ਕਾਂਗਰਸ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਦੌਰਾਨ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਜਿ਼ਕਰਯੋਗ ਹੈ ਕਿ ਨਵਜੋਤ ਸਿੱਧੂ ਉਸਦੇ ਦੋਸਤ ਰੁਪਿੰਦਰ ਸਿੰਘ ਸੰਧੂ ਵਲੋਂ ਇਕ ਬਜ਼ੁਰਗ ਗੁਰਨਾਮ ਸਿੰਘ ਨਾਲ ਝੜਪ ਹੋਈ ਸੀ। ਜਿਸ ਦੌਰਾਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।
ਪੀੜਤ ਪ੍ਰਵਾਰ ਵਲੋਂ ਸੁਪਰੀਮ ਕੋਰਟ ਦੇ 2018 ਦੌਰਾਨ ਸਿੱਧੂ ਦੇ ਬਰੀ ਕਰਨ ਦੇ ਫ਼ੈਸਲੇ ਦੇ ਖਿਲਾਫ਼ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 2018 ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਅਣ-ਇੱਛਕ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ ਅਤੇ ਤਿੰਨ ਸਾਲ ਦੀ ਸਜ਼ਾ ਨੂੰ ਇਕ ਹਜ਼ਾਰ ਰੁਪਏ ਦੇ ਜੁ਼ਰਮਾਨੇ ਵਿਚ ਤਬਦੀਲ ਕਰ ਦਿੱਤਾ ਸੀ।
ਅਦਾਲਤ ਦੇ ਫ਼ੈਸਲੇ ਬਾਰੇ ਪ੍ਰਤੀਕਿਿਰਆ ਦਿੰਦੇ ਹੋਏ ਸਿੱਧੂ ਨੇ ਇਕ ਟਵੀਟ ਦੌਰਾਨ ਕਿਹਾ,” ਮੈ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਪੇਸ਼ ਕਰਾਂਗਾ।”
27 ਦਸੰਬਰ 1988 ਨੂੰ ਪਟਿਆਲੇ ਦੀ ਇਕ ਪਾਰਕਿੰਗ ਵਿਚ ਸਿੱਧੂ ਦੀ 65 ਸਾਲਾ ਬਜ਼ੁਰਗ ਗੁਰਨਾਮ ਸਿੰਘ ਨਾਲ ਕੁੱਟ ਮਾਰ ਹੋ ਗਈ ਸੀ ਅਤੇ ਬਾਅਦ ਵਿਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਇਸ ਦੌਰਾਨ ਸਿੱਧੂ ‘ਤੇ ਗ਼ੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਹੋਇਆ ਸੀ। ਪੁਲਿਸ ਰਿਕਾਰਡ ਮੁਤਾਬਕ ਸਿੱਧੂ ਅਤੇ ਉਸਦਾ ਦੋਸਤ ਇਸ ਝੜਪ ਤੋਂ ਬਾਅਦ ਫ਼ਰਾਰ ਹੋ ਗਏ ਸਨ। ਹੇਠਲੀ ਅਦਾਲਤ ਵਲੋਂ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ ਸੀ ਪਰੰਤੂ ਹਾਈ ਕੋਰਟ ਨੇ ਉਸਨੂੰ ਦੋਸ਼ੀ ਠਹਿਰਾਉਂਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।
ਇਸਤੋਂ ਉਪਰੰਤ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਅਤੇ ਸਿੱਧੂ ਦੀ ਤਿੰਨ ਸਾਲ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਅਤੇ ਸਿਰਫ਼ ਇਕ ਹਜ਼ਾਰ ਰੁਪਏ ਜ਼ੁਰਮਾਨਾ ਹੋਇਆ ਸੀ। ਦੂਜੀ ਧਿਰ ਵਲੋਂ ਇਸਦੇ ਖਿਲਾਫ਼ ਅਪੀਲ ਦਾਇਰ ਕੀਤੀ ਗਈ ਸੀ। ਇਸੇ ਅਪੀਲ ‘ਤੇ ਹੁਣ ਅਦਾਲਤ ਨੇ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਸਜ਼ਾ ਸਬੰਧੀ ਇਕ ਬਿਆਨ ਦੌਰਾਨ ਕਾਂਗਰਸ ਵਿੱਚ ਸਿੱਧੂ ਦੇ ਵਿਰੋਧੀ ਬਣੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਫੈ਼ਸਲੇ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਜੇਲ੍ਹ ਜਾ ਸਕਦੇ ਹਨ ਤਾਂ ਸਿੱਧੂ ਵੀ ਜਾ ਸਕਦਾ ਹੈ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਸਜ਼ਾ ਤੋਂ ਬਾਅਦ “ਠੋਕੋ ਤਾਲੀ” ਲਿਖਕੇ ਫ਼ੈਸਲੇ ਸਬੰਧੀ ਪ੍ਰਤੀਕਿਿਰਆ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀੜਤ ਪ੍ਰਵਾਰ ਲੰਮੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਅੱਜ ਸੁਪਰੀਮ ਕੋਰਟ ਨੇ ਇਨਸਾਫ਼ ਕਰ ਦਿੱਤਾ ਹੈ।
ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਇਕ ਪ੍ਰਵਾਰ ਦੇ ਲਈ ਇਕ ਵੱਡਾ ਦਿਨ ਹੈ। ਇਕ ਸਾਲ ਦੀ ਸਜ਼ਾ ਘੱਟ ਹੈ ਲੇਕਨ ਲੋਕਾਂ ਦਾ ਕਾਨੂੰਨ ‘ਤੇ ਭਰੋਸਾ ਮਜ਼ਬੂਤ ਹੋ ਗਿਆ ਹੈ। ਭਾਵੇਂ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ। ਅੱਜ ਇਕ ਗੱਲ ਜ਼ਰੂਰ ਸਾਬਤ ਹੋ ਗਈ ਹੈ ਕਿ ਸਿੱਧੂ ਕਾਤਲ ਹੈ।