ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਨਸ਼ਰ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਦੀ ਦਰ ਪਿਛਲੀ ਤਿਮਾਹੀ ਵਿੱਚ ਰਿਕਾਰਡ ਹੇਠਲੇ ਪੱਧਰ ‘ਤੇ ਆ ਗਈ ਹੈ। ਰਾਸ਼ਟਰੀ ਅੰਕੜਾ ਦਫ਼ਤਰ (ONS) ਦੇ ਅੰਕੜਿਆਂ ਅਨੁਸਾਰ ਜਨਵਰੀ ਅਤੇ ਮਾਰਚ ਦੇ ਵਿਚਕਾਰ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੁਜ਼ਗਾਰੀ ਦਰ 3.2% ਸੀ, ਜੋ ਪਿਛਲੀ ਤਿਮਾਹੀ ਦੇ ਮੁਕਾਬਲੇ 0.9% ਘੱਟ ਹੈ ਅਤੇ 16 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਰੁਜ਼ਗਾਰ ਦਰ 75.6% ਸੀ, ਜਿਸ ਵਿੱਚ 1.4% ਦਾ ਵਾਧਾ ਦਰਜ ਹੋਇਆ ਹੈ। ਜਦਕਿ ਪੂਰੇ ਯੂਕੇ ਵਿੱਚ, ਰੁਜ਼ਗਾਰ ਦਰ ਤਿਮਾਹੀ ਵਿੱਚ 0.1 ਪ੍ਰਤੀਸ਼ਤ ਅੰਕਾਂ ਨਾਲ ਵਧ ਕੇ 75.7% ਹੋ ਗਈ ਹੈ। ਸਕਾਟਲੈਂਡ ਵਿੱਚ ਇਸ ਸਾਲ ਜਨਵਰੀ ਅਤੇ ਮਾਰਚ ਦਰਮਿਆਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 2.682 ਮਿਲੀਅਨ ਲੋਕ ਰੁਜ਼ਗਾਰ ਵਿੱਚ ਸਨ, ਜਿਸ ਵਿੱਚ ਉਸੇ ਉਮਰ ਸਮੂਹ ਵਿੱਚ ਤਕਰੀਬਨ 88,000 ਲੋਕ ਬੇਰੁਜ਼ਗਾਰ ਸਨ। ਹਾਲਾਂਕਿ, ਜਨਵਰੀ ਅਤੇ ਮਾਰਚ ਦੇ ਵਿਚਕਾਰ ਯੂਕੇ ਦੀਆਂ ਤਨਖਾਹਾਂ ਵਿੱਚ 1.2% ਦੀ ਗਿਰਾਵਟ ਆਈ। ਰੁਜ਼ਗਾਰ ਦੀ ਦਰ ਵਿੱਚ ਥੋੜ੍ਹਾ ਵਾਧਾ ਹੋਇਆ ਹੈ ਅਤੇ ਇਹ ਸੰਕੇਤ ਹੈ ਕਿ ਚੁਣੌਤੀਆਂ ਦੇ ਬਾਵਜੂਦ ਨੌਕਰੀਆਂ ਦਾ ਬਾਜ਼ਾਰ ਖੁਸ਼ਹਾਲ ਬਣਿਆ ਹੋਇਆ ਹੈ। ਸਕਾਟਲੈਂਡ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 76% ਤੱਕ ਵਧ ਗਈ ਹੈ।