ਚੰਡੀਗਡ਼੍ਹ, (ਉਮੇਸ਼ ਜੋਸ਼ੀ)-: ਚੰਡੀਗਡ਼੍ਹ ਵਿਖੇ ਹੋਈ ਸੀਟੂ ਦੀ ਕੁੱਲ ਹਿੰਦ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਫੈਕਟਰੀ ਗੇਟਾਂ ਅਤੇ ਕੰਮ ਵਾਲੀਆਂ ਥਾਂਵਾਂ ਉੱਤੇ ਝੰਡੇ ਝੁਲਾਉਣ ਉਪਰੰਤ ਸੀਟੂ ਯੂਨੀਅਨਾਂ ਵਲੋਂ ਸਾਰੇ ਜਿਲ੍ਹਾ ਕੇਂਦਰਾਂ ਉੱਤੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਇਸ ਸਾਲ ਮਈ ਦਿਵਸ਼ ਜੁਝਾਰੂ ਰੂਪ ਵਿੱਚ ਰੈਲੀਆਂ ਅਤੇ ਪ੍ਰਦਰਸਨ ਕਰਕੇ ਮਨਾਇਆ ਜਾਵੇਗਾ। ਪੰਜਾਬ ਸੀਟੂ ਦੇ ਪ੍ਰਮੁੱਖ ਆਗੂਆਂ ਕਾਮਰੇਡ ਊਸ਼ਾ ਰਾਣੀ ਕੁੱਲ ਹਿੰਦ ਸਕੱਤਰ, ਸਾਥੀ ਮਹਾਂ ਸਿੰਘ ਰੌਡ਼ੀ ਸੂਬਾਈ ਪ੍ਰਧਾਨ, ਸਾਥੀ ਚੰਦਰ ਸ਼ੇਖਰ ਸੂਬਾਈ ਜਨਰਲ ਸਕੱਤਰ ਅਤੇ ਸਾਥੀ ਸੁੱਚਾ ਸਿੰਘ ਅਜਨਾਲਾ ਸੂਬਾਈ ਵਿੱਤ ਸਕੱਤਰ ਨੇ ਇਥੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸੀਟੂ ਵਲੋਂ ਜਾਰੀ ਮਈ ਦਿਵਸ਼ ਦੇ ਮੈਨੀਫੈਸਟੋ ਦੀਆਂ ਕਾਪੀਆਂ ਆਮ ਵਰਕਰਾਂ ਵਿੱਚ ਵੰਡੀਆਂ ਜਾਣਗੀਆਂ ਅਤੇ 4 ਮਜ਼ਦੂਰ ਵਿਰੋਧੀ ਕੋਡ ਰੱਦ ਕਰਾਉਣ, ਸਾਰੇ ਕੱਚੇ ਅਤੇ ਆਉਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਾਉਣ, ਸਕੀਮ ਵਰਕਰਾਂ ਨੂੰ ਸਥਾਈ ਕਰਮਚਾਰੀ ਬਣਾਉਣ, ਮਨਰੇਗਾ ਕਾਨੂੰਨ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕਰਾਉਣ, 200 ਦਿਨਾਂ ਦੇ ਕੰਮ ਦੀ ਗਰੰਟੀ, 750/- ਰੁਪਏ ਦਿਹਾਡ਼ੀ, ਨਿਰਮਾਣ ਮਜ਼ਦੂਰਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਾਉਣ, ਪਬਲਿਕ ਸੈਕਟਰ ਦੀ ਰਾਖੀ ਆਦਿ ਮੰਗਾਂ ਲਈ ਦ੍ਰਿਡ਼ ਸੰਕਲਪ ਹੋ ਕੇ ਲਡ਼ਨ ਦੇ ਇਰਾਦਿਆਂ ਦੇ ਖੁੱਲ੍ਹੇ ਐਲਾਨ ਕੀਤੇ ਜਾਣਗੇ। ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨੂੰ ਹਰਾਉਣ ਲਈ ਅਤੇ ਸਮਾਜਿਕ ਤਬਦੀਲੀ ਦੇ ਆਪਣੇ ਸੰਵਿਧਾਨਿਕ ਐਲਾਨ ਉੱਤੇ ਅੱਗੇ ਵੱਧਣ ਲਈ ਮਜ਼ਦੂਰ -ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਸੀਟੂ ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਉਂਦੀ 4 ਮਈ ਨੂੰ ਜੀਵਨ-ਬੀਮਾ ਕਰਮਚਾਰੀਆਂ ਵਲੋਂ ਉਸ ਦੀ ਹਿੱਸਾ ਪੂੰਜੀ ਬਜ਼ਾਰ ਵਿੱਚ ਆਈ.ਪੀ.ਓ. ਰਾਹੀਂ ਵੇਚਣ ਵਿਰੁੱਧ ਕੀਤੀ ਜਾ ਰਹੀ 2 ਘੰਟੇ ਦੀ ਹਡ਼ਤਾਲ ਵਿੱਚ ਸ਼ਾਮਲ ਹੋ ਕੇ ਨਿੱਜੀਕਰਣ ਵਿਰੁੱਧ ਠੋਸ ਰੂਪ ਵਿੱਚ ਅਵਾਜ਼ ਬੁਲੰਦ ਕੀਤੀ ਜਾਵੇਗੀ।