ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿਖੇ ਸਿੱਖਜ਼ ਇਨ ਸਕਾਟਲੈਂਡ ਵੱਲੋਂ “ਰੈਲੀ ਫਾਰ ਜਸਟਿਸ” ਦਾ ਆਯੋਜਨ ਕੀਤਾ ਗਿਆ। ਨਿਆਂ ਪ੍ਰਾਪਤੀ ਦੇ ਬੈਨਰ ਹੇਠ ਹੋਈ ਇਸ ਰੈਲੀ ਵਿੱਚ 1984 ਦੇ ਸਮੂਹ ਸਿੰਘ ਸਿੰਘਣੀਆਂ, ਦੀਪ ਸਿੱਧੂ, ਸਿੱਧੂ ਮੂਸੇ ਵਾਲਾ, ਦੀ ਯਾਦ ਵਿੱਚ ਮੋਮਬੱਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਦੇ ਨਾਲ ਹੀ ਸਕਾਟਲੈਂਡ ਦੇ ਜੰਮਪਲ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਨੌਜਵਾਨ ਚਰਨਦੀਪ ਸਿੰਘ ਦੀ ਤਕਰੀਰ ਨਾਲ ਹੋਈ। ਇਸ ਉਪਰੰਤ ਗਲਾਸਗੋ ਸੈਂਟਰਲ ਤੋਂ ਮੈਂਬਰ ਪਾਰਲੀਮੈਂਟ ਐਲੀਸਨ ਥੈਊਲਿਸ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਸ਼ਰਨਦੀਪ ਸਿੰਘ, ਅਮਨਦੀਪ ਸਿੰਘ ਅਮਨ, ਕਿਰਨਦੀਪ ਕੌਰ, ਗੁਰਜੀਤ ਸਿੰਘ, ਰਣਵੀਰ ਸਿੰਘ, ਸੈਂਡੀ ਕੈਂਬੋ ਸਮੇਤ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਵਰ੍ਹਦੇ ਮੀਂਹ ਵਿੱਚ ਵੀ ਤਕਰੀਰਾਂ ਹੁੰਦੀਆਂ ਰਹੀਆਂ ਤੇ ਜੋਸ਼ੀਲੇ ਨਾਅਰੇ ਲੱਗਦੇ ਰਹੇ। 1984 ਦੇ ਸ਼ਹੀਦਾਂ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜੁੜੇ ਇਸ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦੇ ਗੀਤ ਬੰਬੀਹਾ ਬੋਲੇ ਤੇ ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ, ਇਹਦਾ ਉੱਠੂਗਾ ਜਵਾਨੀ ‘ਚ ਜਨਾਜ਼ਾ ਮਿੱਠੀਏ ਵੱਜਦੇ ਰਹੇ। ਸਮਾਗਮ ਦੇ ਪ੍ਰਬੰਧਕ ਚਰਨਦੀਪ ਸਿੰਘ ਨੇ ਕਿਹਾ ਕਿ ਸਮੂਹ ਸਿੱਖਾਂ ਨੂੰ ਸੁਹਿਰਦਤਾ ਨਾਲ ਇੱਕ ਮੰਚ ‘ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਸਮੇਂ ਇਤਿਹਾਸ ਯੂਕੇ ਸੰਸਥਾ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਵਿਕਰਮਜੀਤ ਸਿੰਘ, ਤਾਜ, ਹਰਜੀਤ ਸਿੰਘ, ਜੌਹਲ ਪਰਿਵਾਰ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਗਲਾਸਗੋ: “ਰੈਲੀ ਫਾਰ ਜਸਟਿਸ” ਦੌਰਾਨ 1984 ਦੇ ਸ਼ਹੀਦਾਂ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ
This entry was posted in ਅੰਤਰਰਾਸ਼ਟਰੀ.