ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਤੇ ਸਾਥੀ ਸਿੰਘਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਗੁਰਬਾਣੀ ਪ੍ਰਵਾਹ ਦੇ ਨਾਲ ਨਾਲ ਗੁਰੂਘਰ ਦੇ ਵਜ਼ੀਰ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਯੂਕੇ ਟੂਰ ‘ਤੇ ਆਏ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਜੱਥੇ ਵੱਲੋਂ ਲਗਾਤਾਰ ਕਈ ਘੰਟੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਸਾਹ ਰੋਕ ਕੇ ਬੈਠਣ ਲਈ ਮਜਬੂਰ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਓ ਨਾਲ ਵੀ ਨਿਵਾਜਿਆ ਗਿਆ।
ਸਕਾਟਲੈਂਡ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅੰਮ੍ਰਿਤ ਸੰਚਾਰ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਦੌਰਾਨ ਸੈਂਟਰਲ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪ੍ਰਾਣੀਆਂ ਨੇ ਪੰਜ ਪਿਆਰਿਆਂ ਹੱਥੋਂ ਅੰਮ੍ਰਿਤ ਦੀ ਦਾਤ ਹਾਸਿਲ ਕਰਕੇ ਗੁਰੂ ਲੜ ਲੱਗਣ ਦਾ ਪ੍ਰਣ ਲਿਆ। ਗੁਰਦੁਆਰਾ ਕਮੇਟੀ ਵੱਲੋਂ ਅੰਮ੍ਰਿਤਪਾਨ ਕਰਕੇ ਗੁਰੂ ਲੜ ਲੱਗੇ ਸਿੱਖਾਂ ਨੂੰ ਵੀ ਸਿਰੋਪਾਓ ਨਾਲ ਨਿਵਾਜਿਆ ਗਿਆ। ਸੰਸਥਾ ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਭਾਈ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ ਨੇ ਕਿਹਾ ਕਿ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿਹਨਾਂ ਵੱਲੋਂ ਸਮੇਂ ਸਮੇਂ ‘ਤੇ ਸਕਾਟਲੈਂਡ ਦੀ ਧਰਤੀ ‘ਤੇ ਸਿੱਖੀ ਦੀ ਪ੍ਰਫੁੱਲਤਾ ਲਈ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਨੇ ਹਰ ਸਿੱਖ ਦਾ ਫ਼ਰਜ਼ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫ਼ਰਜ਼ ਬੇਹੱਦ ਜਿੰਮੇਵਾਰੀ ਨਾਲ ਨਿਭਾਇਆ ਜਾ ਰਿਹਾ ਹੈ। ਹਰਪਾਲ ਸਿੰਘ ਨੇ ਕਿਹਾ ਕਿ ਸੰਸਥਾ ਇਤਿਹਾਸ ਯੂਕੇ ਅਜਿਹੇ ਉਪਰਾਲਿਆਂ ਵਿੱਚ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਸਕਾਟਲੈਂਡ ਦੀਆਂ ਬਾਕੀ ਸੰਸਥਾਵਾਂ ਨੂੰ ਵੀ ਸਿੱਖ ਧਰਮ ਅਤੇ ਵਿਰਸੇ ਦੀ ਪ੍ਰਫੁੱਲਤਾ ਲਈ ਹੁੰਦੇ ਉਪਰਾਲਿਆਂ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਪ੍ਰਤੀਨਿਧੀ ਨਾਲ ਗੱਲ-ਬਾਤ ਕਰਦਿਆਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਸ਼ਿਸ਼ ਹੈ ਕਿ ਸਕਾਟਲੈਂਡ ਦੀ ਧਰਤੀ ‘ਤੇ ਸਿੱਖੀ ਦੀ ਚੜ੍ਹਦੀ ਕਲ੍ਹਾ ਲਈ ਨਿੱਗਰ ਉਪਰਾਲੇ ਹੋਣ, ਇਹ ਤਦ ਹੀ ਸੰਭਵ ਹੈ ਜੇਕਰ ਸੰਗਤਾਂ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹਨ। ਉਹਨਾਂ ਇਸ ਧਾਰਮਿਕ ਸਮਾਗਮ ਦੀ ਸਫਲਤਾ ਲਈ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰ ਨੌਜਵਾਨਾਂ ਅਤੇ ਬੀਬੀਆਂ ਦਾ ਧੰਨਵਾਦ ਕਰਦਿਆਂ ਹਾਰਦਿਕ ਵਧਾਈ ਪੇਸ਼ ਕੀਤੀ।