ਔਰੰਗਾਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਨੌਜਵਾਨ ਆਪਣੀ ਜਿੰਦਗੀ ਦੇ 10 ਸਾਲ ਰਾਜਨੀਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦੀ ਸਿਕਾਇਤ ਕਰਦੇ ਹਨ, ਪਰ ਇਸ ਨੂੰ ਖਤਮ ਕਰਨ ਲਈ ਰਾਜਨੀਤਕ ਢਾਚੇ ਨੂੰ ਬਦਲਣ ਦੀ ਲੋੜ ਹੈ। ਇਸ ਕਰਕੇ ਨੌਜਵਾਨ ਵਰਗ ਦੇ ਸਹਿਯੋਗ ਦੀ ਲੋੜ ਹੈ।
ਔਰੰਗਾਬਾਦ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਨੀਤਕ ਦਲਾਂ ਵਿੱਚ ਲੋਕਤੰਤਰ ਦੀ ਘਾਟ ਹੈ।ਜਿਸ ਕਰਕੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਦਲਾਅ ਲਿਆਉਣ ਦੇ ਦੋ ਹੀ ਤਰੀਕੇ ਹਨ ਇੱਕ ਤਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਉਨ੍ਹਾਂ ਨੂੰ 20 ਸਾਲ ਦੀ ਬਜਾਏ 6 ਮਹੀਨੇ ਵਿੱਚ ਸਜ਼ਾ ਮਿਲੇ ਅਤੇ ਦੂਸਰਾ ਤਰੀਕਾ ਹੈ ਰਾਜਨੀਤਕ ਢਾਂਚੇ ਨੂੰ ਬਦਲਣਾ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦੋਵਾਂ ਹੀ ਤਰੀਕਿਆਂ ਦੀ ਵਰਤੋਂ ਕਰਨੀ ਹੋਵੇਗੀ।
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਗੱਲਬਾਤ ਕਰਨ ਦਾ ਵਕਤ ਹੁਣ ਖਤਮ ਹੋ ਗਿਆ ਹੈ। ਹੁਣ ਤਾਂ ਬਦਲਾਅ ਦੀ ਲੋੜ ਹੈ। ਇਸ ਤਬਦੀਲੀ ਲਈ ਨੌਜਵਾਨ ਅਤੇ ਕੁਸ਼ਲ ਲੋਕ ਸਾਡੇ ਨਾਲ ਜੁੜਨ। ਸਾਨੂੰ ਇਸ ਵਰਗ ਦੇ ਸਾਥ ਦੀ ਜਰੂਰਤ ਹੈ। ਤੁਸੀਨ 10 ਸਾਲ ਬਾਅਦ ਆਪਣੇ ਫੈਸਲੇ ਤੇ ਮਾਣ ਮਹਿਸੂਸ ਕਰੋਗੇ ਅਤੇ ਦੇਸ਼ ਦੀ ਰਾਜਨੀਤੀ ਇੱਕ ਨਵੀਂ ਦਿਸ਼ਾ ਵਿੱਚ ਮੋੜ ਲਵੇਗੀ।