ਹੈ। ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਥਾਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲਗਾ ਕੇ ਸਨਮਾਨ ਵੀ ਦਿੱਤਾ ਗਿਆ ਹੈ। ਕਾਮਯਾਬ ਸੇਖੋਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਬਹੁਤ ਛੋਟੀ ਉਮਰ ’ਚ ਦੇਸ਼ ਦੀ ਆਜ਼ਦੀ ’ਚ ਹਿੱਸਾ ਲਿਆ ਸੀ।ਦੇਸ਼ ਦੀ ਆਜ਼ਾਦੀ ਦੀ ਲਡ਼ਾਈ ਜੋ ਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੀ ਸੀ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੋਰਾਂ ਦੀ ਪਹਿਲੀ ਬਰਸੀ 23 ਮਾਰਚ 1932 ਸਮੇਂ ਇਹ ਸੱਦਾ ਦਿੱਤਾ ਗਿਆ ਸੀ ਕਿ ਪੂਰੇ ਦੇਸ਼ ਅੰਦਰ ਡੀਸੀ ਦਫ਼ਤਰਾਂ ਉੱਤੋਂ ਯੂਨੀਅਨ ਜੈਕ ਦਾ ਝੰਡਾ ਉਤਾਰ ਕੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਅੰਗਰੇਜ਼ ਸਰਕਾਰ ਨੇ ਇਸ ਐਕਸ਼ਨ ਨੂੰ ਅਸਫਲ ਕਰਨ ਵਾਸਤੇ ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਅੱਗੇ ਫੌਜ ਤਾਇਨਾਤ ਕਰ ਦਿੱਤੀ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੋ ਕਿ ਉਸ ਸਮੇਂ ਕੇਵਲ 16 ਸਾਲ ਦੇ ਸਨ, ਉਹ ਹੁਸ਼ਿਆਰਪੁਰ ਵਿਖੇ ਇਸ ਦਿਨ ਸਵੇਰੇ ਹੀ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਇਸ ਐਕਸ਼ਨ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਆਏ, ਪ੍ਰੰਤੂ ਉਨਾਂ ਨੂੰ ਦਫ਼ਤਰ ਪਹੁੰਚਣ ‘ਤੇ ਪਤਾ ਲੱਗਾ ਕਿ ਇਹ ਐਕਸ਼ਨ ਮੁਲਤਵੀ/ਵਾਪਸ ਹੋ ਗਿਆ ਹੈ ਕਿਉਂਕਿ ਸਰਕਾਰ ਨੇ ਸਾਰੇ ਦੇਸ਼ ਵਿੱਚ ਡੀਸੀ ਦਫ਼ਤਰਾਂ ਅਗੇ ਫੌਜ ਲਗਾ ਦਿੱਤੀ ਹੋਈ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਕਾਂਗਰਸ ਪਾਰਟੀ ਦੇ ਦਫ਼ਤਰ ਤੋਂ ਤਿਰੰਗਾ ਝੰਡਾ ਲਿਆ ਅਤੇ ਪ੍ਰਣ ਕੀਤਾ ਕਿ ਜੇਕਰ ਹੋਰ ਕੋਈ ਸਾਥੀ ਇਹ ਐਕਸ਼ਨ ਲਾਗੂ ਨਹੀਂ ਕਰਦਾ, ਮੈਂ ਇਕੱਲਾ ਹੀ ਇਹ ਐਕਸ਼ਨ ਲਾਗੂ ਕਰਾਂਗਾ।ਇਹ ਕਹਿਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤਿਰੰਗਾ ਝੰਡਾ ਛੁਪਾ ਕੇ ਇਕੱਲੇ ਹੀ ਡੀਸੀ ਦਫ਼ਤਰ ਪਹੁੰਚ ਗਏ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਯੂਨੀਅਨ ਜੈਕ ਦਾ ਝੰਡਾ ਉੁਤਾਰ ਕੇ ਤਿਰੰਗਾ ਝੰਡਾ ਲਹਿਰਾ ਦਿੱਤਾ। ਸਾਰੇ ਦਫ਼ਤਰ ਵਿੱਚ ਹਡ਼ਕੰਮ ਮਚ ਗਿਆ। ਫੌਜ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ, ਪਰੰਤੂ ਉਸ ਸਮੇਂ ਦੇ ਡੀਸੀ ਜੋ ਕਿ ਮਰਾਠੀ (ਭਾਰਤੀ) ਸਨ, ਨੇ ਫੌਜ ਨੂੰ ਗੋਲੀ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਨੌਜਵਾਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਗ੍ਫ਼ਿਤਾਰ ਕਰਵਾ ਦਿੱਤਾ।ਪੁਲਿਸ ਨੇ ਜਦੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਜੱਜ ਨੇ ਮੁਆਫੀ ਮੰਗਣ ਲਈ ਕਿਹਾ ਪਰ ਉਹ ਨਹੀਂ ਮੰਨੇ, ਜਦੋਂ ਜੱਜ ਨੇ ਉਨਾਂ ਨੂੰ ਨਾਂ ਪੁੱਛਿਆ ਤਾਂ ਉਨਾਂ ਨੇ ਆਪਣਾ ਨਾਂ ਲੰਡਨ ਤੋਡ਼ ਸਿੰਘ ਦੱਸਿਆ। ਬਾਰ-ਬਾਰ ਨਾਂ ਪੁੱਛਣ ‘ਤੇ ਉਹ ਅਪਣਾ ਨਾਂ ਲੰਡਨ ਤੋਡ਼ ਸਿੰਘ ਹੀ ਦੱਸਦੇ ਰਹੇ। ਜੱਜ ਨੇ ਚਿਡ਼ ਕੇ ਇਕ ਸਾਲ ਦੀ ਸਜ਼ਾ ਸੁਣਾਈ। ਪਰ ਕਾਮਰੇਡ ਸੁਰਜੀਤ ਹੋਰਾਂ ਨੇ ਜੱਜ ਨੂੰ ਸਵਾਲ ਕੀਤਾ ਕਿ ਕੀ ਸਿਰਫ ਇਕ ਸਾਲ ਦੀ ਸਜ਼ਾ? ਤਾਂ ਜੱਜ ਨੇ ਚਿਡ਼ ਖਾਂਦੇ ਹੋਏ ਕਿਹਾ ਕਿ ਦੋ ਸਾਲ ਦੀ ਸਜ਼ਾ। ਕਾਮਰੇਡ ਸੁਰਜੀਤ ਨੇ ਫਿਰ ਸਵਾਲ ਕੀਤਾ ਕਿ ਸਿਰਫ ਦੋ ਸਾਲ, ਜੱਜ ਹੋਰ ਚਿਡ਼ ਗਿਆ ਅਤੇ ਫਿਰ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀੇ । ਅਖੀਰ ਜੱਜ ਨੂੰ ਕਹਿਣਾ ਪਿਆ ਕਿ ਜਿਸ ਕਾਨੂੰਨ ਤਹਿਤ ਗ੍ਫ਼ਿਤਾਰੀ ਹੋਈ ਹੈ, ਉਸ ਅਨੁਸਾਰ ਵੱਧ ਤੋਂ ਵੱਧ ਮੈਨੂੰ ਤਿੰਨ ਸਾਲ ਦੀ ਸਜ਼ਾ ਦੇਣ ਦਾ ਹੀ ਅਧਿਕਾਰ ਹੈ।ਕਾਮਰੇਡ ਸੇਖੋਂ ਨੇ ਉਪਰੋਕਤ ਘਟਨਾ ਸਬੰਧੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮਝਦੀ ਹੈ ਕਿ ਛੋਟੀ ਉਮਰ ਹੋਣ ਦੇ ਬਾਵਜੂਦ ਉਸ ਸਮੇਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਇਹ ਬਹੁਤ ਵੱਡਾ ਦਲੇਰਾਨਾ ਕਾਰਨਾਮਾ ਸੀ। ਜਿਸ ਨੇ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦੀ ਸੰਗਰਾਮ ਵਿੱਚ ਵਧ ਚਡ਼੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਬਾਅਦ ਵਿੱਚ ਆਪਣੀਆਂ ਕੁਰਬਾਨੀਆਂ ਸਦਕਾ ਤੇ ਉਚਤਮ ਦਰਜੇ ਦੀ ਸਿਆਸੀ ਸੂਝ-ਬੂਝ ਕਾਰਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਕੌਮੀ ਤੇ ਕੌਮਾਂਤਰੀ ਪੱਧਰ ਦੇ ਆਗੂਆਂ ਵਿੱਚ ਪਛਾਣੇ ਜਾਣ ਵਾਲੇ ਆਗੂ ਬਣ ਗਏ। ਇਸ ਸਮੇਂ ਹੁਸ਼ਿਆਰਪੁਰ ਵਿਖੇ ਡੀਸੀ ਦਫ਼ਤਰ ਲਈ ਨਵਾਂ ਮਿੰਨੀ ਸਕੱਤਰੇਤ ਬਣ ਗਿਆ ਹੈ। ਡੀਸੀ ਦਫ਼ਤਰ ਦੀ ਪੁਰਾਣੀ ਬਿਲਡਿੰਗ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਯੂਨੀਅਨ ਜੈਕ ਦਾ ਝੰਡਾ ਉਤਾਰ ਕੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਸੀ। ਕਾਮਰੇਡ ਸੇਖੋਂ ਨੇ ਪੰਜਾਬ ਰਾਜ ਕਮੇਟੀ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਆਜ਼ਾਦੀ ਸੰਗਰਾਮ ਦੀ ਯਾਦ ਵਿੱਚ ਇਸ ਬਿਲਡਿੰਗ ਨੂੰ ਆਜ਼ਾਦੀ ਸੰਘਰਸ਼ ਦੇ ਇਤਿਹਾਸਕ ਚਿੰਨ ਵਜੋਂ ਜਿੱਥੇ ਹਮੇਸ਼ਾ ਵਾਸਤੇ ਤਿਰੰਗਾ ਝੰਡਾ ਲਹਿਰਾਉਂਦਾ ਰਹੇ, ਅਜਿਹੀ ਯਾਦਗਾਰ ’ਚ ਤਬਦੀਲ ਕੀਤਾ ਜਾਵੇ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਵੱਲੋਂ ਆਜ਼ਾਦੀ ਸੰਘਰਸ਼ ਵਿੱਚ ਪਾਏ ਗਏ ਇਸ ਦਲੇਰਾਨਾ ਤੇ ਵੱਡਮੁੱਲੇ ਯੋਗਦਾਨ ਨੂੰ ਤਾਜ਼ਾ ਰੱਖਣ ਲਈ ਇਸ ਬਿਲਡਿੰਗ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦਾ ਬੁੱਤ ਲਗਾਇਆ ਜਾਵੇ ਅਤੇ ਨਾਲ ਹੀ ਉਪਰੋਕਤ ਦੱਸੀ ਘਟਨਾ ਦਾ ਤਿੰਨਾਂ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਵਿੱਚ ਵਰਨਣ ਵੀ ਲਿਖਿਆ ਜਾਵੇ। ਇਸੇ ਤਰ੍ਹਾਂ ਡੀਸੀ ਦਫ਼ਤਰ ਦੀ ਪੁਰਾਣੀ ਬਿਲਡਿੰਗ ਨੂੰ ਇੱਕ ਹੈਰੀਟੇਜ਼ ਬਿਲਡਿੰਗ ਦੇ ਤੌਰ ‘ਤੇ ਸੰਭਾਲਿਆ ਜਾਵੇ ਤੇ ਇਸ ਦੇ ਅੰਦਰ ਕੋਈ ਵੱਡੀ ਲਾਇਬਰੇਰੀ ਬਣਾਈ ਜਾਵੇ ਜਿਸ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਸਬੰਧੀ, ਦੇਸ਼ ਭਗਤਕ ਸਾਹਿਤ ਤੇ ਨੌਜਵਾਨਾਂ ਨੂੰ ਨਰੋਈ ਸੇਧ ਦੇਣ ਵਾਲਾ ਸਾਹਿਤ ਰੱਖਿਆ ਜਾਵੇ। ਕਾਮਰੇਡ ਸੇਖੋਂ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਇਸ ਵਿਸ਼ੇ ‘ਤੇ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਨਿੱਜੀ ਧਿਆਨ ਦੇ ਕੇ ਉਪਰੋਕਤ ਮੰਗਾਂ ਨੂੰ ਪ੍ਰਵਾਨ ਕਰਨਗੇ ਤੇ ਇਸ ਸਬੰਧੀ ਲੋਡ਼ੀਂਦੀ ਕਾਰਵਾਈ ਅਮਲ ਵਿੱਚ ਲਿਆਉਗੇ ।
ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਖਾਤਿਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਡੀ.ਸੀ. ਦਫ਼ਤਰ ਹੁਸ਼ਿਆਪੁਰ ‘ਚ ਬੁੱਤ ਲਾਉਣ ਦੀ ਮੰਗ
This entry was posted in ਪੰਜਾਬ.