ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਜੂਨ ਨੂੰ ਦਿੱਲੀ ਹਾਈ ਕੋਰਟ ਵਿੱਚ ਦਿੱਲੀ ਕਮੇਟੀ ਦੇ ਸਾਰੇ ਮੁਖੀਆਂ ਦੇ 2006 ਤੋਂ ਬਾਅਦ ਦੇ ਕਾਰਜਕਾਲ ਦੌਰਾਨ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਅਦਾਇਗੀਆਂ ਦਾ ਚਾਰਟ ਪੇਸ਼ ਕੀਤਾ ਗਿਆ ਸੀ। ਇਸ ਚਾਰਟ ਅਨੁਸਾਰ ਮਨਜੀਤ ਸਿੰਘ ਜੀਕੇ ਦੇ ਦਿੱਲੀ ਕਮੇਟੀ ਪ੍ਰਧਾਨ ਹੁੰਦਿਆਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ 21 ਕਰੋੜ ਰੁਪਏ ਵਧ ਗਿਆ ਸੀ। ਪਰ ਇਸ ਦੀ ਬਜਾਏ ਅਦਾਇਗੀ 75.63 ਕਰੋੜ ਰੁਪਏ ਦੀ ਸੀ, ਜਿਸ ਦਾ ਮਤਲਬ ਹੈ ਕਿ ਜੀਕੇ ਦੇ ਸਮੇਂ ਸਕੂਲਾਂ ਦੀ ਵਾਧੂ ਦੇਣਦਾਰੀ 54.61 ਕਰੋੜ ਰੁਪਏ ਘੱਟ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਕਾਰਜਕਾਲ ਨੂੰ ‘ਗੁਡ ਗਵਰਨੈਂਸ’ ਦੱਸਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ। ਜੀਕੇ ਨੇ ਕਿਹਾ ਕਿ ਇਹ ਚਾਰਟ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਜ਼ਰੂਰੀ ਹੈ, ਜੋ ਵਾਰ-ਵਾਰ ਕਹਿੰਦੇ ਹਨ ਕਿ ਮੇਰੇ ਨੱਕ ਹੇਠਾਂ ਵੱਡੇ ਘਪਲੇ ਹੋ ਰਹੇ ਸਨ। ਹਾਲਾਂਕਿ ਮੌਜੂਦਾ ਕਮੇਟੀ ਪ੍ਰਬੰਧਕਾਂ ਨੂੰ ਆਪਣੇ ਆਪ ਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ ਮੇਰੇ ਕਾਰਜਕਾਲ ਦੀ ਪ੍ਰਬੰਧਕੀ ਤਾਕਤ ਨੂੰ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪਿਛਲੇ 3.5 ਸਾਲਾਂ ਦੌਰਾਨ ਮੇਰੇ ‘ਤੇ ਲਗਾਏ ਗਏ ਕਈ ਦੋਸ਼ਾਂ ਦੇ ਬਾਵਜੂਦ ਹੁਣ ਤੱਕ ਉਹ ਮੈਨੂੰ ਅਦਾਲਤਾਂ ਵਿੱਚ ਚੋਰ ਸਾਬਤ ਨਹੀਂ ਕਰ ਸਕੇ। ਜਿਸ ਤਰ੍ਹਾਂ ਇਨ੍ਹਾਂ ਗਲੀ-ਗਲੀ ਵਿੱਚ ਜਾ ਕੇ ਮੈਨੂੰ ਚੋਰ ਦੱਸਣ ਦਾ ਝੂਠਾ ਪ੍ਰਚਾਰ ਕੀਤਾ ਸੀ। ਇਸੇ ਤਰਜ਼ ‘ਤੇ ਹੁਣ ਮੈਂ ਵੀ ਗਲੀ-ਗਲੀ ‘ਚ ਜਾ ਕੇ ਆਪਣੀ ‘ਗੁਡ ਗਵਰਨੈਂਸ’ ਦੇ ਸਬੂਤ ਸੰਗਤਾਂ ਨਾਲ ਸਾਂਝੇ ਕਰਾਂਗਾ।
ਜੀਕੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 6 ਸਾਲਾਂ ਦੇ ਕਾਰਜਕਾਲ ਦੌਰਾਨ ਸਕੂਲ ਅਤੇ ਕਮੇਟੀ ਸਟਾਫ਼ ਨੂੰ ਆਮ ਖਰਚਿਆਂ ਤੋਂ ਇਲਾਵਾ 260 ਕਰੋੜ ਰੁਪਏ ਵਾਧੂ ਦਿੱਤੇ ਗਏ ਸਨ। 6ਵੇਂ ਤਨਖ਼ਾਹ ਕਮਿਸ਼ਨ ਦੇ 75 ਕਰੋੜ ਰੁਪਏ ਦਾ ਬਕਾਏ ਦੇਣ ਤੋਂ ਇਲਾਵਾ ਅਸੀਂ ਮਈ 2014 ਤੋਂ ਸਕੂਲ ਸਟਾਫ਼ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੀ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਸੀ। ਜਿਸ ਕਾਰਨ ਮਹੀਨਾਵਾਰ ਤਨਖਾਹ ਵਿੱਚ ਡੇਢ ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਇਸ ਦਾ ਮਤਲਬ ਹੈ ਕਿ 59 ਮਹੀਨਿਆਂ ਵਿੱਚ ਸਕੂਲ ਸਟਾਫ ਨੂੰ 88.5 ਕਰੋੜ ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ। ਇਸ ਦੇ ਨਾਲ ਹੀ ਅਸੀਂ 2013 ਵਿੱਚ ਕਮੇਟੀ ਸਟਾਫ਼ ਦੀ ਤਨਖ਼ਾਹ ਲਗਭਗ ਦੁੱਗਣੀ ਕਰ ਦਿੱਤੀ ਸੀ, ਜਿਸ ਕਾਰਨ ਕਮੇਟੀ ਸਟਾਫ਼ ਦੀ ਮਾਸਿਕ ਤਨਖ਼ਾਹ 1.25 ਕਰੋੜ ਰੁਪਏ ਤੋਂ 2.75 ਕਰੋੜ ਰੁਪਏ ਹੋ ਗਈ ਸੀ ਅਤੇ ਇਸ ਕਰਕੇ 96.5 ਕਰੋੜ ਰੁਪਏ ਦੀ ਵਾਧੂ ਅਦਾਇਗੀ ਹੋਈ ਸੀ। ਜੀਕੇ ਨੇ ਕਾਲਕਾ-ਸਿਰਸਾ ਜੋੜੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਦੱਸਣ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਕਮੇਟੀ ਨੇ ਕਿੰਨੀ ਐੱਫ.ਡੀ.ਆਰ. ਕਰਵਾਈਆਂ ਹਨ? ਕਿਉਂਕਿ ਕਮੇਟੀ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪ੍ਰਬੰਧਕ ਕਮੇਟੀ ਦਾ 5 ਫੀਸਦੀ ਹਿੱਸਾ ਜੋਂ ਮੇਰੇ ਸਮੇਂ ਹਰ ਮਹੀਨੇ ਜਾਂਦਾ ਸੀ, ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਮੇਰੇ ਸਮੇਂ ‘ਤੇ ਸ਼ਤਾਬਦੀ ਮਨਾਉਣ ਤੋਂ ਲੈ ਕੇ ਕਮੇਟੀ ਨੇ ਹਰ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਸੀ। ਹੁਣ ਤਾਂ ਇਹ ਸੰਗਤਾਂ ਦੀ ਆਰ.ਟੀ.ਆਈ. ਦਾ ਜਵਾਬ ਦੇਣ ਲਈ ਵੀ ਤਿਆਰ ਨਹੀਂ ਹਨ, ਰੋਜ਼ਾਨਾ ਆਰ.ਟੀ.ਆਈ. ਅਪੀਲ ਅਥਾਰਟੀ ਸੀ.ਆਈ.ਸੀ. ‘ਚ ਇਨ੍ਹਾਂ ਨੂੰ ਝਾੜਾਂ ਪੈ ਰਹੀਆਂ ਹਨ। ਕਾਲਕਾ ਵੱਲੋਂ ਪਿਛਲੇ 3 ਮਹੀਨਿਆਂ ‘ਚ ਸਕੂਲਾਂ ਨੂੰ 13 ਕਰੋੜ ਰੁਪਏ ਦੇਣ ਦੇ ਕੀਤੇ ਗਏ ਦਾਅਵੇ ‘ਤੇ ਬੋਲਦਿਆਂ ਜੀਕੇ ਨੇ ਸਵਾਲ ਕੀਤਾ ਕਿ ਸਿਰਸਾ ਦੀ ਪ੍ਰਧਾਨਗੀ ਦੇ ਪਿਛਲੇ 36 ਮਹੀਨਿਆਂ ਦੇ 152 ਕਰੋੜ ਰੁਪਏ ਕਿੱਥੇ ਗਏ, ਇਹ ਵੀ ਕਾਲਕਾ ਨੂੰ ਦੱਸਣਾ ਚਾਹਿਦਾ ਹੈ ? ਕਿਉਂਕਿ ਸਰਕਾਰੀ ਗ੍ਰਾਂਟਾਂ ਨਾਲ ਸ਼ਤਾਬਦੀ ਮਨਾਉਣ ਵਾਲੇ ਕਾਲਕਾ ਦਿੱਲੀ ਕਮੇਟੀ ਦੇ ਪਹਿਲੇ ਪ੍ਰਧਾਨ ਹਨ ਜਿਨ੍ਹਾਂ ਨੇ ਸਰਕਾਰੀ ਖਰਚੇ ‘ਤੇ ਇਤਿਹਾਸਕ ਗੁਰਦੁਆਰਿਆਂ ‘ਤੇ ਰੋਸ਼ਨੀ ਕਰਵਾਉਣ ਦਾ ਟੈਂਡਰ ਜਾਰੀ ਕੀਤਾ ਸੀ।