ਬਲਾਚੌਰ, (ਉਮੇਸ਼ ਜੋਸ਼ੀ) – ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਵੱਲੋਂ ਪੰਜਾਬ ਦੇ ਕੰਢੀ ਇਲਾਕੇ ਦੇ ਖੇਤੀ ਵਿਕਾਸ ਲਈ ਇੱਕ ਵਿਸ਼ੇਸਇਕੱਤਰਤਾ ਨੀਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬੱਲਵਾਲ ਸੌਂਖੜੀ, ਬਲਾਚੌਰ ਤੋਂ ਵਿਧਾਇਕ ਸ਼੍ਰੀਮਤੀ ਸ਼ੰਤੋਸ਼ ਕਟਾਰੀਆ ਅਤੇ ਅਗਾਂਹਵਧੂ ਕਿਸਾਨ ਵਜੋਂ ਸ਼੍ਰੀ ਪ੍ਰੇਮ ਚੰਦ ਭੀਮਾ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਕੰਢੀ ਇਲਾਕੇ ਦੀਆਂ ਖੇਤੀ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਕੀਤੇ ਜਾ ਸਕਦੇ ਉਪਰਾਲਿਆਂ ਬਾਰੇ ਵਿਚਾਰ ਚਰਚਾ ਹੋਈ। ਵਿਧਾਇਕ ਸ਼੍ਰੀਮਤੀ ਸ਼ੰਤੋਸ਼ ਕਟਾਰੀਆ ਨੇ ਇਲਾਕੇ ਵਿੱਚ ਸਿੰਜਾਈ ਲਈ ਪਾਣੀ ਦੀ ਘਾਟ ਅਤੇ ਨੌਜਵਾਨਾਂ ਲਈ ਰੁਜਗਾਰ ਤੇ ਸਿਖਲਾਈ ਆਦਿ ਮੁੱਦਿਆਂ ਨੂੰ ਉਠਾਇਆ। ਡਾ. ਮਨਮੋਹਨਜੀਤ ਸਿੰਘ ਨੇ ਕੰਢੀ ਇਲਾਕੇ ਵਿੱਚ ਫਸਲਾਂ ਦੀ ਪ੍ਰੋਸੈਸਿੰਗ, ਜੈਵਿਕ ਖੇਤੀ, ਦਵਾਈਆਂ ਵਾਲੇ ਪੌਦਿਆਂ ਦੀ ਖੇਤੀ, ਐਗਰੋ-ਟੂਰਿਜਮ, ਮੀਂਹ ਦੇ ਪਾਣੀ ਦੀ ਸੰਭਾਲ ਆਦਿ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਰਮੇਸ਼ ਚੰਦ, ਮੈਂਬਰ ਨੀਤੀ ਅਯੋਗ , ਭਾਰਤ ਸਰਕਾਰ ਨੇ ਇਸ ਮੌਕੇ ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਨੂੰ ਬੁਲਾ ਕੇ ਉਪਰੋਕਤ ਮੁੱਦਿਆਂ ਤੇ ਵਿਚਾਰ ਕੀਤੀ ਅਤੇ ਇਹਨਾਂ ਦੇ ਹੱਲ ਲਈਸੂਬਾ ਸਰਕਾਰ ਰਾਹੀਂ ਪ੍ਰਸਤਾਵ ਭੇਜਣ ਲਈ ਕਿਹਾ ਅਤੇ ਇਸ ਮੰਤਵ ਲਈ ਨੀਤੀ ਅਯੋਗ ਵੱਲੋਂ ਹਰ ਸੰਭਵ ਸਹਿਯੋਗ ਅਤੇ ਆਰਥਿਕ ਮੱਦਦ ਦਾ ਭਰੋਸਾ ਦਿੱਤਾ। ਇਕੱਤਰਤਾ ਦੋਰਾਨ ਪ੍ਰੋ. ਰਮੇਸ਼ ਚੰਦ ਜੀ ਨੂੰ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਖੋਲਣ ਲਈ ਪਾਏ ਸਹਿਯੋਗ ਲਈ ਸਨਮਾਨਿਤ ਵੀ ਕੀਤਾ ਗਿਆ।