ਚੰਡੀਗੜ੍ਹ-ਡੀਪੋ ਹੋਲਡਰ ਸਿੰਗਲ ਗੈਸ ਕਨੈਕਸ਼ਨ ਦੇ ਨਾਂ ਤੇ ਮਿਲਣ ਵਾਲਾ ਕੈਰੋਸਿਨ ਖੁਲ੍ਹੇ ਬਜ਼ਾਰ ਵਿੱਚ ਵੇਚ ਕੇ ਹਰ ਮਹੀਨੇ ਕਰੋੜਾਂ ਰੁਪੈ ਦਾ ਗੜਬੜ ਘੋਟਾਲਾ ਕਰ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹਰ ਸਾਲ ਸਿੰਗਲ ਗੈਸ ਕਨੈਕਸ਼ਨ ਦੇ ਨਾਂ ਤੇ 300 ਕਰੋੜ ਦਾ ਘਪਲਾ ਹੁੰਦਾ ਹੈ। ਰਾਜ ਵਿੱਚ ਜਿੰਨ੍ਹਾਂ ਲੋਕਾਂ ਕੋਲ ਗੈਸ ਦੇ ਦੋ ਸਿਲੰਡਰ ਹਨ ਉਨ੍ਹਾਂ ਨੂੰ ਮਿੱਟੀ ਦਾ ਤੇਲ ਨਹੀਂ ਮਿਲਦਾ। ਜਿੰਨ੍ਹਾਂ ਕੋਲ ਇੱਕ ਸਿਲੰਡਰ ਹੈ ਉਨ੍ਹਾਂ ਨੂੰ ਤਿੰਨ ਲਿਟਰ ਅਤੇ ਬਿਨਾਂ ਗੈਸ ਦੇ ਕਨੈਕਸ਼ਨ ਵਾਲਿਆਂ ਨੂੰ ਪੰਜ ਲਿਟਰ ਮਿੱਟੀ ਦਾ ਤੇਲ ਮਿਲਦਾ ਹੈ।
ਵਿਭਾਗ ਨੇ ਸਾਲਾਂ ਪਹਿਲਾਂ ਬਣੇ ਰਾਸ਼ਨ ਕਾਰਡਾਂ ਦੀ ਕਦੇ ਜਾਂਚ ਹੀ ਨਹੀਂ ਕੀਤੀਇਸ ਲਈ ਜਿੰਨ੍ਹਾਂ ਲੋਕਾਂ ਨੇ ਗੈਸ ਦੇ ਕਨੈਕਸ਼ਨ ਲੈ ਲਏ ਹਨ ਉਨ੍ਹਾਂ ਵਿਚੋਂ ਜਿਆਦਾਤਰ ਲੋਕਾਂ ਦੇ ਰਾਸ਼ਨ ਕਾਰਡਾਂ ਤੇ ਇਹ ਦਰਜ਼ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਕੈਰੋਸਿਨ ਕੋਟਾ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਦੀ ਪੂਰੀ ਜਾਣਕਾਰੀ ਵਿਭਾਗ ਨੂੰ ਨਹੀਂ ਦਿੱਤੀ ਗਈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ। ਰਾਸ਼ਨ ਕਾਰਡ ਧਾਰਕਾਂ ਦੇ ਹਿੱਸੇ ਦਾ ਕੈਰੋਸਿਨ ਖੁਲ੍ਹੇ ਬਜ਼ਾਰ ਵਿੱਚ 25 ਰੁਪੈ ਤੱਕ ਵਿੱਕ ਰਿਹਾ ਹੈ, ਜਦ ਕਿ ਰਾਸ਼ਨ ਕਾਰਡ ਤੇ ਉਸ ਦੀ ਕੀਮਤ 12 ਰੁਪੈ ਪ੍ਰਤੀ ਲਿਟਰ ਹੈ।