ਵਿੱਦਿਆ ਅੱਖਾਂ ਵਿੱਚ ਸੁਰਮਾ ਪਾ ਰਹੀ ਸੀ। ਸੁਰਮਾ ਪਾਉਂਦੀ-ਪਾਉਂਦੀ ਦਾ ਉਸਦਾ ਦਿਲ ਕੀਤਾ ਕਿ ਇਹੋ ਈ ਸੁਰਮੇ ਦਾਨੀ ਨੂੰ ਹੱਥ ਤੇ ਮੂੰਧੀ ਕਰਕੇ ਸਾਰੀ ਕਾਲਖ ਆਪਣੇ ਮੂੰਹ ਤੇ ਮਲ਼ ਲਵੇ। ਪਰ ਫਿਰ ਉੁਸਨੇ ਸੋਚਿਆ ਕਿ ਇਹ ਕਾਲਖ ਮੈਂ ਆਪਣੇ ਮੂੰਹ ਤੇ ਕਿਉਂ ਮਲਾ ਇਹ ਕਾਲਖ ਤਾਂ ਮੈਂ ਉਹਨਾਂ ਦੇ ਮੂੰਹ ਤੇ ਮਲਾਂਗੀ ਜੋ ਬਾਹਰ ਲੋਕਾਂ ਵਿੱਚ ਜਾ ਕੇ ਉਹਨੂੰ ਵਧੀਆ ਜ਼ਿੰਦਗੀ ਦੇਣ ਦੇ ਦਾਅਵੇ ਕਰਦੇ ਨੇ ਤੇ ਉਹਨਾਂ ਦੀਆਂ ਧੀਆਂ-ਭੈਣਾਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕਰਨ ਦੀ ਹਾਮੀ ਭਰਦੇ ਨੇ ਪਰ ਰਾਤ ਨੂੰ ਦਾਰੂ ਨਾਲ ਟੁੰਨ ਹੋ ਕੇ ਐਥੇ ਆ ਕੇ ਲਾਲਾਂ ਚੱਟਦੇ ਨੇ।
ਲਾਲਾ ਚੱਟਣ ਵਾਲੀ ਗੱਲ ਦਿਮਾਗ ਵਿੱਚ ਆਉਂਦੇ ਸਾਰ ਵਿੱਦਿਆ ਨੂੰ ਉਹ ਸਮਾਂ ਵੀ ਯਾਦ ਆ ਗਿਆ ਜਦ ਉਸਦਾ ਬਾਪ ਨਸ਼ੇ ਕਰਨ ਖਾਤਿਰ ਸੇਠ ਦੀਆਂ ਲਾਲਾ ਚੱਟਣ ਨੂੰ ਵੀ ਤਿਆਰ ਸੀ। ਸੇਠ ਨੇ ਉਸਨੂੰ ਮੂੰਹ ਮੰਗੇ ਪੈਸੇ ਦਿੱਤੇ ਸੀ ਪਰ ਵਿੱਦਿਆ ਨੂੰ ਅਗਲੇ ਇੱਕ ਹਫਤੇ ਤੱਕ ਮਾਂ ਤੋਂ ਵੱਖ ਹੋ ਕੇ ਸੌਣਾ ਪਿਆ ਸੀ। ਉਹ ਦਿਨ ਵੀ ਵਿੱਦਿਆ ਲਈ ਬਦਕਿਸਮਤੀ ਦਾ ਦਿਨ ਸੀ ਜਿਸ ਦਿਨ ਉਸਨੂੰ ਸਭ ਨਾਲੋਂ ਵੱਖ ਹੋ ਕੇ ਧੰਦੇ ਦੀ ਇਸ ਵੱਖਰੀ ਦੁਨੀਆਂ ਵਿੱਚ ਆਉਣਾ ਪੈ ਗਿਆ ਸੀ। ਇਸ ਤੋਂ ਵੀ ਕਿਤੇ ਵੱਧ ਬਦਕਿਸਮਤੀ ਦਾ ਦਿਨ ਵਿੱਦਿਆ ਲਈ ਉਹ ਸੀ ਜਦੋਂ ਉਹੀ ਸੇਠ ਇੱਥੇ ਕੋਠੇ ਤੇ ਆਕੇ ਵਿੱਦਿਆ ਨਾਲ ਉਸਦੇ ਬਿਸਤਰੇ ਵਿੱਚ ਸੁੱਤਾ ਸੀ।
ਹੁਣ ਵਿੱਦਿਆ ਨੂੰ ਬਿਸਤਰੇ ਵੱਲ ਦੇਖ-ਦੇਖ ਨਫਰਤ ਹੋ ਰਹੀ ਸੀ ਪਰ ਉਸਨੇ ਸੋਚਿਆ ਕਿ ਇਹ ਬਿਸਤਰਾ ਹੀ ਤਾਂ ਉਸਨੂੰ ਰੋਟੀ ਦਿੰਦਾ ਹੈ ਤੇ ਜੋ ਰੋਟੀ ਦਵੇ ਉਸਤੋਂ ਖਿਝਣਾ ਥੋੜੀ ਚਾਹੀਦਾ ਉਸਦਾ ਬਾਪ ਕਿਹੜਾ ਨਸ਼ਾ ਦੇਣ ਵਾਲੇ ਸੇਠ ਤੋਂ ਖਿਝਦਾ ਸੀ ਪਰ ਜਿੱਦਾਂ ਈ ਉਸਨੂੰ ਯਾਦ ਆਇਆ ਕੀ ਸੇਠ ਉਸਦੀ ਮਾਂ ਨਾਲ ਬਿਸਤਰੇ ਤੇ ਸੀ ਤਾਂ ਉਸਦਾ ਦਿਲ ਕੀਤਾ ਕੀ ਬਿਸਤਰਾ ਚੁੱਕ ਕੇ ਬਾਹਰ ਮਾਰੇ ਪਰ ਜਦ ਉਸਨੇ ਘੜੀ ਤੇ ਟਾਇਮ ਦੇਖਿਆ ਤਾਂ ਉਹ ਅੱਖਾਂ ਵਿੱਚ ਹੰਝੂ ਭਰਦੀ ਹੋਈ ਬਿਸਤਰਾ ਠੀਕ ਤਰਾਂ ਬਿਛਾਉਣ ਲੱਗ ਪਈ।
ਜੂਨ
ਚੰਦਨਾ ਪਲੰਘ ਤੇ ਲੰਮੀ ਪਈ ਹੋਈ ਛੱਤ ਵੱਲ ਨੂੰ ਦੇਖੀ ਜਾ ਰਹੀ ਸੀ ਉਸਨੂੰ ਕੋਈ ਖਬਰ ਨਹੀਂ ਸੀ ਕਿ ਮੱਛਰ ਉਸਦੇ ਦੰਦੀਆਂ ਵੱਢੀ ਜਾ ਰਿਹਾ ਸੀ ਜਾਂ ਕੋਈ ਹੋਰ ਕੀੜਾ-ਖਟਮਲ ਉਸਦੇ ਲੱਤਾਂ-ਬਾਹਾਂ ਤੇ ਚੜੀ ਜਾ ਰਿਹਾ ਸੀ। ਉਹ ਤਾਂ ਪਤਾ ਨੀ ਕਿਹੜੀਆਂ ਸੋਚਾਂ ਵਿੱਚ ਪਈ ਛੱਤ ਵੱਲ ਨੂੰ ਦੇਖੀ ਜਾ ਰਹੀ ਸੀ।
ਚੰਦਨਾ ਨੂੰ ਯਾਦ ਸੀ ਕਿ ਜਦੋਂ ਉਹ ਬਹੁਤ ਛੋਟੀ ਸੀ ਤਾਂ ਕਦੀਂ-ਕਦੀਂ ਬਿਮਾਰ ਹੋਣ ਤੇ ਜਦ ਉਸਦੀ ਮਾਂ ਉਸਨੂੰ ਡਾਕਟਰ ਕੋਲ ਲਿਜਾਉਦੀ ਸੀ ਤਾਂ ਡਾਕਟਰ ਨੂੰ ਜੇ ਕਿਤੇ ਉਸਦੇ ਟੀਕਾ ਲਾਉਣਾ ਪੈ ਜਾਂਦਾ ਤਾਂ ਉਸਦੀ ਮਾਂ ਉਸਨੂੰ ਕਹਿ ਦਿੰਦੀ ਕਿ ‘ਧਿਆਨ ਹੋਰ ਪਾਸੇ ਕਰਲਾ ਪੁੱਤ ਫਿਰ ਦੁੱਖ ਨੀ ਲੱਗਣਾ’ ਤਾਂ ਚੰਦਨਾ ਨੂੰ ਪਤਾ ਵੀ ਨਾ ਲੱਗਦਾ ਕਿ ਕਦ ਡਾਕਟਰ ਉਸਦੇ ਟੀਕਾ ਲਾ ਵੀ ਦਿੰਦਾ ਸੀ।
ਕਿਸਮਤ ਦੀ ਮਾਰਿਊ ਜਦ ਪਹਿਲੀ ਵਾਰ ਚੰਦਨਾ ਇੱਥੇ ਲਿਆਈ ਗਈ ਸੀ ਤਾਂ ਉਸਨੇ ਬੜੀਆਂ ਲੱਤਾਂ ਬਾਹਾਂ ਮਾਰੀਆਂ ਸੀ ਪਰ ਜਦ ਉਸਦੀ ਕੋਈ ਵਾਹ ਪੇਸ਼ ਨਾ ਚੱਲੀ ਤਾਂ ਉਸਨੇ ਮਾਂ ਦੀ ਉਹੀ ਗੱਲ ਯਾਦ ਕਰਕੇ ਧਿਆਨ ਹੋਰ ਪਾਸੇ ਕਰ ਲਿਆ ਸੀ ਫਿਰ ਉਸ ਨੂੰ ਕੁਝ ਨੀ ਸੀ ਮਹਿਸੂਸ ਹੋਇਆ ਕੀ ਉਸਦੇ ਨਾਲ ਕੀ ਹੋ ਰਿਹਾ ਸੀ।
ਫਿਰ ਚੰਦਨਾ ਦੇ ਚਿਹਰੇ ਤੇ ਹਲਕੀ ਜਿਹੀ ਇੱਕ ਮੁਸਕਾਨ ਆਈ ਤੇ ਉਸਨੇ ਛੱਤ ਵੱਲ ਦੇਖਣਾ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਛੱਤ ਤੇ ਕੁਝ ਕੁ ਕੀੜੀਆਂ ਕੱਠੀਆਂ ਹੋ ਕੇ ਇੱਕ ਅਧਮਰੇ ਜਹੇ ਕਾਢੇ ਨੂੰ ਲੈ ਕੇ ਜਾ ਰਹੀਆਂ ਸੀ। ਕਿੰਨੇ ਈ ਚਿਰ ਤੋਂ ਚੰਦਨਾ ਇਸ ਚੀਜ਼ ਵੱਲ ਵੇਖੀ ਜਾ ਰਹੀ ਸੀ ਇਸ ਸਭ ਨੂੰ ਦੇਖ ਕੇ ਫਿਰ ਉਸਦੇ ਮਨ ਵਿੱਚ ਆਇਆ ਕੀ ਇਹੋ ਵੀ ਕਾਫਾ ਪਹਿਲਾ ਇਹਨਾਂ ਕੀੜੀਆਂ ਨੂੰ ਤੰਗ ਕਰਦਾ ਹੋਊ ਤੇ ਹੁਣ ਜਦ ਕੀੜੀਆਂ ਨੇ ਕੱਠੀਆਂ ਹੋਕੇ ਇਸਨੂੰ ਫੜ ਲਿਆ ਤਾਂ ਕਿੰਨੀਆਂ ਖੁਸ਼ ਹੁੰਦੀਆਂ ਹੋਣਗੀਆਂ। ਚੰਦਨਾ ਨੂੰ ਕੀੜੀਆਂ ਦੀ ਜੂਨ ਆਪਣੀ ਜੂਨ ਨਾਲੋਂ ਵਧੀਆ ਲੱਗੀ ਕਿਉਂਕਿ ਉਹਨੀ ਕਾਢੇ ਵੱਲੋਂ ਹੋਏ ਆਪਣੇ ਤੇ ਜ਼ੁਲਮਾਂ ਦਾ ਹੁਣ ਬਦਲਾ ਲੈ ਲੈਣਾ ਸੀ ਪਰ ਜੋ ਜ਼ੁਲਮ ਚੰਦਨਾ ਤੇ ਹੋਏ ਸੀ ਉਹ ਉਹਨਾਂ ਦਾ ਬਦਲ ਕਿਸਤੋਂ ਲਵੇ?