ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪ੍ਰੀਤ ਵਿਹਾਰ ਵਿਚ ਲਗਾਏ ਗਏ ਸਮਰ ਕੈਂਪ ਵਿਚ ਵਿਦਿਆਰਥੀਆਂ ਨੂੰ ਗੁਰਮਤਿ ਸਿੱਖਿਆ ਤੇ ਕੋਮਲ ਕਲਾਵਾਂ ਦੀ ਸਿੱਖਲਾਈ ਦਿੱਤੀ ਗਈ ਹੈ। ਇਹ ਜਾਣਕਾਰੀ ਕਮੇਟੀ ਦੇ ਮੈਂਬਰ ਤੇ ਸੀਨੀਅਰ ਆਗੂ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੇ ਦਿੱਤੀ ਹੈ।
ਸਰਦਾਰ ਭੁੱਲਰ ਨੇ ਦੱਸਿਆ ਕਿ ਇਸ ਸਮਰ ਕੈਂਪ ਵਿਚ ਚਾਰ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੁੰ ਗੁਰਬਾਣੀ ਦੀ ਸਿੱਖਿਆ ਦੇਣ ਦੇ ਨਾਲ ਨਾਲ ਗੁਰੂ ਸਾਹਿਬਾਨ ਦੇ ਇਤਿਹਾਸ, ਗੁਰਮਤਿ ਵਿਦਿਆ ਅਤੇ ਡ੍ਰਾਇੰਗ ਤੇ ਹੋਰ ਕੋਮਲ ਕਲਾਵਾਂ ਦੀ ਸਿੱਖਿਆ ਦਿੱਤੀ ਗਈ।
ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਬਹੁਤ ਹੀ ਜੋਸ਼ੋ ਖਰੋਸ਼ ਨਾਲ ਇਸ ਕੈਂਪ ਵਿਚ ਹਿੱਸਾ ਲਿਆ ਤੇ ਸਿੱਖਲਾਈ ਹਾਸਲ ਕੀਤੀ। ਉਹਨਾਂ ਦੱਸਿਆ ਕਿ ਡ੍ਰਾਇੰਗ ਦੇ ਵਿਦਿਆਰਥੀਆਂ ਨੇ ਸਿੱਖੀ ਨਾਲ ਸਬੰਧਤ ਕੱਕਾਰਾਂ ਦੀਆਂ ਕਲਾਕ੍ਰਿਤੀਆਂ ਵੀ ਬਣਾਈਆਂ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਟਾਫ ਦੇ ਨਾਲ ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੇ ਵੀ ਵੱਡਮੁੱਲਾ ਸਹਿਯੋਗ ਦਿੱਤਾ। ਕਮੇਟੀ ਵੱਲੋਂ ਸਰਦਾਰ ਭੁਪਿੰਦਰ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੁੰ ਸਿੱਖਲਾਈ ਦੇਣ ਵਾਲਿਆਂ ਨੁੰ ਸਿਰੋਪਾਓ ਦੀ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ।