ਨਵੀਂ ਦਿੱਲੀ- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਗਰੀਬੀ ਦੀ ਰੇਖਾ ਤੋਂ ਉਪਰ ਗੁਜ਼ਾਰਾ ਕਰਨ ਵਾਲੇ ਨਾਗਰਿਕਾਂ ਦੇ ਲਈ 12 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਆਟਾ ਵੇਚਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਅਨੁਸਾਰ ਆਟੇ ਦੇ ਇਸ ਨਵੇਂ ਬਰਾਂਡ ਦਾ ਨਾਮ “ਸੁਨਹਿਰਾ ਪੰਜਾਬ” ਹੋਵੇਗਾ। ਇਸ ਸਬੰਧੀ ਆਪਣਾ ਮਤਾ ਉਨ੍ਹਾਂ ਨੇ ਯੋਜਨਾ ਕਮਿਸ਼ਨ ਦੇ ਸਾਹਮਣੇ ਰੱਖ ਦਿੱਤਾ ਹੈ। ਇਸ ਸਕੀਮ ਦੇ ਸਫ਼ਲ ਹੋਣ ਤੋਂ ਬਾਅਦ ਇਸਨੂੰ ਕਰਿਆਨੇ ਦੀਆਂ ਦੁਕਾਨਾਂ ਦੇ ਜ਼ਰੀਏ ਵੇਚਿਆ ਜਾਵੇਗਾ। ਮੌਜੂਦਾ ਸਮੇਂ ਪੰਜਾਬ ਵਿਚ ਆਟਾ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੰਜਾਬ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਸ ਨਾਲ ਉਨ੍ਹਾਂ ਦੇ ਦੋ ਮਕਸਦ ਪੂਰੇ ਹੋਣਗੇ। ਪਹਿਲਾ ਇਹ ਕਿ ਗਰੀਬਾਂ ਨੂੰ ਸਸਤੇ ਰੇਟ ‘ਤੇ ਆਟਾ ਮਿਲ ਸਕੇਗਾ ਅਤੇ ਦੂਜਾ ਇਹ ਕਿ ਬੰਦ ਹੋਣ ਕਿਨਾਰੇ ਆਈਆਂ ਆਟਾ ਮਿਲਾਂ ਨੂੰ ਨਵਾਂ ਕੰਮ ਮਿਲਣ ਨਾਲ ਉਹ ਆਪਣੀ ਆਰਥਿਕ ਹਾਲਤ ਸੁਧਾਰ ਸਕਣਗੀਆਂ।