ਚੰਡੀਗਡ਼੍ਹ, (ਉਮੇਸ਼ ਜੋਸ਼ੀ) – ਪੰਜਾਬ ਦਾ ਕਿਸਾਨ ਜਿੱਥੇ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਸਰਕਾਰ ਦੀਆਂ ਵਧੀਕੀਆਂ ਕਾਰਨ ਹੋਰ ਨਿਘਾਰ ਵੱਲ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਸੀਪੀਆਈ (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਦੂਹਰੀ ਮਾਰ ਤੋਂ ਬਚਾਅ ਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਸੁਧਾਰਨ ਵੱਲ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ।ਕਾਮਰੇਡ ਸੇਖੋਂ ਨੇ ਕਿਹਾ ਕਿ ਅਗੇਤੀ ਗਰਮੀ ਪੈਣ ਕਾਰਨ ਪੰਜਾਬ ਵਿੱਚ ਕਣਕ ਦਾ ਝਾਡ਼ ਘਟ ਗਿਆ ਹੈ, ਜਿਸ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਸੱਟ ਮਾਰੀ ਹੈ। ਮਹਿੰਗੇ ਭਾਅ ਠੇਕੇ ‘ਤੇ ਜ਼ਮੀਨਾਂ ਲੈ ਕੇ ਖਾਦਾਂ ਤੇ ਕੀਡ਼ੇ ਮਾਰ ਦਵਾਈਆਂ ਆਦਿ ਦੀ ਵਰਤੋਂ ਨਾਲ ਪਾਲੀ ਕਣਕ ਦਾ ਝਾਡ਼ ਘਟਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਭਾਰੀ ਕਮੀ ਆਈ ਹੈ। ਇਸੇ ਤਰ੍ਹਾਂ ਸਾਉਣੀ ਦੀ ਫ਼ਸਲ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਡੀਏਪੀ ਖਾਦ ਦੀ ਜ਼ਰੂਰਤ ਹੈ ਪਰ ਰਾਜ ਸਰਕਾਰ ਨੇ ਕਿ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੇ ਉਲਟ ਸਗੋਂ ਡੀਏਪੀ ਖਾਦ ਦੀ ਪੰਜਾਹ ਕਿਲੋ ਬੋਰੀ ਦੀ ਕੀਮਤ ਡੇਢ ਸੌ ਰੁਪਏ ਵਧਾ ਦਿੱਤੀ ਹੈ। ਇਸ ਤਰ੍ਹਾਂ 12 ਸੌ ਰੁਪਏ ਵਾਲਾ ਡੀਏਪੀ ਖਾਦ ਦਾ ਗੱਟਾ ਹੁਣ 1350 ਰੁਪਏ ਦਾ ਮਿਲੇਗਾ। ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਹੰਢਾ ਰਿਹਾ ਪੰਜਾਬ ਦਾ ਕਿਸਾਨ ਚਿੰਤਾ ਵਿੱਚ ਹੈ।ਸੂਬਾ ਸਕੱਤਰ ਨੇ ਕਿਹਾ ਕਿ ਪਿਛਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਸਮੇਂ ਆਰਥਿਕ ਤੰਗੀ ਕਾਰਨ ਹਜ਼ਾਰਾਂ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਹੁਣ ਵੀ ਕਰਜ਼ੇ ਦੀ ਮਾਰ ਨਾ ਝੱਲ ਸਕਣ ਕਾਰਨ ਖ਼ੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਸਮੇਂ ਇਸ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਨੇਤਾਵਾਂ ਨੇ ਪੰਜਾਬ ਦੀ ਕਿਸਾਨੀ ਵੱਲ ਵਿਸ਼ੇਸ਼ ਧਿਆਨ ਦੇਣ ਦਾ ਵਿਸ਼ਵਾਸ ਦਿਵਾਇਆ ਸੀ। ਲੋਕਾਂ ਨੇ ਭਰੋਸਾ ਕਰਦਿਆਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਸਥਾਪਤ ਕੀਤੀ।ਕਾਮਰੇਡ ਸੇਖੋਂ ਨੇ ਕਿਹਾ ਕਿ ਕਣਕ ਦਾ ਝਾਡ਼ ਘਟਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਆਵਜ਼ਾ ਦੇਣ ਦਾ ਵਾਅਦਾ ਤਾਂ ਕੀਤਾ ਹੈ ਪਰ ਇਹ ਵਾਅਦਾ ਅਜੇ ਤੱਕ ਬਿਆਨਾਂ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜ ਸਰਕਾਰ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਇਹ ਮੁਆਵਜ਼ਾ ਬਿਨਾਂ ਕਿਸੇ ਦੇਰੀ ਤੋਂ ਤਕਸੀਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਆਰਥਿਕ ਤੰਗੀ ਨੂੰ ਮੁੱਖ ਰੱਖਦਿਆਂ ਕਿਸਾਨੀ ਕਰਜ਼ੇ ਤੇ ਵਿਆਜ ਵਿੱਚ ਮੁਕੰਮਲ ਛੋਟ ਦੇ ਕੇ ਕਿਸ਼ਤਾਂ 6 ਮਹੀਨੇ ਲਈ ਅੱਗੇ ਪਾਉਣੀਆਂ ਚਾਹੀਦੀਆਂ ਹਨ।ਸੂਬਾ ਸਕੱਤਰ ਨੇ ਡੀਏਪੀ ਖਾਦ ਦੀ ਕੀਮਤ ਵਿੱਚ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਧੱਕੇਸ਼ਾਹੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਕਿਸਾਨਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਹੋਂਦ ਵਿੱਚ ਆਈ ਸਰਕਾਰ ਜਿਸ ਨੇ ਕਿਸਾਨੀ ਦੇ ਸੁਧਾਰ ਦੇ ਦਾਅਵੇ ਤੇ ਵਾਅਦੇ ਕੀਤੇ ਸਨ, ਉਸ ਨੇ ਖਾਦ ਦੀ ਕੀਮਤ ਵਧਾ ਕੇ ਰਾਹਤ ਦੇਣ ਦੇ ਉਲਟ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿਡ਼ਕਿਆ ਹੈ। ਕਿਸਾਨੀ ਤੇ ਕਿਸਾਨ ਨੂੰ ਜਿਊਂਦਾ ਰੱਖਣ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤੇ ਤੁਰੰਤ ਰਾਹਤ ਦੇਣੀ ਚਾਹੀਦੀ ਹੈ।
ਕਿਸਾਨਾਂ ਨੂੰ ਦੂਹਰੀ ਮਾਰ ਤੋਂ ਬਚਾਉਣ ਲਈ ਰਾਜ ਸਰਕਾਰ ਉਚੇਚਾ ਧਿਆਨ ਦੇਵੇ : ਕਾਮਰੇਡ ਸੇਖੋਂ
This entry was posted in ਪੰਜਾਬ.