ਦਿੱਲੀ -: ਬੀਤੇ ਸਮੇਂ ਤੋਂ ਲਗਾਤਾਰ ਗੁਰਬਾਣੀ ‘ਤੇ ਸਿੱਖ ਇਤਹਾਸ ਨਾਲ ਛੇੜ੍ਹ-ਛਾੜ੍ਹ ਕਰਕੇ ਪੇਸ਼ ਕਰਨ ਦੀ ਘਟਨਾਵਾਂ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਇਸ ਘਟਨਾਕ੍ਰਮ ਦੀ ਲੜ੍ਹੀ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ‘ਤੇ ਮੋਜੂਦਾ ਪ੍ਰਧਾਨਾਂ ‘ਤੇ ਮੈੰਬਰਾਂ ਵਲੋਂ ਬੀਤੇ ਸਮੇਂ ਵੱਖ-ਵੱਖ ਸਮਾਗਮਾਂ ‘ਚ ਗੁਰਬਾਣੀ ‘ਤੇ ਸਿੱਖ ਇਤਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਹਾਲ ‘ਚ ਹਿੰਦੂ ਧਰਮ ਦੇ ਇਕ ਧਾਰਮਿਕ ਸਮਾਗਮ ‘ਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਇਕ ਸਾਬਕਾ ਵਿਧਾਇਕ ਦੇ ਪਰਿਵਾਰਿਕ ਮੈਂਬਰ ਵਲੋਂ ਸਿੱਖ ਗੁਰੂਆਂ ਨੂੰ ਹਿੰਦੂ ਐਲਾਨਣ ਤੋਂ ਇਲਾਵਾ ਉਸ ਸ਼ਖਸ ਨੇ ਦਸਤਾਰਧਾਰੀ ਹੁੰਦਿਆ ਹੋਇਆ ਆਪਣੇ ਆਪ ਨੂੰ ਇਕ ਸ਼ੁੱਧ ਹਿੰਦੂ ਦੇ ਰੂਪ ‘ਚ ਦਰਸ਼ਾਉਣ ‘ਚ ਵੀ ਕੋਈ ਗੁਰੇਜ ਨਹੀ ਕੀਤਾ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਹਾਲਾਂਕਿ ਉਸ ਵਿਅਕਤੀ ਨੇ ਬੰਦ ਕਮਰੇ ‘ਚ ਇਕ ਵੀਡੀਉ ਪਾ ਕੇ ਮਾਫੀ ਮੰਗਣ ‘ਤੇ ਆਪਣੇ ਆਪ ਨੂੰ ਸਿੱਖ ਇਤਹਾਸ ਦੀ ਪੂਰੀ ਜਾਣਕਾਰੀ ਨਾ ਹੋਣ ਦੀ ਗਲ ਕੀਤੀ ਹੈ, ਪਰੰਤੂ ਉਸ ਵਲੋਂ ਸਿੱਖਾਂ ਨੂੰ ਹਿੰਦੂ ਦਰਸ਼ਾਉਣ ਦਾ ਦਿੱਤਾ ਸੰਦੇਸ਼ ਉਸ ਸਮਾਗਮ ‘ਚ ਸ਼ਿਰਕਤ ਕਰ ਰਹੇ ਲੱਖਾ ਲੋਕਾਂ ਦੇ ਹਿਰਦੇ ‘ਚ ਵਸ ਗਿਆ ਹੈ ਜਿਸ ਨੂੰ ਇਕ ਵੀਡੀਉ ਪਾਉਣ ਨਾਲ ਵਾਪਿਸ ਕੀਤਾ ਜਾਣਾ ਸੰਭਵ ਨਹੀ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਮਨੁਖ ਨੂੰ ਦੂਜੇ ਧਰਮਾਂ ਦਾ ਪੂਰਾ ਸਤਿਕਾਰ ਕਰਣਾ ਚਾਹੀਦਾ ਹੈ, ਪਰੰਤੂ ਕਿਸੇ ਨੂੰ ਆਪਣੇ ਇਤਹਾਸ ਨਾਲ ਛੇੜ੍ਹ-ਛਾੜ੍ਹ ਕਰਨ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ ਹੈ। ਸ. ਇੰਦਰ ਮੋਹਨ ਸਿੰਘ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਪੰਥ-ਵਿਰੋਧੀ ਤਾਕਤਾਂ ਦੀ ਸ਼ਹਿ ‘ਤੇ ਇਤਹਾਸ ਨਾਲ ਫੇਰਬਦਲ ਕਰਨ ਦੇ ਸੰਗੀਨ ਮਾਮਲਿਆਂ ‘ਚ ਹੁਣ ਤੱਕ ਨਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਖਤ ਨੋਟਿਸ ਲੈਦਿਆਂ ਕੋਈ ਕਾਰਵਾਈ ਕੀਤੀ ਹੈ। ਸ. ਇੰਦਰ ਮੋਹਨ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਰਜੋਰ ਬੇਨਤੀ ਕੀਤੀ ਹੈ ਕਿ ਉਹ ਇਹਨਾਂ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਯੋਗ ਕਾਰਵਾਈ ਕਰਨ ਤਾਂਕਿ ਪੰਥ ਵਿਰੋਧੀ ਤਾਕਤਾਂ ਇਤਹਾਸ ਨਾਲ ਛੇੜ੍ਹ-ਛਾੜ੍ਹ ਕਰਨ ਦੀ ਜੁੱਰਹਤ ਨਾ ਕਰ ਸਕਣ।
ਸ. ਇੰਦਰ ਮੋਹਨ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਣ ਲਈ ਹਾਲ ‘ਚ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸੱਦੇ ਇਕੱਠ ਨੂੰ ਇਕ ਸ਼ਲਾਘਾਯੋਗ ਕਦਮ ਦਸਦਿਆਂ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਸਾਰੀਆਂ ਧਾਰਮਿਕ ਜੱਥੇਬੰਦੀਆਂ ਨੂੰ ਆਪਣੇ ਨਿਜੀ ਏਜੰਡਿਆਂ ਨੂੰ ਦਰਕਿਨਾਰ ਕਰਕੇ ਪੁਰਜੋਰ ਕੋਸ਼ਿਸ਼ ਕਰਨ ਦੀ ਲੋੜ੍ਹ ਹੈ।