ਸਰਦਾਰ ਉਜਾਗਰ ਸਿੰਘ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਪਟਿਆਲਾ ਵਿਖੇ ਲੋਕ ਸੰਪਰਕ ਅਫ਼ਸਰ ਸਨ। ਨਾਭਾ ਦੇ ਜਿਸ ਰਿਹਾਇਸ਼ੀ ਪਬਲਿਕ ਸਕੂਲ ਵਿਚ ਮੈਂ ਅਧਿਆਪਕ ਸੀ, ਉਥੇ ਮੰਤਰੀਆਂ, ਉੱਚ ਫੌਜੀ ਅਫਸਰਾਂ ਅਤੇ ਸਿਵਲ ਅਧਿਕਾਰੀਆਂ ਦਾ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ। ਸਕੂਲ ਦੇ ਅਜਿਹੇ ਸਮਾਗਮਾਂ ਦੀਆਂ ਖਬਰਾਂ ਅਖਬਾਰਾਂ ਵਿਚ ਭੇਜਣ ਦੀ ਜਿਮੇਵਾਰੀ ਮੇਰੀ ਹੁੰਦੀ ਸੀ। ਇਸ ਸਿਲਸਲੇ ਵਿਚ ਉਜਾਗਰ ਸਿੰਘ ਜੀ ਨਾਲ ਮੇਲ-ਮਿਲਾਪ ਹੁੰਦਾ ਹੀ ਰਹਿੰਦਾ। ਉਹਨਾਂ ਦੇ ਅਪਣੱਤ ਭਰੇ ਸੁਭਾ ਅਤੇ ਮਿੱਠੀ ਬੋਲ-ਬਾਣੀ ਤੋਂ ਉਹਨਾਂ ਨੂੰ ਮਿਲਣ ਵਾਲਾ ਹਰ ਇਨਸਾਨ ਹੀ ਪ੍ਰਭਾਵਿਤ ਹੁੰਦਾ। ਜਦੋਂ ਤੋਂ ਉਹ ਸੇਵਾ ਮੁਕਤ ਹੋਏ ਹਨ, ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਉਹਨਾਂ ਨੇ ਚਲੰਤ ਮਾਮਲਿਆ ਸੰਬੰਧੀ ਲਿਖਣਾ ਸ਼ੁਰੂ ਕੀਤਾ। ਉਹਨਾਂ ਕੋਲ ਰਾਜਸੀ ਜਾਂ ਸਮਾਜਿਕ ਵਰਤਾਰਿਆਂ ਨੂੰ ਨੀਝ ਨਾਲ ਪਰਖਣ ਦੀ ਕੁਦਰਤੀ ਸੋਝੀ ਹੈ ਅਤੇ ਪੰਜਾਬੀ ਭਾਸ਼ਾ ਤੇ ਉਹਨਾਂ ਦੀ ਪਕੜ ਹੈ, ਇਸੇ ਲਈ ਉਹਨਾਂ ਦੀ ਕਲਮ ਹਰ ਮਜਮੂਨ ਨਾਲ ਇਨਸਾਫ ਕਰਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਪੁਸਤਕਾਂ ਦੇ ਵਿਸ਼ਲੇਸ਼ਣ ਕਰਨ ਵਾਲੇ ਆਰਟੀਕਲ ਵੀ ਲਿਖਣੇ ਸ਼ੁਰੂ ਕਰ ਦਿੱਤੇ। ਮੈਂ ਕਿਉਂ ਕਿ ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ ਅਤੇ ਪੰਜਾਬੀ ਪੁਸਤਕਾਂ ਦੇ ਵਿਸਤ੍ਰਿਤ ਰੀਵਿਊ ਕਰਨ ਦਾ ਸ਼ੌਕ ਵੀ ਹੈ, ਮੈਂ ਉਹਨਾਂ ਦੇ ਅਜਿਹੇ ਆਰਟੀਕਲ ਬੜੇ ਧਿਆਨ ਨਾਲ ਪੜ੍ਹਦਾ ਅਤੇ ਹੈਰਾਨ ਹੁੰਦਾ ਕਿ ਜਿਹੜਾ ਇਨਸਾਨ ਸਾਰੀ ਉਮਰ ਸਰਕਾਰੀ ਸਮਾਗਮਾਂ ਸੰਬੰਧੀ ਖਬਰਾਂ ਹੀ ਲਿਖਦਾ ਜਾਂ ਆਪਣੇ ਦਫਤਰ ਦੇ ਕਰਮਚਾਰੀਆਂ ਤੋਂ ਲਿਖਵਾਉਂਦਾ ਰਿਹਾ, ਉਸ ਵਿਚ ਸਾਹਿਤਕ ਪੁਸਤਕਾਂ ਨੂੰ ਵਾਚਣ ਦੀ ਸਮਰਥਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਵੀ ਜਿਆਦਾ ਹੈ। ਮੇਰਾ ਨਿਜੀ ਵਿਚਾਰ ਹੈ ਕਿ ਜੇ ਉਹ ਯੂਨੀਵਰਸਿਟੀ ਜਾਂ ਕਾਲਜ ਵਿਚ ਪੰਜਾਬੀ ਦੇ ਪ੍ਰੋਫੈਸਰ ਹੁੰਦੇ ਤਾਂ ਅੱਜ ਉਹਨਾਂ ਦਾ ਨਾਂ ਕੁਝ ਗਿਣੇ-ਚੁਣੇ ਪੰਜਾਬੀ ਆਲੋਚਕਾਂ ਦੀ ਫਹਿਰਿਸਤ ਵਿਚ ਹੁੰਦਾ। ਪ੍ਰਸਤੁਤ ਪੁਸਤਕ ਦੇ ਮੁਢਲੇ ਪੰਨੇ ਪੜ੍ਹਦਿਆਂ ਮੇਰੀ ਜਾਣਕਾਰੀ ਵਿਚ ਇਹ ਵੀ ਵਾਧਾ ਹੋਇਆ ਹੈ ਕਿ ਉਹ ਹੁਣ ਤੱਕ ਉਹਨਾਂ ਦੀਆਂ ਛੇ ਵਾਰਤਕ ਦੀਆਂ ਮੌਲਿਕ ਪੁਸਤਕਾਂ ਅਤੇ ਤਿੰਨ ਸੰਪਾਦਕ ਕੀਤੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਪ੍ਰਸਤੁਤ ਪੁਸਤਕ ਦੇ ਮੁੱਢ (ਦੋ ਸ਼ਬਦ) ਵਿਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ ਇਕ ਜਮਾਤੀ ਨੇ, ਜੋ ਉਹਨਾਂ ਦੇ ਪਿੰਡ ਦਾ ਹੀ ਸੀ, ਉਹਨਾਂ ਦਾ ਇਕ ਲੇਖ ਪੜ੍ਹ ਕੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਪਿੰਡ ਸੰਬੰਧ ਵੀ ਕੋਈ ਲੇਖ ਲਿਖੋ। ਉਹਨਾਂ ਨੇ ਜਦੋਂ ਅਮਰੀਕਾ ਰਹਿੰਦੇ ਆਪਣੇ ਇਕ ਹੋਰ ਮਿੱਤਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਲੇਖ ਦੇ ਨਾਲ-ਨਾਲ ਪਿੰਡ ਸੰਬੰਧੀ ਕਿਤਾਬ ਲਿਖਣ ਦੀ ਹੀ ਸਲਾਹ ਦਿੱਤੀ ਤਾਂ ਜੋ “ਪਿੰਡ ਦਾ ਯੋਗਦਾਨ ਇਤਿਹਾਸ ਵਿਚ ਦਰਜ ਹੋ ਸਕੇ।” ਇਸ ਕੰਮ ਦੀ ਸ਼ੁਰੂਆਤ ਉਹਨਾਂ ਨੇ ਪਿੰਡ ਦੇ ‘ਕਲਾਕਾਰਾਂ ਅਤੇ ਸਾਹਿਤਕਾਰਾਂ ਦਾ ਪਿੰਡ ਕੱਦੋ’ ਲੇਖ ਲਿਖ ਕੇ ਸ਼ੁਰੂ ਕੀਤੀ ਅਤੇ ਬਾਅਦ ਵਿਚ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਣੇ ਪਿੰਡ ਦੇ ਸਾਹਿਤਕਾਰਾਂ, ਕਲਾਕਾਰਾਂ, ਗੀਤਕਾਰਾਂ, ਵਿਦਿਆ ਸ਼ਾਸਤਰੀਆਂ, ਉਦਮੀਆਂ, ਖਿਡਾਰੀਆਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਬਾਰੇ ਵੀ ਲੇਖ ਲਿਖੇ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਉਹਨਾਂ ਨੇ ਕੁਝ ਹੋਰ ਪਿੰਡਾ ਸੰਬੰਧੀ ਲਿਖੀਆਂ ਕਿਤਾਬਾ ਪੜ੍ਹੀਆਂ ਤਾਂ ਉਹਨਾਂ ਦੇ ਦਿਲ ਵਿਚ ਆਪਣੇ ਪਿੰਡ ਸੰਬੰਧੀ ਲਿਖਣ ਦਾ ਖਿਆਲ ਜੋ ਬੀਜ ਰੂਪ ਵਿਚ ਲੁਕਿਆ ਬੈਠਾ ਸੀ, ਉਹ ਪੁੰਗਰਨਾ ਸ਼ੁਰੂ ਹੋ ਗਿਆ। ਉਹਨਾਂ ਨੇ ਜਦੋਂ ਇਸ ਕੰਮ ਵੱਲ ਨਿੱਠ ਕੇ ਅਗੇ ਵਧਣ ਦੀ ਸੋਚੀ ਤਾਂ ਸਭ ਤੋਂ ਵੱਡੀ ਸਮੱਸਿਆ ਪੁਖਤਾ ਜਾਣਕਾਰੀ ਇਕੱਠੀ ਕਰਨ ਦੀ ਸੀ। ਕਈਆਂ ਨੇ ਇਸ ਕੰਮ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ, ਪਰ ਤੋੜ ਨਾ ਨਿਭਾਇਆ। ਕੁਝ ਨੇ ਸਹਾਇਤਾ ਕੀਤੀ ਵੀ। ਸਭ ਤੋਂ ਵੱਡੀ ਸਮੱਸਿਆ ਸੀ ਪਿੰਡ ਦੇ ਇਤਿਹਾਸ, ਪਿਛੋਕੜ ਬਾਰੇ ਸਹੀ ਜਾਣਕਾਰੀ ਦੀ। ਉਹਨਾਂ ਨੇ ਇਸ ਸੰਬੰਧੀ ਕੋਈ ਲੁਕੋ-ਛਪੋ ਨਹੀਂ ਰੱਖਿਆ ਸਗੋਂ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ, “ਕੱਦੋ ਪਿੰਡ ਦਾ ਇਤਿਹਾਸ ਵੀ ਸੁਣੀਆਂ ਸੁਣਾਈਆਂ ਗੱਲਾਂ ਰਾਹੀਂ ਹੀ ਚਲਿਆ ਆ ਰਿਹਾ ਹੈ।” ਅੱਗੇ ਚੱਲ ਕੇ ਇਹ ਵੀ ਦਰਜ ਕਰ ਦਿੱਤਾ ਹੈ ਕਿ “ਕੱਦੋ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆ ਕੇ ਲੋਕ ਇਥੇ ਵਸੋਂ ਇਸ ਦੀ ਤੱਥਾਂ ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ।” ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਸੁਣੀਆਂ ਸੁਣਾਈਆਂ ਗੱਲਾਂ ਨੂੰ ਅਧਾਰ ਬਣਾਉਣਾ ਪਿਆ। ਇਹ ਠੀਕ ਹੈ ਕਿ ਕਿਸੇ ਵਿਸ਼ੇਸ਼ ਸਥਾਨ ਸੰਬੰਧੀ ਲਿਖਣ ਸਮੇਂ ਉਸ ਸਥਾਨ ਦੇ ਇਤਿਹਾਸ ਸੰਬੰਧੀ ਮੁਢਲੀ ਜਾਣਕਾਰੀ ਦੇਣ ਨਾਲ ਲਿਖਤ ਵਿਚ ਪਕਿਆਈ ਆਉਂਦੀ ਹੈ, ਪੜ੍ਹਨ ਵਾਲਿਆਂ ਨੂੰ ਉਸ ਲਿਖਤ ਦੀ ਭਰੋਸੇਯੋਗਤਾ ਤੇ ਵਿਸ਼ਵਾਸ ਹੁੰਦਾ ਹੈ। ਪਰ ਸਾਡੇ ਦੇਸ਼ ਵਿਚ ਪਿੰਡਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਾਨੂੰ ਆਪਣੇ ਦੇਸ਼ ਦੇ ਵੱਡੇ ਸ਼ਹਿਰਾਂ, ਮੁੱਖ ਧਰਮਾਂ ਦੇ ਆਗੂਆਂ, ਉਹਨਾਂ ਦੇ ਜੀਵਨ ਸੰਬੰਧੀ ਸਹੀ ਵੇਰਵਿਆਂ ਨਾਲੋਂ ਮਨਘੜਤ ਘਟਨਾਵਾਂ ਨੂੰ ਹੀ ਮੰਨਣਾ ਪੈਂਦਾ ਹੈ। ਲੇਖਕ ਦੀ ਸਾਫਗੋਈ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਪਾਠਕਾਂ ਨੂੰ ਸ਼ਬਦਾਂ ਦੇ ਮੱਕੜਜਾਲ ਵਿਚ ਫਸਾਉਣ ਨਾਲੋਂ ਅਸਲ ਗੱਲ ਲਿਖ ਦਿੱਤੀ ਹੈ। ਇਸ ਪੱਖ ਨੂੰ ਜੇ ਇਕ ਪਾਸੇ ਰੱਖ ਕੇ ਪੁਸਤਕ ਵਿਚ ਦਰਜ ਕੀਤੀ ਦੂਜੀ ਜਾਣਕਾਰੀ ਨੂੰ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੂਝਵਾਨ ਲੇਖਕ ਨੇ ਬੜੀ ਮਿਹਨਤ ਨਾਲ ਬਾਕੀ ਸਮੱਗਰੀ ਇਕੱਠੀ ਕਰਕੇ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਇਕ ਅਜਿਹੀ ਸੰਗਲੀ ਬਣਾਈ ਹੈ ਜਿਸ ਦੀਆਂ ਸਾਰੀਆਂ ਕੁੰਡੀਆਂ ਇਕ ਦੂਜੇ ਵਿਚ ਇਕ ਮਿਕ ਹੋ ਕੇ ਮਜਬੂਤ ਜੰਜੀਰ ਦੀ ਬੁਨਿਆਦ ਰੱਖ ਰਹੀਆਂ ਹਨ।
ਇਸ ਪੁਸਤਕ ਦੇ 180 ਪੰਨੇ ਹਨ ਅਤੇ ਵੀਹ ਕਾਂਡ ਹਨ। ਇਹਨਾਂ ਕਾਂਡਾਂ ਦੇ ਸਿਰਲੇਖਾਂ ਤੇ ਉੱਡਦੀ ਉੱਡਦੀ ਨਜ਼ਰ ਮਾਰੇ ਤੇ ਪਤਾ ਲੱਗਦਾ ਹੈ ਕਿ ਲੇਖਕ ਨੇ ਆਪਣੇ ਪਿੰਡ ਸੰਬੰਧੀ ਹਰ ਜਰੂਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ, ਜਿਵੇਂ; ਪਿੰਡ ਦੀ ਭੂਗੋਲਿਕ ਇਤਿਹਾਸਿਕਤਾ, ਪਿੰਡ ਬੱਝਣਾ(ਇਸ ਕਾਂਡ ਵਿਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਦਾ ਵੀ ਜਿਕਰ ਕੀਤਾ ਹੈ ਅਤੇ ਉਹਨਾਂ ਸੰਬੰਧੀ ਪ੍ਰਚਲਤ ਦੰਦ ਕਥਾਵਾਂ ਨੂੰ ਵੀ ਕਲਮਬਧ ਕੀਤਾ ਹੈ)ਅਤੇ ਪਿੰਡ ਦੀਆਂ ਪੱਤੀਆਂ, ਲਾਣਿਆਂ, ਅੱਲਾਂ ਦਾ ਵੀ ਜਿਕਰ ਕਰ ਦਿੱਤਾ ਹੈ। ਪਿੰਡਾਂ ਦੇ ਸਭਿਆਚਾਰ ਨੂੰ ਜਾਣਨ ਵਾਲਿਆਂ ਨੂੰ ਇਹ ਪਤਾ ਹੈ ਕਿ ਪੰਜਾਬ ਦਾ ਕੋਈ ਵੀ ਪਿੰਡ ਇਹਨਾਂ ਤੋਂ ਅਛੋਹ ਨਹੀਂ। ਆਰ ਪਰਿਵਾਰ ਵਾਲੇ ਕਾਂਡ ਵਿਚ ਪਿੰਡ ਦੇ ਛੋਟੇ ਵਿਹੜੇ, ਵੱਡੇ ਵਿਹੜੇ, ਬਾਲਮੀਕ ਬਸਤੀ ਸੰਬੰਧੀ ਲਿਖਦੇ ਹੋਏ ਇਹਨਾਂ ਵਿਹੜਿਆਂ ਵਾਲਿਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ ਹੈ (ਵੱਡੇ ਵਿਹੜੇ ਦੇ ਫੌਜੀ ਚੰਨਣ ਸਿੰਘ ਦੀ ਕਾਰਗਿਲ ਜੰਗ ਵਿਚ ਸ਼ਹੀਦੀ), ਰੋਜ਼ਾਨਾ ਦੀ ਜਿੰਦਗੀ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਵੀ ਲੇਖਕ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਈਆਂ ਅਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ, ਹੋਰ ਸੰਸਥਾਵਾਂ, ਧਾਰਮਿਕ ਸਥਾਨਾਂ ਸੰਬੰਧੀ ਜ਼ਰੂਰੀ ਜਾਣਕਰੀ ਦੇਣੀ ਭੁੱਲਿਆ ਹੈ। ਅਜੋਕੇ ਸਮੇਂ ਦੀਆਂ ਜਰੂਰਤ ਵਾਲੀਆਂ ਮੁੱਖ ਚੀਜ਼ਾਂ ਪਿੰਡ ਵਿਚ ਕਿਥੋਂ ਮਿਲਦੀਆਂ ਹਨ, ਇਹ ਵੀ ਦੱਸਿਆ ਹੈ। ਲੇਖਕ ਨੇ ਬੜੀ ਮਿਹਨਤ ਨਾਲ ਆਪਣੀ ਜਾਣ-ਪਛਾਣ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਿੰਡ ਦੇ ਉਹਨਾਂ ਲੋਕਾਂ ਦੇ ਨਾਂ ਵੀ ਦਰਜ ਕੀਤੇ ਹਨ ਜੋ ਬਾਹਰਲੇ ਮੁਲਕਾਂ ਵਿਚ ਪਰਵਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੱਦੋ ਪਿੰਡ ਨਾਲ ਸੰਬੰਧਤ ਕਿਹੜੇ ਕਿਹੜੇ ਲੋਕ ਫੌਜ, ਆਰਮੀ ਵਿਚ ਨੌਕਰੀ ਕਰਦੇ ਸਨ ਜਾਂ ਹੁਣ ਵੀ ਕਰ ਰਹੇ ਹਨ, ਉਹਨਾਂ ਦਾ ਵੇਰਵਾ ਦਿੱਤਾ ਹੈ। ਜਿੰਨਾ ਨੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ, ਉਹਨਾਂ ਦੇ ਨਾਂ ਵੀ ਦਰਜ ਹਨ। ਪਿੰਡ ਵਿਚ ਪ੍ਰਚਲਿਤ ਰਸਮਾਂ, ਰਿਵਾਜਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। ਉਜਾਗਰ ਸਿੰਘ ਦੀ ਪੈਣੀ ਦ੍ਰਿਸ਼ਟੀ ਅਤੇ ਖੋਜੀ ਬਿਰਤੀ ਤਾਂ ਵੀ ਪਤਾ ਚੱਲਦਾ ਹੈ ਜਦੋਂ ਉਹ ‘ਸਮਕਾਲੀਨ ਪਰਿਪੇਖ’ ਕਾਂਡ ਵਿਚ ਇਹ ਦਿਲਚਸਪ ਜਾਣਕਾਰੀ ਦਿੰਦੇ ਹਨ ਕਿ ਪਿੰਡ ਵਿਚ ਪਹਿਲਾ ਟਰਾਂਜ਼ਿਸਟਰ 1942 ਵਿਚ ਠੇਕੇਦਾਰ ਸਾਧੂ ਸਿੰਘ ਲਿਆਇਆ ਸੀ, ਗਰਾਮੋਫੋਨ ਦੇ ਗੀਤ ਸਰਵਣ ਸਿੰਘ ਦੇ ਸਾਂਝੀ ਘੋਟੇ ਦੇ ਵਿਹੜੇ ਵਿਚ ਗੂੰਜੇ ਸੀ, ਟੀ ਵੀ ਦੀਆਂ ਚਲਦੀਆਂ ਫਿਰਦੀਆਂ ਮੂਰਤਾਂ ਨੇ ਹਰਭਜਨ ਸਿੰਘ ਦੇ ਘਰ ਪਙਿਲੀ ਵਾਰ ਰੌਣਕ ਲਾਈ ਸੀ। ਕਾਰ, ਬਸ, ਟਰੱਕ, ਟਰੈਕਟਰ, ਆਦਿ ਨੇ ਕਿਸ ਕਿਸ ਦੇ ਵਿਹੜਿਆਂ ਵਿਚ ਖੌਰੂ ਪਾਇਆ ਸੀ, ਪਿੰਡ ਵਿਚ ਸਭ ਤੋਂ ਪਹਿਲਾਂ ਬਿਜਲੀ ਦੇ ਲਾਟੂਆਂ ਨੇ ਕਿਸ ਦੇ ਘਰ ਜਗ ਮਗ ਕੀਤੀ ਸੀ ਅਤੇ ਟਿਊਬਵੈੱਲ ਕਿਸ ਦੇ ਖੇਤਾਂ ਦੀ ਸ਼ਾਨ ਬਣਿਆ ਸੀ। ਅਜਿਹੀ ਤੱਥਾਂ ਭਰਭੂਰ ਜਾਣਕਾਰੀ ਪਾਠਕਾਂ ਦਾ ਮਨੋਰੰਜਨ ਕਰਦੀ ਹੈ। ‘ਵਿਸ਼ੇਸ਼ ਯੋਗਦਾਨ’ ਵਾਲੇ ਕਾਂਡ ਵਿਚ ਪਿੰਡ ਦੀ ਤਕਰੀਬਨ ਹਰ ਉਸ ਸਖਸ਼ੀਅਤ ਸੰਬੰਧੀ ਕੁਝ ਨਾ ਕੁਝ ਲਿਖਿਆ ਹੈ ਜਿਸ ਨੇ ਪਿੰਡ ਦਾ ਨਾਂ ਚਮਕਾਇਆ ਹੈ।
ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਅਜਿਹੀ ਸਮੱਗਰੀ ਇਕੱਠੀ ਕਰਕੇ, ਉਸ ਨੂੰ ਇਕ ਵਿਉਂਤ ਵਿਚ ਪ੍ਰੋ ਕੇ ਕਲਮਬਧ ਕਰਨਾ ਕਿਸੇ ਲਗਨ ਵਾਲੇ ਇਨਸਾਨ ਦਾ ਕੰਮ ਹੀ ਹੋ ਸਕਦਾ ਹੈ। ਅਜਿਹਾ ਉੱਦਮ ਕਰ ਕੇ ਜਿਥੇ ਉਜਾਗਰ ਸਿੰਘ ਜੀ ਨੇ ਆਪਣੇ ਪਿੰਡ ਦੀ ਇਤਿਹਾਸਕ ਪੈੜ ਚਾਲ ਨੱਪੀ ਹੈ, ਉਥੇ ਆਪਣਾ ਨਾਂ ਵੀ ਅਮਰ ਕਰ ਲਿਆ ਹੈ। ਇਹ ਪੁਸਤਕ ਪਿੰਡ ‘ਕੱਦੋ’ ਵਾਲਿਆਂ ਲਈ ਤਾਂ ਮਹੱਤਵਪੂਰਨ ਹੈ ਹੀ, ਉਹਨਾਂ ਲੇਖਕਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਗੀ ਜੋ ਆਪਣੇ ਪਿੰਡ ਸੰਬੰਧੀ ਅਜਿਹਾ ਉੱਦਮ ਕਰਨਾ ਚਾਹੁੰਦੇ ਹਨ। ਹਰ ਇਕ ਨੂੰ ਸਮਝ ਆ ਜਾਣ ਵਾਲੀ ਭਾਸ਼ਾ ਵਿਚ ਇਹ ਪੁਸਤਕ ਲਿਖ ਕੇ ਲੇਖਕ ਨੇ ਪਾਠਕਾਂ ਨੂੰ ਵੱਡੀ ਗਿਣਤੀ ਵਿਚ ਆਪਣੇ ਨਾਲ ਜੋੜਿਆ ਹੈ। ਜਿਸ ਹਲੀਮ ਨਾਲ ਉਹਨਾਂ ਨੇ ਆਪਣੀ ਜਾਣ-ਪਛਾਣ ਦਰਜ ਕੀਤੀ ਹੈ, ਉਹ ਵਿਸ਼ੇਸ਼ ਪ੍ਰਸੰਸਾਯੋਗ ਹੈ।