ਲੋਕਾਂ ਨੂੰ ਗ਼ਲਤ ਸੂਚਨਾ ਅਤੇ ਫ਼ਰਜ਼ੀ ਖ਼ਬਰਾਂ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕਮਿਊਨਿਟੀ ਰੇਡੀਓ ‘ਰੇਡੀਓ ਪੰਜਾਬ 90.0’ ਵੱਲੋਂ ਮੀਡੀਆ ਅਤੇ ਸੂਚਨਾ ਸਾਖਰਤਾ ਮੁਹਿੰਮ ਅਧੀਨ ‘ਫੈਕਟਸ਼ਾਲਾ’ ਦਾ ਆਯੋਜਨ ਕਰਵਾਇਆ ਗਿਆ। ‘ਸੋਚੋ, ਸਮਝੋ, ਫਿਰ ਸਾਂਝਾ ਕਰੋ’ ਦੇ ਵਿਸ਼ੇ ਅਧੀਨ ਦੋ ਹਫ਼ਤਿਆਂ ਤੱਕ ਚੱਲੀ ਮੁਹਿੰਮ ਵਿੱਚ ਕਈ ਵਿਸ਼ਾ ਮਾਹਿਰਾਂ ਨੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਮੁਹਿੰਮ ਦੌਰਾਨ ਪ੍ਰਸਿੱਧ ਸਾਈਬਰ ਸੁਰੱਖਿਆ ਮਾਹਿਰ ਅਤੇ ਲੇਖਕ ਅਰੁਣ ਸੋਨੀ, ਐਡਵੋਕੇਟ ਅਤੇ ਨੈਸ਼ਨਲ ਐਵਾਰਡੀ ਸਗੀਨਾ ਵਲੈਤ ਅਤੇ ਸਮਾਜ ਸੇਵੀ ਸ਼ਿਪਰਾ ਬਾਂਸਲ ਨੇ ਇਸ ਵਿਸ਼ੇ ’ਤੇ ਡੂੰਘਾਈ ਨਾਲ ਗੱਲਬਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਡਿਉ ਪੰਜਾਬ ਦੀ ਸਟੇਸ਼ਨ ਹੈੱਡ ਆਰ.ਜੇ ਨਿਧੀ ਸ਼ਰਮਾ ਨੇ ਕਿਹਾ ਕਿ ਇੰਟਰਨੈੱਟ ਅਤੇ ਇਸ ਦੇ ਸਹਾਇਕ ਯੰਤਰਾਂ ਤੱਕ ਪਹੁੰਚ ਸੌਖਾਲੀ ਹੋਣ ਦੇ ਨਾਲ, ਮਨੁੱਖੀ ਖਪਤ ਅਤੇ ਜਾਣਕਾਰੀ ਦੀ ਵੰਡ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਇਸ ਲਈ ਸਮਝਣਾ ਮਹੱਤਵਪੂਰਨ ਹੋ ਗਿਆ ਹੈ ਕਿ ਜਾਣਕਾਰੀ ਦੇ ਹਰੇਕ ਹਿੱਸੇ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲਾਂ ਇਸ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।ਜਿਸ ਦੇ ਮੱਦੇਨਜ਼ਰ ਰੇਡਿਉ ਪੰਜਾਬ ਵੱਲੋਂ ਦੋ ਹਫ਼ਤਿਆਂ ਲਈ ਇਹ ਜਾਗਰੂਕਤਾ ਮੁਹਿੰਮ ਵਿੱਢੀ ਗਈ ਸੀ।
ਵਿਸ਼ੇਸ਼ ਟਾਕ ਸੋਮ ਦੌਰਾਨ ਗੱਲਬਾਤ ਕਰਦਿਆਂ ਸ਼੍ਰੀ ਅਰੁਣ ਸੋਨੀ ਨੇ ਵੱਖ-ਵੱਖ ਚੁਣੌਤੀਆਂ ਬਾਬਤ ਗੱਲ ਕੀਤੀ ਜੋ ਗ਼ਲਤ ਜਾਣਕਾਰੀ ਅਤੇ ਦੁਰ-ਪ੍ਰਚਾਰ ਪੈਦਾ ਕਰ ਸਕਦੇ ਹਨ, ਜਿਸ ਵਿੱਚ ਜਾਣਕਾਰੀ ਦੀ ਉਲੰਘਣਾ, ਲੋਕਾਂ ’ਚ ਭਰਮ-ਭੁਲੇਖਿਆਂ ਦਾ ਪੈਦਾ ਹੋਣਾ, ਡਰ ਦਾ ਪ੍ਰਸਾਰ, ਅਨਿਸ਼ਚਿਤਤਾ, ਹਫ਼ੜਾ-ਦਫ਼ੜੀ ਅਤੇ ਹਿੰਸਾ ਅਤੇ ਕਾਨੂੰਨ ਦੀ ਸਥਿਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਅਜੋਕੇ ਸਮੇਂ ’ਚ ਜਾਣਕਾਰੀ ਦੀ ਪ੍ਰਕਿਰਤੀ ਦੀ ਜਾਂਚ ਕਰਨ ਅਤੇ ਫ਼ਰਜ਼ੀ ਖ਼ਬਰਾਂ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਸਾਰੇ ਸਾਧਨ ਮੌਜੂਦ ਹਨ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਖ਼ਬਰ ਜਾਂ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਫੈਕਟਚੈਕ, ਏ.ਐਲ.ਟੀ ਨਿਊਜ਼, ਫੈਕਲਟੀ ਡਾੱਟ ਇੰਨ ਅਤੇ ਲਾਜ਼ਿਕ ਇੰਡੀਅਨ ਵਰਗੀਆਂ ਵੈਬਸਾਈਟਾਂ ਜਾਂ ਸਾਧਨਾਂ ਦੀ ਵਰਤੋਂ ਕਰਕੇ ਸਮੱਗਰੀ ਦੀ ਤਸਦੀਕ ਕਰਨੀ ਚਾਹੀਦੀ ਹੈ, ਜੋ ਇੰਟਰਨੈਟ ’ਤੇ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਕਿਹਾ ਕਿ ਖ਼ਬਰਾਂ ਦੇ ਪੱਖਪਾਤ ਅਤੇ ਨੁਕਸਾਨਾਂ ਨੂੰ ਇੱਕ ਜ਼ੁੰਮੇਵਾਰ ਨਾਗਰਿਕ ਵਜੋਂ ਸਾਡੀਆਂ ਜ਼ਿੰਮੇਵਾਰੀਆਂ ਤੋਂ ਦੂਰ ਰੱਖਣਾ ਚਾਹੀਦਾ ਹੈ।
ਸਮਾਜਕ ਕਾਰਕੁਨ ਸ਼ਿਪਰਾ ਬਾਂਸਲ ਨੇ ਗ਼ਲਤ ਸੂਚਨਾ, ਫ਼ਰਜ਼ੀ ਖ਼ਬਰਾਂ ਅਤੇ ਦੁਰ-ਪ੍ਰਚਾਰ ਵਿਚਕਾਰ ਬੁਨਿਆਦੀ ਅੰਤਰ ਨੂੰ ਰੇਖਾਂਕਿਤ ਕੀਤਾ ਜਦਕਿ ਸਗੀਨਾ ਵਲਾਇਤ ਨੇ ਕਿਹਾ ਕਿ ਆਧੁਨਿਕੀਕਰਨ ਨੇ ਜਿੱਥੇ ਅਫ਼ਵਾਹਾਂ ਨੂੰ ਵਧਾਇਆ ਹੈ ਉਥੇ ਇਸ ਦੀ ਰੋਕਥਾਮ ਵੀ ਡਿਜੀਟਲੀਕਰਨ ਦੁਆਰਾ ਹੀ ਕੀਤੀ ਜਾਵੇਗੀ। ਉਨ੍ਹਾਂ ਸਭਨਾਂ ਨੂੰ ਤੱਥਾਂ ਨਾਲ ਕਦੇ ਸਮਝੌਤਾ ਨਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਈ ਵੀ ਜਾਣਕਾਰੀ ਤੱਥਾਂ ਆਧਾਰਿਤ ਅਤੇ ਬਿਨਾਂ ਪੱਖਪਾਤ ਦੇ ਸਾਂਝੀ ਕੀਤੀ ਜਾਣੀ ਜ਼ਰੂਰੀ ਹੈ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਕਮਿਊਨਟੀ ਰੇਡਿਉ ਵੱਲੋਂ ਚਲਾਈ ਮੁਹਿੰਮ ਦੌਰਾਨ ਗੱਲਬਾਤ ਕਰਦੇ ਸ਼੍ਰੀ ਅਰੁਣ ਸੋਨੀ ਅਤੇ ਨਾਲ ਸਟੇਸ਼ਨ ਹੈਡ ਆਰ.ਜੇ ਨਿਧੀ ਸ਼ਰਮਾ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਕਮਿਊਨਟੀ ਰੇਡਿਉ ਵੱਲੋਂ ਚਲਾਈ ਮੁਹਿੰਮ ਦੌਰਾਨ ਗੱਲਬਾਤ ਕਰਦੇ ਸ਼੍ਰੀਮਤੀ ਸਗੀਨਾ ਵਲਾਇਤ ਅਤੇ ਸ਼੍ਰੀਮਤੀ ਸ਼ਿਪਰਾ ਬਾਂਸਲ।