ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਕਾਰਡ ਰੂਮ ਵਿਚ ਅੱਗ ਲੱਗ ਜਾਣ ਕਰਕੇ ਉਥੇ ਪਈਆਂ ਅੰਦਾਜ਼ਨ 60 ਹਜ਼ਾਰ ਦੇ ਕਰੀਬ ਫਾਈਲਾਂ ਜਾਂ ਤਾਂ ਸੜ ਗਈਆਂ ਅਤੇ ਜਾਂ ਪਾਣੀ ਪੈਣ ਕਰਕੇ ਖ਼ਰਾਬ ਹੋ ਗਈਆਂ। ਇਹ ਅੱਗ ਐਤਵਾਰ ਨੂੰ ਸੁਵੱਖਤੇ ਤਿੰਨ ਵਜੇ ਦੇ ਕਰੀਬ ਲੱਗੀ। ਇਸ ਅੱਗ ਨਾਲ ਉਥੇ ਪਏ ਅਨੇਕਾਂ ਜ਼ਰੂਰੀ ਕਾਗਜ਼ਾਤ ਸੁਆਹ ਹੋ ਗਏ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਵਰਤੋਂ ਕੀਤੀ ਗਈ ਅਤੇ ਪੰਜ ਘੰਟਿਆਂ ਬਾਅਦ ਇਸ ਅੱਗ ‘ਤੇ ਕਾਬੂ ਪਾਇਆ ਗਿਆ।
ਇਸ ਅੱਗ ਦੌਰਾਨ ਕੋਰਟ ਦਾ ਅੰਦਾਜ਼ਨ 60ਫ਼ੀਸਦੀ ਰਿਕਾਰਡ ਸੜ ਕੇ ਸੁਆਹ ਹੋ ਗਿਆ। ਇਸਦਾ ਕਾਰਨ ਕੰਪਿਊਟਰ ਦੇ ਸ਼ਾਰਟ ਸਰਕਿਟ ਨੂੰ ਦਸਿਆ ਜਾ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਰਿਕਾਰਡ ਰੂਮ ਵਿਚ ਸਟੋਰ, ਆਰਟੀਆਈ ਬਰਾਂਚ, ਕ੍ਰਿਮੀਨਲ ਬਰਾਂਚ ਆਦਿ ਦੀਆਂ ਫਾਈਲਾਂ ਰੱਖੀਆਂ ਹੋਈਆਂ ਸਨ। ਇਨ੍ਹਾਂ ਚੋਂ ਅੰਦਾਜ਼ਨ 60ਫ਼ੀਸਦੀ ਸੜ ਕੇ ਸੁਆਹ ਹੋ ਗਈਆਂ ਅਤੇ ਬਾਕੀ ਜਿਹੜੀਆਂ ਬਚੀਆਂ ਵੀ ਉਹ ਵੀ ਫਾਇਰ ਬ੍ਰਿਗੇਡ ਵਲੋਂ ਪੰਜ ਘੰਟਿਆਂ ਤੱਕ ਅੱਗ ਬੁਝਾਉਣ ਦੀਆਂ ਕੋਸਿ਼ਸ਼ਾਂ ਦੌਰਾਨ ਪਾਣੀ ਨਾਲ ਭਿੱਜਕੇ ਖ਼ਰਾਬ ਹੋ ਗਈਆਂ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਿਕਾਰਡ ਤਬਾਹ ਹੋ ਜਾਣ ਦੇ ਬਾਵਜੂਦ ਵੀ ਮਾਮਲਿਆਂ ਦੀ ਸੁਣਵਾਈ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਅਜੇ ਤੱਕ ਹੋਏ ਨੁਕਸਾਨ ਬਾਰੇ ਕੋਈ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ। ਇਸ ਦੌਰਾਨ ਚਲ ਰਹੇ ਕੇਸਾਂ ਬਾਬਤ ਵਕੀਲਾਂ ਨੂੰ ਆਪੋ ਆਪਣੀਆਂ ਫਾਈਲਾਂ ਦੀਆਂ ਕਾਪੀਆਂ ਲਿਆਉਣ ਲਈ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਤੋਂ ਕਾਪੀ ਕਰਕੇ ਰਿਕਾਰਡ ਨੂੰ ਫਿਰ ਨੂੰ ਤਿਆਰ ਕੀਤਾ ਜਾ ਸਕੇ।