ਰਾਤ ਜਦੋਂ ਨਸ਼ੇ ਦੀ ਲੋਰ ਵਿੱਚ ਸੁਲਗਦੀ ਹੋਈ ਸਿਗਰੇਟ ਆਫਤਾਬ ਨੇ ਉਸਦੀ ਛਾਤੀ ਨਾਲ ਘਸਾ ਦਿੱਤੀ ਤਾਂ ਉਸਨੂੰ ਕੋਈ ਖਾਸ ਫਰਕ ਨਾ ਪਿਆ ਨਾ ਹੀ ਉਸਨੇ ਕੋਈ ਕਸੀਸ ਵੱਟੀ ਨਾ ਅੱਖਾਂ ਘੁੱਟੀਆਂ ਤੇ ਨਾ ਹੀ ਗੁੱਸੇ ਵਿੱਚ ਆ ਕੇ ਦੰਦ ਪੀਹੇ।
ਬੇਸ਼ੱਕ ਸਵੇਰੇ ਆਫਤਾਬ ਨੇ ਆਪਣੀ ਇਸ ਹਰਕਤ ਤੇ ਕੁਛ ਕੁ ਸ਼ਰਮਿੰਦਗੀ ਜਿਹੀ ਵੀ ਜ਼ਾਹਿਰ ਕੀਤੀ ਸੀ ਪਰ ਸਪਨਾ ਨੇ ਉਸਦੀ ਉਸ ਸ਼ਰਮਿੰਦਗੀ ਤੇ ਵੀ ਕੋਈ ਗੌਰ ਨਹੀਂ ਸੀ ਕੀਤੀ। ਇਸ ਤਰਾਂ ਦਾ ਹੋਰ ਵੀ ਕਈ ਕੁਝ ਸਹਿਣ ਦੀ ਹੁਣ ਉਹ ਆਦੀ ਹੋ ਗਈ ਸੀ। ਪਹਿਲੀ ਵਾਰ ਜਦ ਉਸਨੂੰ ਇਹ ਸਭ ਸਹਿਣਾ ਪਿਆ ਸੀ ਤਾਂ ਉਹ ਆਪਣਾ-ਆਪ ਛੁਡਾ ਕੇ ਬਾਹਰ ਨੂੰ ਭੱਜੀ ਸੀ ਪਰ ਕੋਠੇ ਤੇ ਮੌਜੂਦ ਕੁਛ ਮਰਦਾਂ ਨੇ ਉਸਨੂੰ ਫਿਰ ਢਾਹ-ਢਾਹ ਕੇ ਕੁੱਟਿਆ ਸੀ।
ਉਸ ਦਿਨ ਦੀ ਕੁੱਟ ਤੋਂ ਬਾਅਦ ਉਸਨੇ ਅੱਕ ਚੱਬ ਲਿਆ ਸੀ ਫਿਰ ਨੀ ਉਸਨੇ ਹੱਥ-ਪੈਰ ਮਾਰੇ ਪਰ ਇੱਕ ਹੱਥ-ਪੈਰ ਉਸਦੇ ਦਿਲ ਦੇ ਵੀ ਸੀ ਜੋ ਹਮੇਸ਼ਾਂ ਹਰਕਤ ਵਿੱਚ ਰਹਿੰਦੇ ਸੀ ਉਹ ਹੱਥ-ਪੈਰ ਸੇਠਾਂ-ਸ਼ਾਹੂਕਾਰਾਂ ਨੇ ਖਾਲਾ ਨੂੰ ਮੋਟੀਆਂ-ਮੋਟੀਆਂ ਰਕਮਾਂ ਦੇ ਕੇ ਤੋੜ ਦਿੱਤੇ ਸੀ। ਹੁਣ ਤਾਂ ਉਹ ਸ਼ੀਲ ਠੰਢੀ ਹੋ ਕੇ ਰਹਿੰਦੀ ਸੀ ਕੋਈ ਉਸਦੇ ਨਾਲ਼ ਕੀ ਕਰਦਾ ਰਹਿੰਦਾ ਸੀ ਉਸਨੂੰ ਕੋਈ ਖਬਰ ਨੀ ਸੀ ਹਾਂ ਇੱਕ ਅੱਧ ਧੌਲ-ਧੱਫਾ ਜਦੋਂ ਉਹਦੇ ਪੈਂਦਾ ਸੀ ਤਾਂ ਉਹ ਸਾਹਮਣੇ ਵਾਲੇ ਦਾ ਸਾਥ ਵੀ ਦੇ ਦਿੰਦੀ ਸੀ ਪਰ ਦਿਲੋਂ ਨੀ ਉਤਲੇ ਮਨੋਂ।
ਹੁਣ ਬੈਠੀ-ਬੈਠੀ ਉਹ ਸੋਚ ਰਹੀ ਸੀ ਕਿ ਜੇ ਉਹ ਬਰਫ਼ ਵੀ ਹੈ ਤਾਂ ਇਸ ਤਰਾਂ ਦੀ ਬਰਫ਼ ਹੈ ਜੋ ਇੰਨੇ ਸਾਲਾਂ ਤੋਂ ਪਿਘਲ ਵੀ ਨੀ ਰਹੀ ਜੇ ਉਹ ਵੀ ਬਰਫ਼ ਵਾਂਗੂੰ ਪਿਘਲ ਜਾਵੇ ਤਾਂ ਕੋਈ ਉਹਨੂੰ ਜਿੱਥੇ ਮਰਜ਼ੀ ਕੈਦ ਕਰ ਲਵੇ ਉਹ ਝੱਟ ਪਿਘਲ ਕੇ ਆਪਣੀ ਰੂਹ ਅਜ਼ਾਦ ਕਰ ਲਏ। ਫਿਰ ਉਸਨੂੰ ਖਿਆਲ ਆਇਆ ਕਿ ਜਦ ਉਹ ਬਰਫ਼ ਤੋਂ ਪਾਣੀ ਬਣਦੀ ਆ ਤਾਂ ਖਾਲਾ ਦੇ ਇੱਕੋ ਦਬਕੇ ਨਾਲ ਉਸਨੂੰ ਮੁੜ ਪਾਣੀ ਤੋਂ ਬਰਫ਼ ਵੀ ਬਣਨਾ ਪੈਂਦਾ ਹੈ। ਹੌਲ਼ੀ-ਹੌਲ਼ੀ ਇਹ ਬਰਫ਼-ਪਾਣੀ ਦੀ ਖੇਡ ਉਸਦੇ ਬਸੋਂ ਬਾਹਰ ਹੋ ਗਈ ਤੇ ਉਹ ਲੰਮੀਆਂ ਤਾਣ ਕੇ ਸੌ ਗਈ।
ਤਿਲਕਣ
ਬਰਸਾਤ ਹੋ ਰਹੀ ਸੀ ਤਾਂ ਕੁਛ ਕੁ ਕੁੜੀਆਂ ਬਾਹਰ ਵਰਾਂਡੇ ਵਿੱਚ ਬੈਠੀਆਂ ਬਰਸਾਤ ਹੁੰਦੀ ਦੇਖੀ ਜਾ ਰਹੀਆਂ ਸਨ ਵਿੱਚ-ਵਿੱਚ ਕੋਈ ਕੁੜੀ ਪਲ ਕੁ ਮਗਰੋਂ ਉੱਠ ਕੇ ਮੀਂਹ ਵਿੱਚ ਚਲ ਜਾਂਦੀ ਸੀ ਤੇ ਦੋਵੇਂ ਬਾਹਾਂ ਫੈਲਾ ਕੇ ਗੋਲ-ਗੋਲ ਘੁੰਮਣ ਲੱਗ ਪੈਂਦੀ ਜੀਵੇਂ ਉਪਰੋਂ ਆਉਂਦੇ ਪਾਣੀ ਨਾਲ ਉਹ ਆਪਣੀ ਰੂਹ ਦੀ ਕੋਈ ਗੰਦਗੀ ਧੋਣਾ ਚਾਹੁੰਦੀਆਂ ਹੋਣ।
ਬਿਮਲਾ ਬਾਹਰ ਨਾ ਆਈ ਉਹ ਅੰਦਰ ਈ ਬੈਠੀ ਰਹੀ ਇੱਕ ਦੋ ਵਾਰ ਨਾਲ ਦੀਆਂ ਕੁੜੀਆਂ ਉਸਨੂੰ ਬੁਲਾਉਣ ਵੀ ਆਈਆਂ ਪਰ ਉਹ ਬਾਹਰ ਨਾ ਗਈ। ਬਿਮਲਾ ਨੂੰ ਸਾਲਾਂ ਪਿੱਛੇ ਬੀਤੀਊ ਉਹ ਬਰਸਾਤ ਵੀ ਚੰਗੀ ਤਰਾਂ ਯਾਦ ਸੀ ਜਦ ਉਹ ਛੋਟੀ ਉਮਰ ਦੀ ਸੀ ਸ਼ਾਹੂਕਾਰ ਦੇ ਜਾਣ ਤੋਂ ਬਾਅਦ ਉਹ ਚਾਂਦਰ ਵਿੱਚ ਮੂੰਹ ਦੇ ਕੇ ਜ਼ਾਰ-ਜ਼ਾਰ ਰੋਈ ਸੀ ਪਰ ਖਾਲਾ ਨੇ ਪਹਿਲਾਂ-ਪਹਿਲ ਤਾਂ ਉਸਨੂੰ ਪਿਆਰ ਨਾਲ ਚੁੱਪ ਕਰਾਉਣਾ ਚਾਹਿਆ ਪਰ ਜਦ ਉਹ ਫਿਰ ਵੀ ਚੁੱਪ ਨਾ ਹੋਈ ਸੀ ਤਾਂ ਖਿਝ ਕੇ ਖਾਲਾ ਨੇ ਉਸਨੂੰ ਵਰਦੇ ਮੀਂਹ ਵਿੱਚ ਖੜੀ ਕਰਤਾ ਸੀ ਤੇ ਪਲਾਂ ਵਿੱਚ ਹੀ ਉਸਦੇ ਪੈਰਾਂ ਥੱਲਿਓ ਲੰਘਦਾ ਪਾਣੀ ਲਾਲ-ਲਾਲ ਹੋ ਗਿਆ ਸੀ।
ਇਸ ਖਿਆਲ ਦੇ ਮਨ ਵਿੱਚ ਆਉਣ ਕਰਕੇ ਬਿਮਲਾ ਨੂੰ ਹੁਣ ਅੰਦਰ ਵੀ ਬੈਠਣਾ ਔਖਾ ਲੱਗਣ ਲੱਗਾ ਤਾਂ ਉਹ ਵੀ ਬਾਹਰ ਨੂੰ ਤੁਰ ਪਈ। ਹਜੇ ਬਿਮਲਾ ਵਰਾਂਡੇ ਵਿੱਚ ਆਈ ਹੀ ਸੀ ਕਿ ਬਰਸਾਤ ਦੇ ਪਾਣੀ ਕਰਕੇ ਹੋਈ ਤਿਲਕਣ ਨਾਲ ਉਸਦਾ ਪੈਰ ਤਿਲਕ ਗਿਆ ਤੇ ਉਹ ਧੜੰਮ ਕਰਦੀ ਡਿੱਗ ਪਈ। ਕੁੜੀਆਂ ਨੇ ਝੱਟ ਉੱਠਕੇ ਉਸਨੂੰ ਸਹਾਰਾ ਦੇ ਕੇ ਖੜੀ ਕਰਤਾ।
ਹੁਣ ਬਿਮਲਾ ਉਸ ਤਿਲਕਣ ਵੱਲ ਨੂੰ ਦੇਖੀ ਜਾ ਰਹੀ ਸੀ ਜਿੱਥੇ ਉਸਦਾ ਪੈਰ ਤਿਲਕਿਆ ਸੀ ਤੇ ਨਾਲ਼-ਨਾਲ਼ ਉਹ ਸੋਚੀ ਜਾ ਰਹੀ ਸੀ ਕਿ ”ਅੱਜ ਐਨੀ ਬਰਸਾਤ ਪਵੇ ਐਨੀ ਬਰਸਾਤ ਪਵੇਂ ਕੀ ਹੱਦੋਂ ਵੱਧ ਤਿਲਕਣ ਹੋ ਜਵੇ ਤੇ ਸਾਰੀਆਂ ਕੁੜੀਆਂ ਇਸ ਕੋਠੇ ਤੋਂ ਤਿਲਕਕੇ ਬਾਹਰ ਕਿਤੇ ਦੂਰ ਡਿੱਗ ਜਾਣ।”
ਜਦ ਨੂੰ ਬਰਸਾਤ ਹਟ ਗਈ ਤੇ ਬਿਮਲਾ ਨੇ ਮੁੱਠੀਆਂ ਮੀਚ ਕੇ ਉਪਰ ਅਸਮਾਨ ਵਿੱਚ ਦੇਖਕੇ ਘੂਰੀ ਜਿਹੀ ਵੱਟੀ।