ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਦਿੱਲੀ ਵਿੱਚ ਉਨ੍ਹਾਂ ਨੂੰ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਨੇ ਪਾਰਟੀ ਦੀ ਮੈਂਬਰਸਿ਼ਪ ਦੁਆਈ।
ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਸੁਨੀਲ ਜਾਖੜ ਨੂੰ ਕਾਂਗਰਸ ਵਲੋਂ ਪਾਰਟੀ ਵਿਰੁੱਧ ਕਾਰਵਾਈਆਂ ਲਈ ਨੋਟਿਸ ਦਿੱਤਾ ਗਿਆ ਸੀ। ਇਸਤੋਂ ਉਪਰੰਤ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਜਾਖੜ ਪ੍ਰਵਾਰ ਪਿਛਲੇ 50 ਸਾਲਾਂ ਤੋਂ ਕਾਂਗਰਸ ਦੇ ਨਾਲ ਸੀ। ਇਸ ਸਮੇਂ ਉਨ੍ਹਾਂ ਦੀ ਤੀਜੀ ਪੀੜ੍ਹੀ ਦੇ ਭਤੀਜੇ ਸੰਦੀਪ ਜਾਖੜ ਕਾਂਗਰਸ ਦੇ ਵਿਧਾਇਕ ਬਣੇ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਜਾਖੜ ਨੇ ਕਿਹਾ ਕਿ 1972 ਤੋਂ ਲੈਕੇ ਹੁਣ 2022 ਤੱਕ ਸਾਡਾ ਪ੍ਰਵਾਰ ਕਾਂਗਰਸ ਦੇ ਨਾਲ ਰਿਹਾ। ਮੈਂ ਕਦੀ ਵੀ ਰਾਜਨੀਤੀ ਨੂੰ ਨਿਜੀ ਸਵਾਰਥ ਹਿਤ ਇਸਤੇਮਾਲ ਨਹੀਂ ਕੀਤਾ। ਮੈਂ ਕਦੀ ਵੀ ਕਿਸੇ ਨੂੰ ਤੋੜਣ ਦੀ ਕੋਸਿ਼ਸ਼ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਚਾਪਲੂਸਾਂ ਵਿੱਚ ਘਿਰੀ ਹੋਈ ਹੈ। ਰਾਹੁਲ ਗਾਂਧੀ ਫੈ਼ਸਲੇ ਨਹੀਂ ਲੈਂਦੇ, ਉਨ੍ਹਾਂ ਨੂੰ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਨੀ ਚਾਹੀਦੀ ਹੈ। ਜਾਖੜ ਨੇ ਅੰਬਿਕਾ ਸੋਨੀ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਵਧੇਰੇ ਕਾਂਗਰਸ ਦੇ ਇੰਚਾਰਜ ਸੋਨੀ ਦੀ ਦੀ ਹੀ ਕਠਪੁਤਲੀ ਬਣਕੇ ਕੰਮ ਕਰਦੇ ਹਨ।